ਸਿਡਨੀ ਦੀ 117kg ਵਜ਼ਨੀ ਮਹਿਲਾ ਨੇ ਘਟਾਇਆ ਵਜ਼ਨ, ਸ਼ੇਅਰ ਕੀਤੀ ਕਹਾਣੀ

06/19/2018 1:43:01 PM

ਸਿਡਨੀ (ਬਿਊਰੋ)— ਅਕਸਰ ਲੋਕ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹਨ। ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਰਹਿੰਦੀ 26 ਸਾਲਾ ਮਹਿਲਾ ਵੀ ਇਸੇ ਗਲਤ ਆਦਤ ਦਾ ਸ਼ਿਕਾਰ ਹੋ ਗਈ ਸੀ। ਜਿਸ ਕਾਰਨ ਉਸ ਦਾ ਵਜ਼ਨ 117 ਕਿਲੋਗ੍ਰਾਮ ਹੋ ਗਿਆ ਸੀ। ਹੁਣ ਉਸ ਨੇ ਆਪਣਾ ਵਜ਼ਨ 50 ਕਿਲੋਗ੍ਰਾਮ ਘੱਟ ਕਰ ਲਿਆ ਹੈ। ਮਹਿਲਾ ਇੰਨੀ ਪਤਲੀ ਹੋ ਗਈ ਹੈ ਕਿ ਲੋਕ ਉਸ ਨੂੰ ਪਛਾਣ ਨਹੀਂ ਪਾ ਰਹੇ ਹਨ। ਮਹਿਲਾ ਨੇ ਸੋਸ਼ਲ ਸਾਈਟ 'ਤੇ ਆਪਣੀ ਇਸ ਕਹਾਣੀ ਨੂੰ ਸ਼ੇਅਰ ਕੀਤਾ ਹੈ।
ਸਿਡਨੀ ਦੀ ਰਹਿਣ ਵਾਲੀ ਜੋਏ ਵੀਰ (Joey Veer) ਨਾਂ ਦੀ ਮਹਿਲਾ ਪਹਿਲਾਂ ਫਾਸਟ ਫੂਡ ਅਤੇ ਮਿਠਾਈਆਂ ਬਹੁਤ ਜ਼ਿਆਦਾ ਖਾਂਦੀ ਸੀ। ਜੋਏ ਦੇ ਲੰਚ ਵਿਚ ਹੌਟ ਚਿਪਸ ਗ੍ਰੇਵੀ, ਚਿਕਨ ਵਿੰਗਸ, ਸਪਰਿੰਗ ਰੋਲ ਅਤੇ ਸਾਫਟ ਡਰਿੰਕ ਹੁੰਦੀ ਸੀ। ਦੁਪਹਿਰ ਦੇ ਬਾਅਦ ਉਹ ਸਨੈਕਸ ਦੇ ਰੂਪ ਵਿਚ ਚਿਪਸ ਦਾ ਵੱਡਾ ਪੈਕੇਟ ਅਤੇ ਇਕ ਜਾਂ ਦੋ ਚਾਕਲੇਟ ਖਾਂਦੀ ਸੀ। ਰਾਤ ਦੇ ਖਾਣੇ ਵਿਚ ਮੈਕਡੋਨਾਲਡ ਦਾ ਵੱਡਾ ਡਬਲ ਚੀਜ਼ਬਰਗਰ ਅਤੇ ਵੱਡੀ ਚਾਕਲੇਟ ਖਾਂਦੀ ਸੀ। ਪਰ ਇਕ ਸਮੇਂ ਵਿਚ ਉਸ ਦੀ ਹਾਲਤ ਅਜਿਹੀ ਹੋ ਗਈ ਕਿ ਉਸ ਨੂੰ ਕੁਝ ਦੂਰ ਪੈਦਲ ਚੱਲਣ 'ਤੇ ਸਾਹ ਲੈਣ ਵਿਚ ਮੁਸ਼ਕਲ ਹੁੰਦੀ ਸੀ। ਜੋਏ ਅਕਸਰ ਸਿਰ ਦਰਦ ਨਾਲ ਪਰੇਸ਼ਾਨ ਰਹਿੰਦੀ ਸੀ। 
ਜੋਏ ਨੇ ਦੱਸਿਆ ਕਿ ਲੰਬੇ ਸਮੇਂ ਤੱਕ ਉਹ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਤੋਂ ਪਰੇਸ਼ਾਨ ਰਹੀ। ਇਹ ਆਦਤ ਉਸ ਦੇ ਸਕੂਲ ਦੇ ਦਿਨਾਂ ਵਿਚ ਹੀ ਸ਼ੁਰੂ ਹੋ ਗਈ ਸੀ। 12 ਸਾਲ ਦੀ ਉਮਰ ਵਿਚ ਉਸ ਦਾ ਵਜ਼ਨ ਕਰੀਬ 60 ਕਿਲੋਗ੍ਰਾਮ ਹੋ ਗਿਆ ਸੀ। ਉਹ 'ਫੂਡ ਇਨਡਿਊਸਡ ਕੋਮਾ' ਨਾਲ ਪੀੜਤ ਹੋ ਗਈ। ਵਜ਼ਨ ਵਧਣ ਕਾਰਨ ਉਸ ਦੀ ਮਾਹਵਾਰੀ ਵੀ ਅਸਧਾਰਨ ਹੋ ਗਈ ਸੀ। ਉਹ ਹਮੇਸ਼ਾ ਥਕਾਵਟ ਮਹਿਸੂਸ ਕਰਦੀ ਸੀ।
ਜੋਏ ਨੇ ਹੁਣ ਆਪਣਾ ਵਜ਼ਨ ਕਰੀਬ 50 ਕਿਲੋਗ੍ਰਾਮ ਘੱਟ ਕਰ ਲਿਆ ਹੈ। ਹੁਣ ਉਹ ਕਾਫੀ ਪਤਲੀ ਅਤੇ ਖੂਬਸੂਰਤ ਲੱਗਦੀ ਹੈ। ਜੋਏ ਦੋ ਬੱਚਿਆਂ ਦੀ ਮਾਂ ਹੈ। ਉਸ ਨੇ ਜਿਮ ਜਾਣਾ ਸ਼ੁਰੂ ਕੀਤਾ ਅਤੇ ਆਪਣੀ ਖਾਣ-ਪੀਣ ਦੀਆਂ ਆਦਤਾਂ ਬਦਲਣ 'ਤੇ ਜ਼ੋਰ ਦਿੱਤਾ। ਉਸ ਨੇ ਸਾਫਟ ਡਰਿੰਕ ਅਤੇ ਐਨਰਜ਼ੀ ਡਰਿੰਕ ਪੀਣੇ ਘੱਟ ਕਰ ਦਿੱਤੇ। ਤਿੰਨ ਮਹੀਨੇ ਵਿਚ ਜੋਏ ਨੇ 10 ਕਿਲੋਗ੍ਰਾਮ ਵਜ਼ਨ ਘੱਟ ਕਰ ਲਿਆ। ਉਦੋਂ ਉਸ ਨੂੰ ਖੁਦ ਨੂੰ ਕਾਫੀ ਚੰਗਾ ਮਹਿਸੂਸ ਹੋਇਆ। ਹਾਲਾਂਕਿ ਉਸ ਨੂੰ ਡਰ ਵੀ ਸੀ ਕਿ ਉਸ ਦਾ ਵਜ਼ਨਾ ਦੁਬਾਰਾ ਵੱਧ ਸਕਦਾ ਹੈ। ਇਸ ਲਈ ਜੋਏ ਨੇ ਵਜ਼ਨ ਘੱਟ ਕਰਨ ਲਈ ਸਰਜਰੀ ਕਰਾਉਣ ਦਾ ਫੈਸਲਾ ਕੀਤਾ। ਸਰਜਰੀ ਨਾਲ ਜੋਏ ਦਾ ਵਜ਼ਨ 39 ਕਿਲੋਗ੍ਰਾਮ ਹੋਰ ਘੱਟ ਹੋ ਗਿਆ।


Related News