ਹੁਣ ਕੰਪਿਊਟਰ ਤੋਂ ਵੀ ਭੇਜ ਸਕੋਗੇ SMS, ਲਾਂਚ ਹੋਇਆ ਗੂਗਲ ਦਾ ਐਂਡਰਾਇਡ ਮੈਸੇਜ

06/19/2018 2:39:52 PM

ਜਲੰਧਰ— ਵਟਸਐਪ, ਹੈਂਗਆਊਟਸ ਅਤੇ ਟੈਲੀਗ੍ਰਾਮ ਵਰਗੀਆਂ ਐਪਸ ਭਲੇ ਹੀ ਲੋਕਾਂ 'ਚ ਕਾਫੀ ਲੋਕਪ੍ਰਿਅ ਹਨ ਪਰ ਇਨ੍ਹਾਂ ਦੇ ਨਾਲ ਇਕ ਸਮੱਸਿਆ ਹੈ ਕਿ ਇਹ ਇੰਟਰਨੈੱਟ ਨਾ ਹੋਣ 'ਤੇ ਕਿਸੇ ਕੰਮ ਦੀਆਂ ਨਹੀਂ ਰਹਿੰਦੀਆਂ। ਉਥੇ ਹੀ ਭਾਰਤ ਵਰਗੇ ਦੇਸ਼ 'ਚ ਜਿਥੇ ਇੰਟਰਨੈੱਟ ਨੂੰ ਲੈ ਕੇ ਇੰਨੀਆਂ ਸਮੱਸਿਆਵਾਂ ਹਨ, ਉਥੇ ਐਂਡਰਾਇਡ ਮੈਸੇਜਿੰਗ ਐਪ ਰਾਹੀਂ ਗਲਬਾਤ ਅਜੇ ਵੀ ਸੁਵਿਧਾਜਨਕ ਹੈ। ਭਲੇ ਹੀ ਇੰਟਰਨੈੱਟ ਨਾ ਹੋਵੇ ਪਰ ਤੁਸੀਂ ਆਪਣੇ ਸਮਾਰਟਫੋਨ ਤੋਂ ਕਿਸੇ ਨੂੰ ਵੀ ਸਿੰਪਲ ਟੈਕਸਟ ਮੈਸੇਜ ਤਾਂ ਕਰ ਹੀ ਸਕਦੇ ਹੋ। ਇਸ ਕਾਰਨ ਹੀ ਹੁਣ ਵੀ ਅਸੀਂ ਇਸ ਐਪ ਦਾ ਇਸਤੇਮਾਲ ਕਰਦੇ ਹਾਂ ਅਤੇ ਕਈ ਹਾਲਾਤਾਂ 'ਚ ਇਹ ਜ਼ਿਆਦਾ ਭਰੋਸੇਮੰਦ ਸਾਬਤ ਹੁੰਦੀ ਹੈ। 

ਗੂਗਲ ਨੇ ਇਸ ਨੂੰ ਹੋਰ ਵੀ ਬਿਹਤਰ ਬਣਾਉਣ ਦੇ ਕਾਰਨਾਂ ਨੂੰ ਧਿਆਨ 'ਚ ਰੱਖਦੇ ਹੋਏ ਐਂਡਰਾਇਡ ਮੈਸੇਜਿਸ ਲਈ ਡੈਕਸਟਾਪ ਬ੍ਰਾਊਜ਼ਰ ਸਪੋਰਟ ਜਾਰੀ ਕਰ ਦਿੱਤੀ ਹੈ। ਮਤਲਬ ਕਿ ਹੁਣ ਆਪਣੇ ਐਂਡਰਾਇਡ ਸਮਾਰਟਫੋਨ ਦੀ ਮੈਸੇਜਿੰਗ ਐਪ ਦਾ ਇਸਤੇਮਾਲ ਕੰਪਿਊਟਰ 'ਚ ਵੀ ਕਰ ਸਕਦੇ ਹੋ। ਜਿਸ ਤਹਿਤ ਕੰਪਿਊਟਰ 'ਚ ਇਸ ਐਪ ਦੇ ਇਸਤੇਮਾਲ ਨਾਲ ਯੂਜ਼ਰਸ ਮੈਸੇਜਿਸ ਭੇਜ ਸਕਦੇ ਹਨ ਅਤੇ ਰਿਸੀਵ ਹੋਏ ਮੈਸੇਜ ਵੀ ਦੇਖ ਸਕਦੇ ਹਨ। 
ਗੂਗਲ ਨੇ ਆਪਣੇ ਬਲਾਗ ਪੋਸਟ ਰਾਹੀਂ ਇਸ ਦਾ ਐਲਾਨ ਕੀਤਾ ਹੈ ਅਤੇ ਕੰਪਨੀ ਨੇ ਆਪਣੀ ਇਸ ਐਪ ਲਈ ਇਹ ਸਪੋਰਟ ਮੰਗਲਵਾਰ ਤੋਂ ਜਾਰੀ ਕਰ ਦਿੱਤਾ ਹੈ, ਜੋ ਕਿ ਆਉਣ ਵਾਲੇ ਪੂਰੇ ਹਫਤੇ ਤਕ ਚਾਲੂ ਰਹੇਗਾ। ਜਿਸ ਦਾ ਮਤਲਬ ਹੈ ਕਿ ਇਹ ਨਵੀਂ ਅਪਡੇਟ ਯੂਜ਼ਰਸ ਨੂੰ ਹੌਲੀ-ਹੌਲੂ ਅਗਲੇ ਹਫਤੇ ਦੇ ਅੰਤ ਤਕ ਮਿਲ ਜਾਵੇਗਾ। ਉਥੇ ਹੀ ਇਸ ਐਪ ਨੂੰ ਆਪਣੇ ਕੰਪਿਊਟਰ 'ਚ ਇਸਤੇਮਾਲ ਕਰਨ ਦਾ ਬਹੁਤ ਹੀ ਆਸਾਨ ਤਰੀਕਾ ਹੈ, ਜਿਵੇਂ ਕਿ ਅਸੀਂ ਵਟਸਐਪ ਵੈੱਬ 'ਚ ਲਾਗ-ਇੰਨ ਕਰਦੇ ਹਾਂ। ਇਸ ਐਪ 'ਚ ਤੁਹਾਨੂੰ 'ਮੈਸੇਜਿਸ ਫਾਰ ਵੈੱਬ' ਦਾ ਇਕ ਆਪਸ਼ਨ ਮਿਲੇਗਾ ਜਿਸ ਵਿਚ ਕਿਊ.ਆਰ. ਕੋਡ ਨੂੰ ਸਕੈਨ ਕਰਨਾ ਹੋਵੇਗਾ ਅਤੇ ਇਹ ਐਪ ਸਿੱਧਾ ਤੁਹਾਡੇ ਕੰਪਿਊਟਰ 'ਚ ਖੁਲ੍ਹ ਜਾਵੇਗੀ। 

PunjabKesari

ਗੂਗਲ ਨੇ ਜਾਰੀ ਕੀਤੇ ਨਵੇਂ ਫੀਚਰਸ
ਇਸ ਤੋਂ ਇਲਾਵਾ ਗੂਲਲ ਨੇ ਐਂਡਰਾਇਡ ਮੈਸੇਜਿੰਗ ਐਪ ਲਈ ਕਈ ਹੋਰ ਫੀਚਰਸ ਵੀ ਜਾਰੀ ਕੀਤੇ ਹਨ, ਜਿਸ ਵਿਚ ਹੁਣ ਤੋਂ ਇਸ ਐਪ 'ਚ ਯੂਜ਼ਰਸ ਮੈਸੇਜ 'ਚ ਜਿਫ ਵੀ ਸੈਂਡ ਕਰ ਸਕਣਗੇ। ਇਸ ਦੇ ਨਾਲ ਹੀ ਹੁਣ ਤੋਂ ਸਮਾਰਟ ਰਿਪਲਾਈ ਦੀ ਸੁਵਿਧਾ ਯੂਜ਼ਰਸ ਨੂੰ ਮਿਲੇਗੀ, ਜਿਸ ਨਾਲ ਯੂਜ਼ਰਸ ਦੇ ਸਮੇਂ ਦੀ ਬਚਤ ਹੋਵੇਗੀ ਅਤੇ 'ਸਮਾਰਟ ਰਿਪਲਾਈ ਸੁਜੇਸ਼ਨ' ਨਾਲ ਆਟੋਮੈਟਿਕਲੀ ਮੈਸੇਜ ਚਲਾ ਜਾਵੇਗਾ। ਇਹ ਫੀਚਰ ਫਿਲਹਾਲ ਇੰਗਲਿਸ਼ 'ਚ ਹੀ ਉਪਲੱਬਧ ਹੋਵੇਗਾ ਪਰ ਕੰਪਨੀ ਜਲਦੀ ਹੀ ਆਉਣ ਵਾਲੇ ਸਮੇਂ 'ਚ ਇਸ ਵਿਚ ਹੋਰ ਭਾਸ਼ਾਵਾਂ ਲਈ ਵੀ ਸਪੋਰਟ ਪੇਸ਼ ਕਰੇਗੀ। 

ਇਸ ਫੀਚਰ ਤੋਂ ਇਲਾਵਾ ਯੂਜ਼ਰਸ ਨੂੰ ਹੁਣ ਤੋਂ ਆਪਣੀ ਚੈਟ 'ਚ ਲਿੰਕਸ ਦਾ ਪ੍ਰੀਵਿਊ ਵੀ ਦੇਖਣ ਨੂੰ ਮਿਲੇਗਾ। ਜਿਵੇਂ- ਜੇਕਰ ਤੁਹਾਨੂੰ ਕਿਸੇ ਦੋਸਤ ਨੇ ਕੋਈ ਲਿੰਕ ਭੇਜਿਆ ਹੈ ਅਤੇ ਤੁਹਾਨੂੰ ਨਹੀਂ ਪਤਾ ਕਿ ਇਹ ਕਿਸ ਬਾਰੇ ਹੈ ਤਾਂ ਇਸ ਤਹਿਤ ਹੁਣ ਤੋਂ ਚੈਟ 'ਚ ਲਿੰਕ ਦਾ ਇਕ ਛੋਟਾ ਜਿਹਾ ਪ੍ਰੀਵਿਊ ਉਥੇ ਦਿੱਤਾ ਗਿਆ ਹੋਵੇਗਾ। ਜਿਸ ਨਾਲ ਯੂਜ਼ਰਸ ਲਈ ਆਸਾਨੀ ਹੋਵੇਗੀ ਕਿ ਉਹ ਉਨ੍ਹਾਂ ਦੇ ਕੰਮ ਦਾ ਹੈ ਜਾਂ ਨਹੀ। 

ਇਸ ਦੇ ਇਕ ਹੋਰ ਫੀਚਰ ਦੀ ਗੱਲ ਕਰੀਏ ਤਾਂ ਇਸ ਦੀ ਮਦਦ ਨਾਲ ਯੂਜ਼ਰਸ ਹੁਣ ਤੋਂ ਸਿਰਫ ਇਕ ਟੈਪ ਦੀ ਮਦਦ ਨਾਲ ਹੀ ਵਨ-ਟਾਈਮ ਪਾਸਵਰਡਸ ਨੂੰ ਕਾਪੀ ਕਰ ਸਕਣਗੇ।  ਮਤਲਬ ਕਿ ਤੁਹਾਨੂੰ ਹੁਣ ਤੋਂ ਪਾਸਵਰਡ ਕਾਪੀ ਕਰਨ ਲਈ ਕਿਸੇ ਐਪ ਤੋਂ ਬਾਹਰ ਨਹੀਂ ਜਾਣਾ ਹੋਵੇਗਾ, ਨੋਟੀਫਿਕੇਸ਼ਨ 'ਚ ਦਿਸ ਰਹੇ ਮੈਸੇਜ ਨਾਲ ਹੀ ਤੁਸੀਂ ਉਸ ਪਾਸਵਰਡ ਨੂੰ ਕਾਪੀ ਕਰ ਸਕੋਗੇ।


Related News