ਅਮਰੀਕਾ-ਚੀਨ ਵਿਚਕਾਰ ''ਟਰੇਡ ਵਾਰ'' ਹੋਈ ਤੇਜ਼, ਟਰੰਪ ਨੇ ਦਿੱਤੀ ਇਕ ਹੋਰ ਧਮਕੀ

06/19/2018 2:13:31 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨਾਲ ਵਪਾਰ ਯੁੱਧ ਭਾਵ 'ਟਰੇਡ ਵਾਰ' ਨੂੰ ਹੋਰ ਤੇਜ਼ ਕਰ ਦਿੱਤਾ ਹੈ। ਟਰੰਪ ਨੇ ਚੀਨ ਦੇ 200 ਅਰਬ ਡਾਲਰ ਦੇ ਸਮਾਨ 'ਤੇ 10 ਫੀਸਦੀ ਤੋਂ ਵਧੇਰੇ ਟੈਕਸ ਲਗਾਉਣ ਦੀ ਯੋਜਨਾ ਦਾ ਖੁਲ੍ਹਾਸਾ ਕੀਤਾ ਹੈ। ਉੱਥੇ ਹੀ ਚੀਨ ਨੇ ਅਮਰੀਕਾ ਦੀ ਇਸ ਯੋਜਨਾ ਨੂੰ 'ਬਲੈਕਮੇਲ' ਕਰਾਰ ਦਿੰਦੇ ਹੋਏ ਕਿਹਾ ਕਿ ਉਹ ਵੀ ਇਸ ਦੇ ਜਵਾਬ 'ਚ ਕਦਮ ਚੁੱਕਣ ਲਈ ਤਿਆਰ ਹੈ। ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ 'ਚ ਮਤਭੇਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਹੁਣ ਟਰੰਪ ਨੇ ਕਿਹਾ ਕਿ ਉਹ ਚੀਨ ਵੱਲੋਂ ਟੈਕਸ ਵਧਾਏ ਜਾਣ ਦੇ ਕਦਮ ਦੇ ਖਿਲਾਫ ਨਵੇਂ ਟੈਕਸ ਲਗਾਉਣ ਜਾ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਨੇ ਬਿਆਨ 'ਚ ਕਿਹਾ ਕਿ ਚੀਨ ਦੇ ਗਲਤ ਵਿਵਹਾਰ ਨੂੰ ਰੋਕਣ ਲਈ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਚੀਨ 'ਤੇ ਆਪਣੇ-ਆਪਣੇ ਗਲਤ ਵਿਵਹਾਰ 'ਚ ਬਦਲਾਅ ਲਿਆਉਣ, ਅਮਰੀਕਾ ਦੇ ਉਤਪਾਦਾਂ ਲਈ ਆਪਣੇ ਬਾਜ਼ਾਰਾਂ ਨੂੰ ਖੋਲ੍ਹਣ ਅਤੇ ਸਾਡੇ ਨਾਲ ਸੰਤੁਲਿਤ ਵਪਾਰ ਸੰਬੰਧ ਕਾਇਮ ਕਰਨ ਦਾ ਦਬਾਅ ਪਵੇਗਾ। ਟਰੰਪ ਨੇ ਕਿਹਾ ਕਿ ਜੇਕਰ ਚੀਨ ਆਪਣੇ ਟੈਕਸਾਂ ਨੂੰ ਹੋਰ ਵਧਾਉਂਦਾ ਹੈ ਤਾਂ ਚੀਨ ਦੇ 200 ਅਰਬ ਡਾਲਰ ਦੇ ਸਮਾਨ 'ਤੇ ਵਧੇਰੇ 10 ਫੀਸਦੀ ਦਾ ਟੈਕਸ ਲਗਾਉਣ ਦੇ ਕਦਮ 'ਤੇ ਅੱਗੇ ਵਧਿਆ ਜਾਵੇਗਾ।
ਇਸ ਤੋਂ ਪਹਿਲਾਂ ਅਮਰੀਕਾ ਨੇ ਚੀਨ ਦੇ 50 ਅਰਬ ਡਾਲਰ ਦੇ ਸਮਾਨ ਅਤੇ ਉਤਪਾਦਾਂ 'ਤੇ 25 ਫੀਸਦੀ ਟੈਕਸ ਲਗਾਉਣ ਦੀ ਘੋਸ਼ਣਾ ਕੀਤੀ ਸੀ। ਇਸ ਦੇ ਬਾਅਦ ਚੀਨ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਅਮਰੀਕਾ ਦੇ 50 ਅਰਬ ਡਾਲਰ ਦੇ ਸਮਾਨ 'ਤੇ 25 ਫੀਸਦੀ ਟੈਕਸ ਲਗਾਉਣ ਦੀ ਘੋਸ਼ਣਾ ਕੀਤੀ। ਉੱਥੇ ਹੀ ਬੀਜਿੰਗ ਤੋਂ ਮਿਲੀ ਖਬਰ ਮੁਤਾਬਕ ਚੀਨ ਨੇ ਅਮਰੀਕਾ ਵੱਲੋਂ ਉਸ ਦੇ 200 ਅਰਬ ਡਾਲਰਾਂ ਦੇ ਉਤਪਾਦਾਂ 'ਤੇ 10 ਫੀਸਦੀ ਦਾ ਹੋਰ ਟੈਕਸ ਲਗਾਉਣ ਦੀ ਯੋਜਨਾ ਨੂੰ 'ਬਲੈਕਮੇਲ' ਕਰਾਰ ਦਿੱਤਾ ਹੈ। ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਵੱਲੋਂ ਜੋ ਬਲੈਕਮੇਲ ਅਤੇ ਦਬਾਅ ਪਾਉਣ ਦਾ ਕਦਮ ਉਠਾਇਆ ਜਾ ਰਿਹਾ ਹੈ, ਉਹ ਦੋਹਾਂ ਪੱਖਾਂ ਵਿਚਕਾਰ ਕਈ ਦੌਰ ਦੀ ਗੱਲਬਾਤ ਮਗਰੋਂ ਬਣੀ ਸਹਿਮਤੀ ਦੇ ਵਿਵਹਾਰ ਤੋਂ ਉਲਟ ਹੈ।


Related News