ਬਰਗਰ ਵੇਚਣ ਵਾਲੇ ਦਾ 'ਸਿੱਖੀ' ਲਈ ਅਨੋਖਾ ਉਪਰਾਲਾ, ਜਾਣ ਹੋ ਜਾਵੋਗੇ ਹੈਰਾਨ (ਵੀਡੀਓ)

06/20/2018 9:38:00 AM

ਲੁਧਿਆਣਾ (ਨਰਿੰਦਰ) : ਭਾਵੇਂ ਹੀ ਅਰਬਾਂ ਰੁਪਿਆਂ ਦੇ ਬਜਟ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੱਚਿਆਂ ਨੂੰ ਸਿੱਖ ਧਰਮ ਪ੍ਰਤੀ ਪਰਿਪੱਕ ਕਰਨ ਲਈ ਉੱਚ ਪੱਧਰ 'ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਲੁਧਿਆਣਾ 'ਚ ਬਰਗਰਾਂ ਦੀ ਰੇਹੜੀ ਲਾਉਣ ਵਾਲੇ ਵਲੋਂ ਆਪਣੇ ਹੀ ਪੱਧਰ 'ਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਨਾਲ ਅਨੋਖਾ ਉਪਰਾਲਾ ਕੀਤਾ ਜਾ ਰਿਹਾ ਹੈ। ਆਪਣੀ ਇਸ ਕੋਸ਼ਿਸ਼ ਦੇ ਚੱਲਦਿਆਂ ਮਾਡਲ ਟਾਊਨ ਐਕਸਟੈਂਸ਼ਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਬਾਹਰ ਸਥਿਤ 'ਮਿਸਟਰ ਸਿੰਘ ਕਿੰਗ ਬਰਗਰ' ਦੇ ਨਾਂ 'ਤੇ ਰੇਹੜੀ ਲਾਉਣ ਵਾਲਾ ਰਵਿੰਦਰ ਪਾਲ ਸਿੰਘ ਸੋਸ਼ਲ ਮੀਡੀਆ 'ਤੇ 'ਬਾਬਾ ਜੀ ਬਰਗਰ ਵਾਲੇ' ਦੇ ਨਾਂ ਨਾਲ ਮਸ਼ਹੂਰ ਹੋ ਗਿਆ ਹੈ। 
ਇਸ ਅਨੋਖੇ ਉਪਰਾਲੇ ਸਦਕਾ 10 ਸਾਲ ਤੱਕ ਦੇ ਜਿਹੜੇ ਬੱਚੇ ਸ੍ਰੀ ਜਪੁਜੀ ਸਾਹਿਬ ਦਾ ਪਾਠ ਸੁਣਾਉਂਦੇ ਹਨ, ਉਨ੍ਹਾਂ ਨੂੰ ਰਵਿੰਦਰ ਸਿੰਘ ਮੁਫਤ 'ਚ ਬਰਗਰ ਖਿਲਾਉਂਦਾ ਹੈ। ਇਹ ਸੇਵਾ ਉਹ ਪਿਛਲੇ 6 ਸਾਲਾਂ ਤੋਂ ਕਰ ਰਿਹਾ ਹੈ ਅਤੇ ਹੁਣ ਤੱਕ ਕਰੀਬ 35 ਬੱਚਿਆਂ ਨੂੰ ਸ੍ਰੀ ਜਪੁਜੀ ਸਾਹਿਬ 'ਚ ਨਿਪੁੰਨ ਕਰ ਚੁੱਕਾ ਹੈ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਅੰਗ ਸੁਣਾਉਣ ਵਾਲੇ ਬੱਚਿਆਂ ਨੂੰ ਵੀ ਉਹ ਮੁਫਤ 'ਚ ਬਰਗਰ ਦਿੰਦਾ ਹੈ ਅਤੇ ਗਰੀਬ ਬੱਚਿਆਂ ਨੂੰ ਵੀ ਮੁਫਤ 'ਚ ਨਿਊਡਲ ਖੁਆਉਣ ਦੀ ਸੇਵਾ ਕਰਦਾ ਹੈ।
ਸਿਰਫ ਇੰਨਾ ਹੀ ਨਹੀਂ, ਵਾਤਾਵਰਣ ਦੀ ਸੁਰੱਖਿਆ ਲਈ ਉਸ ਨੇ ਇਹ ਵੀ ਕੀਤਾ ਹੋਇਆ ਹੈ ਕਿ ਜਿਹੜੇ ਬੱਚੇ ਆਪਣੇ ਮਾਤਾ-ਪਿਤਾ ਸਮੇਤ ਪੌਦਾ ਲਾਉਂਦੇ ਹੋਏ ਸੈਲਫੀ ਖਿੱਚ ਕੇ ਉਸ ਨੂੰ ਭੇਜਣਗੇ, ਉਨ੍ਹਾਂ ਨੂੰ ਮੁਫਤ ਬਰਗਰ ਮਿਲੇਗਾ। ਰਵਿੰਦਰ ਪਾਲ ਸਿੰੰਘ ਨੇ ਦੱਸਿਆ ਕਿ ਉਸ ਨੇ 10ਵੀਂ ਤੱਕ ਸਿੱਖਿਆ ਲਈ ਹੈ ਅਤੇ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ 2007 'ਚ ਇਹ ਰੇਹੜੀ ਲਾਈ ਸੀ। ਉਸ ਦੀਆਂ 7 ਭੈਣਾਂ 'ਚੋਂ 4 ਦਾ ਵਿਆਹ ਪਿਤਾ ਦੇ ਹੁੰਦਿਆਂ ਹੀ ਹੋ ਗਿਆ ਸੀ ਅਤੇ 3 ਭੈਣਾਂ ਦਾ ਵਿਆਹ ਉਸ ਨੇ ਆਪਣੀ ਮਿਹਨਤ ਨਾਲ ਕਰਾਇਆ। ਰਵਿੰਦਰ ਨੇ ਦੱਸਿਆ ਕਿ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਹਰ ਸਾਲ ਨਵਾਂ ਕੁਝ ਕਰੇ ਅਤੇ ਇਹ ਸਾਰੇ ਧਰਮ ਦੇ ਬੱਚਿਆਂ ਲਈ ਹੁੰਦਾ ਹੈ। 


Related News