ਬਿਹਤਰ ਤੇ ਭ੍ਰਿਸ਼ਟਾਚਾਰ-ਮੁਕਤ ਪ੍ਰਸ਼ਾਸਨ ਲਈ ''ਖੁਸ਼ਹਾਲੀ ਦੇ ਰਾਖੇ'' ਅਹਿਮ ਭੂਮਿਕਾ ਨਿਭਾਉਣ : ਸ਼ੇਰਗਿੱਲ

06/19/2018 2:27:54 PM

ਪਟਿਆਲਾ (ਰਾਜੇਸ਼, ਰਾਣਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਅਤੇ ਪੰਜਾਬ ਸਰਕਾਰ ਦੀ ਫਲੈਗਸ਼ਿਪ ਸਕੀਮ 'ਗਾਰਡੀਅਨਜ਼ ਆਫ਼ ਗਵਰਨੈਂਸ' ਦੇ ਸੀਨੀਅਰ ਵਾਈਸ ਚੇਅਰਮੈਨ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਟੀ. ਐੈੱਸ. ਸ਼ੇਰਗਿੱਲ ਪੀ. ਵੀ. ਐੈੱਸ. ਐੈੱਮ. ਅੱਜ ਨਾਭਾ ਤਹਿਸੀਲ ਦੇ 57 ਪਿੰਡਾਂ 'ਚ ਤਾਇਨਾਤ 'ਖੁਸ਼ਹਾਲੀ ਦੇ ਰਾਖਿਆਂ' ਨਾਲ ਮੀਟਿੰਗ ਕਰਨ ਲਈ ਨਾਭਾ ਵਿਖੇ ਪੁੱਜੇ।
ਇਸ ਸਕੀਮ ਨੂੰ ਸ਼ੁਰੂ ਕਰਨ ਪਿੱਛੇ ਮੁੱਖ ਮੰਤਰੀ ਦੀ ਸੋਚ ਤੋਂ ਜਾਣੂ ਕਰਵਾਉਂਦਿਆਂ ਸ਼੍ਰੀ ਸ਼ੇਰਗਿੱਲ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਲੋਕਾਂ ਦੇ ਮਨਾਂ ਅੰਦਰ ਈਮਾਨਦਾਰੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਚਾਹੁੰਦੇ ਹਨ ਤਾਂ ਜੋ ਪੰਜਾਬ ਨੂੰ ਮੁੜ ਤੋਂ ਇਕ ਨੰਬਰ ਦਾ ਸੂਬਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਿਹਤਰ ਤੇ ਭ੍ਰਿਸ਼ਟਾਚਾਰ-ਮੁਕਤ ਪ੍ਰਸ਼ਾਸਨ ਲਈ 'ਖੁਸ਼ਹਾਲੀ ਦੇ ਰਾਖੇ' ਅਹਿਮ ਭੂਮਿਕਾ ਨਿਭਾਉਣ। 
ਇਸੇ ਦੌਰਾਨ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੌਤ ਵੀ ਪੁੱਜੇ ਅਤੇ 'ਖੁਸ਼ਹਾਲੀ ਦੇ ਰਾਖੇ' ਸਕੀਮ ਦੀ ਸ਼ਲਾਘਾ ਕਰਦਿਆਂ ਇਨ੍ਹਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਨੂੰ ਪ੍ਰਸ਼ਾਸਨ ਅਤੇ ਸਰਕਾਰ ਚਲਾਉਣ ਲਈ ਅਹਿਮ ਦੱਸਿਆ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਆਉਣ ਨਾਲ ਨਾ ਸਿਰਫ ਭਲਾਈ ਸਕੀਮਾਂ ਸਹੀ ਤਰੀਕੇ ਨਾਲ ਲਾਗੂ ਹੋ ਰਹੀਆਂ ਹਨ, ਸਗੋਂ ਇਨ੍ਹਾਂ ਦਾ ਲਾਭ ਵੀ ਸਹੀ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਣਾ ਯਕੀਨੀ ਬਣਾਇਆ ਜਾ ਰਿਹਾ ਹੈ।
ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਟੀ. ਐੈੱਸ. ਸ਼ੇਰਗਿੱਲ ਨੇ ਦੱਸਿਆ ਕਿ ਹੁਣ ਤੱਕ ਪਟਿਆਲਾ ਜ਼ਿਲੇ ਦੇ 151 ਪਿੰਡਾਂ 'ਚ 'ਖੁਸ਼ਹਾਲੀ ਦੇ ਰਾਖੇ' ਤਾਇਨਾਤ ਹੋ ਚੁੱਕੇ ਹਨ। ਬਾਕੀ ਪਿੰਡਾਂ 'ਚ ਇਨ੍ਹਾਂ ਦੀ ਤਾਇਨਾਤੀ ਦਾ ਕੰਮ ਚੱਲ ਰਿਹਾ ਹੈ। 'ਖੁਸ਼ਹਾਲੀ ਦੇ ਰਾਖੇ' ਸਰਕਾਰ ਦੀਆਂ 20 ਦੇ ਕਰੀਬ ਲੋਕ ਭਲਾਈ ਸਕੀਮਾਂ 'ਤੇ ਬਾਰੀਕੀ ਨਾਲ ਨਜ਼ਰ ਰਖਦੇ ਹਨ। ਇਸ ਦੀ ਹਾਂ-ਪੱਖੀ ਜਾਂ ਕਮੀਆਂ-ਪੇਸ਼ੀਆਂ ਦੀ ਸੁਤੰਤਰ ਰਿਪੋਰਟ ਇਕ ਐਪ ਜ਼ਰੀਏ ਮੁੱਖ ਮੰਤਰੀ ਦਫ਼ਤਰ 'ਚ 24 ਘੰਟੇ ਕਾਰਜਸ਼ੀਲ ਕੰਟਰੋਲ ਰੂਮ ਤੱਕ ਪਹੁੰਚਾਉਂਦੇ ਹਨ। ਇਸ ਦੀ ਮੋਨੀਟਰਿੰਗ ਮੁੱਖ ਮੰਤਰੀ ਖ਼ੁਦ ਅਤੇ ਉਹ ਕਰਦੇ ਹਨ, ਜਿਸ ਦੀ ਸੂਚਨਾ ਸਬੰਧਤ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਵੀ ਮਿਲਦੀ ਹੈ, ਜਿਸ ਨਾਲ ਇਸ ਸਕੀਮ ਦਾ ਆਮ ਲੋਕਾਂ ਨੂੰ ਬਹੁਤ ਲਾਭ ਮਿਲਣ ਦੇ ਨਾਲ-ਨਾਲ ਸਰਕਾਰ ਤੱਕ ਜ਼ਮੀਨੀ ਪੱਧਰ ਦੀ ਫੀਡਬੈਕ ਵੀ ਪੁੱਜ ਰਹੀ ਹੈ।
ਇਸ ਸਮੇਂ ਸਕੀਮ ਦੇ ਜ਼ਿਲਾ ਮੁਖੀ ਮੁਖੀ ਬ੍ਰਿਗੇਡੀਅਰ ਡੀ. ਐੈੱਸ. ਗਰੇਵਾਲ ਨੇ ਵੀ ਸੰਬੋਧਨ ਕੀਤਾ। ਐੈੱਸ. ਡੀ. ਐੈੱਮ. ਨਾਭਾ ਜਸ਼ਨਪ੍ਰੀਤ ਕੌਰ ਨੇ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦੁਆਇਆ ਕਿ 'ਖੁਸ਼ਹਾਲੀ ਦੇ ਰਾਖਿਆਂ' ਵੱਲੋਂ ਜਿਹੜੀ ਵੀ ਸੂਚਨਾ ਉਨ੍ਹਾਂ ਕੋਲ ਆਵੇਗੀ, ਉਸ 'ਤੇ ਪੂਰੀ ਈਮਾਨਦਾਰੀ ਨਾਲ ਤੁਰੰਤ ਕਾਰਵਾਈ ਕਰ ਕੇ ਨਿਪਟਾਰਾ ਕੀਤਾ ਜਾਵੇਗਾ। ਮੀਟਿੰਗ 'ਚ ਕਰਨਲ ਐੈੱਨ. ਐੈੱਸ. ਸਿੱਧੂ, ਤਹਿਸੀਲ ਨਾਭਾ ਮੁਖੀ ਕਰਨਲ ਜੇ. ਬੀ. ਸਿੰਘ, ਡੀ. ਐੈੱਸ. ਪੀ. ਨਾਭਾ ਚੰਦ ਸਿੰਘ, ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਨੁਮਾਇੰਦੇ ਅਤੇ ਹੋਰ ਵਿÎਭਾਗਾਂ ਦੇ ਅਧਿਕਾਰੀਆਂ ਸਮੇਤ ਸਰਪੰਚ, ਨੰਬਰਦਾਰ ਤੇ ਪਤਵੰਤੇ ਵੀ ਹਾਜ਼ਰ ਸਨ।


Related News