ਟਰੰਪ ਪ੍ਰਸ਼ਾਸਨ ਨੇ ਆਪਣੀ ਸਰਹੱਦੀ ਨੀਤੀ ਦਾ ਕੀਤਾ ਬਚਾਅ, ਡੈਮੋਕ੍ਰੇਟਸ ਨੂੰ ਠਹਿਰਾਇਆ ਜ਼ਿੰਮੇਵਾਰ

06/19/2018 2:23:17 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਸਰਹੱਦ 'ਤੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕਰਨ ਦੀ ਵਿਵਾਦਮਈ ''ਜ਼ੀਰੋ ਟੋਲਰੈਂਸ'' ਸਰਹੱਦੀ ਨੀਤੀ ਦਾ ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਬਚਾਅ ਕੀਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਡੈਮਕ੍ਰੇਟਸ ਮੌਜੂਦਾ ਇਮੀਗ੍ਰੇਸ਼ਨ ਸੰਕਟ ਦਾ ਸਮੁੱਚੇ ਤੌਰ 'ਤੇ ਹੱਲ ਨਹੀਂ ਚਾਹੁੰਦੇ ਹਨ। ਹੋਮਲੈਂਡ ਸੁਰੱਖਿਆ ਵਿਭਾਗ ਮੁਤਾਬਕ ਰਾਸ਼ਟਰਪਤੀ ਡੋਨਾਲਡ ਟਰੰਪ ਦੀ ''ਜ਼ੀਰੋ ਟੋਲਰੈਂਸ'' ਇਮੀਗ੍ਰੇਸ਼ਨ ਨੀਤੀ ਦੇ ਤਹਿਤ ਇਸ ਸਾਲ 19 ਅਪ੍ਰੈਲ ਤੋਂ 31 ਮਈ ਵਿਚਕਾਰ ਕਰੀਬ 2000 ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਅਤੇ ਗਾਰਡੀਅਨ ਤੋਂ ਵੱਖ ਕਰ ਕੇ ਵਿਸ਼ੇਸ਼ ਕੇਂਦਰਾਂ ਵਿਚ ਰੱਖਿਆ ਗਿਆ ਹੈ। ਅਜਿਹੇ ਜ਼ਿਆਦਾਤਰ ਕੇਂਦਰ ਹਸਪਤਾਲਾਂ, ਗੋਦਾਮਾਂ ਆਦਿ ਦੀਆਂ ਪੁਰਾਣੀਆਂ ਪੈ ਚੁੱਕੀਆਂ ਇਮਾਰਤਾਂ ਹਨ। ਇਕ ਕੇਂਦਰ ਰੇਗਿਸਤਾਨ ਵਿਚ ਕੈਂਪ ਲਗਾ ਕੇ ਬਣਾਇਆ ਗਿਆ ਹੈ। 
ਵ੍ਹਾਈਟ ਹਾਊਸ ਵਿਚ ਪੱਤਰਕਾਰ ਸੰਮੇਲਨ ਦੌਰਾਨ ਹੋਮਲੈਂਡ ਸੁਰੱਖਿਆ ਵਿਭਾਗ ਦੀ ਮੰਤਰੀ ਕੇ. ਨੀਲਸਨ ਨੇ ਕਿਹਾ,''ਸਪਸ਼ੱਟ ਕਰ ਦਵਾਂ ਕਿ ਇਹ ਕੋਈ ਨਵਾਂ ਸੰਕਟ ਨਹੀਂ ਹੈ। ਇਹ ਦਹਾਕਿਆਂ ਤੋਂ ਹੋ ਰਿਹਾ ਹੈ ਅਤੇ ਇਸ ਦਾ ਦਾਇਰਾ ਵੱਧਦਾ ਜਾ ਰਿਹਾ ਹੈ। ਪਰ ਵਰਤਮਾਨ ਵਿਚ ਇਹ ਸਾਡੇ ਫੈਡਰਲ ਇਮੀਗ੍ਰੇਸ਼ਨ ਕਾਨੂੰਨ ਵਿਚ ਮੌਜੂਦ ਕਮੀਆਂ ਦਾ ਨਤੀਜਾ ਹੈ। ਜੋ ਗੈਰ ਕਾਨੂੰਨੀ ਤਰੀਕੇ ਨਾਲ ਦੇਸ਼ ਵਿਚ ਦਾਖਲ ਹੋਣ ਵਾਲੇ ਨਾਬਾਲਗਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਹਿਰਾਸਤ ਵਿਚ ਲੈਣ ਅਤੇ ਉਨ੍ਹਾਂ ਨੂੰ ਦੇਸ਼ ਵਾਪਸ ਭੇਜਣ ਤੋਂ ਰੋਕਦੇ ਹਨ।'' ਉਨ੍ਹਾਂ ਨੇ ਕਿਹਾ ਕਿ ਦੂਜੇ ਸ਼ਬਦਾਂ ਵਿਚ ਕਹੀਏ ਤਾਂ ਕਾਨੂੰਨ ਵਿਚ ਕਮੀਆਂ ਕਾਰਨ ਅਸਲੀਅਤ ਵਿਚ ਸਰਹੱਦਾਂ ਖਤਮ ਹੋ ਜਾਂਦੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਿਰਾਸਤ ਵਿਚ ਲੈਣ ਅਤੇ ਵਾਪਸ ਭੇਜਣ ਦੇ ਅਧਿਕਾਰਾਂ ਦੇ ਬਿਨਾਂ ਕਿਸੇ ਨੂੰ ਸਿਰਫ ਰੋਕ ਲੈਣਾ ਸੀਮਾ ਸੁਰੱਖਿਆ ਨਹੀਂ ਹੈ। ਨੀਲਸਨ ਨੇ ਕਿਹਾ,''ਅਸੀਂ ਬਾਰ-ਬਾਰ ਸੰਸਦ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਕਮੀਆਂ ਨੂੰ ਦੂਰ ਕਰੇ।''


Related News