ਪੁਲਸ ਦੀ ਕਾਰਵਾਈ ਤੋਂ ਬਚ ਰਹੇ ਹਨ ਸ਼ਹਿਰ ਦੇ ਕਈ ਨਾਜਾਇਜ਼ ਅਹਾਤੇ

06/19/2018 1:40:28 PM

ਕਪੂਰਥਲਾ (ਗੌਰਵ)— ਕਪੂਰਥਲਾ ਪੁਲਸ ਵੱਲੋਂ ਪਿਛਲੇ 4-5 ਦਿਨ ਤੋਂ ਸ਼ਹਿਰ 'ਚ ਗੁੰਡਾਗਰਦੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਭਾਵੇਂ ਕਾਂਜਲੀ ਮਾਰਗ ਸਮੇਤ ਕਈ ਥਾਵਾਂ 'ਤੇ ਨਾਜਾਇਜ਼ ਚੱਲ ਰਹੇ ਸ਼ਰਾਬ ਅਹਾਤਿਆਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਹੈ ਪਰ ਇਸ ਦੇ ਬਾਵਜੂਦ ਵੀ ਸ਼ਹਿਰ ਦੇ ਕਾਫੀ ਵੱਡੇ ਹਿੱਸੇ 'ਚ ਚੱਲ ਰਹੇ ਨਾਜਾਇਜ਼ ਸ਼ਰਾਬ ਦੇ ਅਹਾਤਿਆਂ 'ਚ ਸਮਾਜ ਵਿਰੋਧੀ ਅਨਸਰਾਂ ਨੂੰ ਆਮ ਤੌਰ 'ਤੇ ਦੇਖਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰ 'ਚ ਅਪਰਾਧਿਕ ਵਾਰਦਾਤਾਂ 'ਚ ਹੋਏ ਵਾਧੇ ਨੂੰ ਦੇਖਦੇ ਹੋਏ ਕਪੂਰਥਲਾ ਪੁਲਸ ਨੇ ਬੀਤੇ ਸੋਮਵਾਰ ਨੂੰ ਕਈ ਥਾਵਾਂ 'ਤੇ ਨਾਕਾਬੰਦੀ ਕਰਦੇ ਹੋਏ ਸਮਾਜ ਵਿਰੋਧੀ ਅਨਸਰਾਂ ਖਿਲਾਫ ਸ਼ਿੰਕਜਾ ਕੱਸਿਆ ਹੈ। ਜਿਸ ਦੌਰਾਨ ਕਈ ਨਾਜਾਇਜ਼ ਅਹਾਤਿਆਂ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ। 
ਪੁਲਸ ਦੀ ਇਸ ਕਾਰਵਾਈ ਨਾਲ ਹੁਣ ਜਿੱਥੇ ਇਨ੍ਹਾਂ ਕੁਝ ਸ਼ਰਾਬ ਅਹਾਤਿਆਂ 'ਚ ਨਾਜਾਇਜ਼ ਤੌਰ 'ਤੇ ਸ਼ਰਾਬ ਪੀਣ ਵਾਲੇ ਲੋਕਾਂ ਦੀ ਗਿਣਤੀ ਕਾਫੀ ਘੱਟ ਗਈ ਹੈ। ਉਥੇ ਹੀ ਫਿਲਹਾਲ ਸ਼ਹਿਰ ਦੇ ਕਈ ਅਜਿਹੇ ਅਹਾਤੇ ਪੁਲਸ ਦੀ ਮੁਹਿੰਮ ਤੋਂ ਬੱਚ ਰਹੇ ਹਨ। ਨਕੋਦਰ ਰੋਡ, ਰੇਲਵੇ ਸਟੇਸ਼ਨ ਦੇ ਨਜ਼ਦੀਕ, ਕਰਤਾਰਪੁਰ ਰੋਡ, ਜਲੰਧਰ ਰੋਡ ਅਤੇ ਕਾਲਾ ਸੰਘਿਆਂ ਫਾਟਕ ਦੇ ਨਜ਼ਦੀਕ ਨਾਜਾਇਜ਼ ਸ਼ਰਾਬ ਦੇ ਅਹਾਤੇ ਵੱਡੇ ਪੱਧਰ 'ਤੇ ਚੱਲ ਰਹੇ ਹਨ। ਸ਼ਾਮ ਪੈਂਦੇ ਹੀ ਵੱਡੀ ਗਿਣਤੀ 'ਚ ਸ਼ਰਾਬ ਪੀਣ ਵਾਲੇ ਲੋਕਾਂ ਦੀ ਭੀੜ ਵੇਖਣ ਨੂੰ ਮਿਲਦੀ ਹੈ ਅਤੇ ਅਮਨ ਪੰਸਦ ਸ਼ਹਿਰੀ ਇਨ੍ਹਾਂ ਨਾਜਾਇਜ਼ ਸ਼ਰਾਬ ਅਹਾਤਿਆਂ ਦੇ ਮੂਹਰੇ ਨਿਕਲਣ ਤੋਂ ਗੁਰੇਜ ਕਰਦੇ ਹਨ। ਜੇਕਰ ਸਰਕਾਰੀ ਰਿਕਾਰਡ ਵੱਲ ਝਾਤੀ ਮਾਰੀਏ ਤਾਂ ਸ਼ਹਿਰ 'ਚ ਬੇਹੱਦ ਘੱਟ ਗਿਣਤੀ 'ਚ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਸ਼ਰਾਬ ਦੇ ਅਹਾਤੇ ਹਨ। 
ਦੱਸਿਆ ਜਾਂਦਾ ਹੈ ਇਨ੍ਹਾਂ ਨਾਜਾਇਜ਼ ਸ਼ਰਾਬ ਅਹਾਤਿਆਂ ਨੂੰ ਆਪਣੇ ਆਪ ਨੂੰ ਜ਼ਬਰਦਸਤੀ ਲੀਡਰ ਕਹਿਲਾਉਣ ਵਾਲੇ ਕੁਝ ਛੋਟੇ ਪੱਧਰ ਦੇ ਮੌਕਾਪ੍ਰਸਤ ਲੋਕ ਸ਼ਹਿ ਦੇ ਰਹੇ ਹਨ। ਹੁਣ ਦੇਖਣਾ ਹੈ ਕਿ ਅਪਰਾਧਾਂ ਨੂੰ ਜੜ੍ਹੋਂ ਖਤਮ ਕਰਨ ਲਈ ਸਿਟੀ ਪੁਲਸ ਕਦੋਂ ਇਨ੍ਹਾਂ ਨਾਜਾਇਜ਼ ਅਹਾਤਿਆਂ ਖਿਲਾਫ ਕਾਰਵਾਈ ਕਰਦੀ ਹੈ। 
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਨਾਜਾਇਜ਼ ਸ਼ਰਾਬ ਅਹਾਤਿਆਂ ਨੂੰ ਕਿਸੇ ਕੀਮਤ 'ਤੇ ਚਲਣ ਨਹੀਂ ਦਿੱਤਾ ਜਾਵੇਗਾ। ਇਨ੍ਹਾਂ ਖਿਲਾਫ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾਵੇਗੀ।


Related News