ਚੀਨੀ ਰਾਸ਼ਟਰਪਤੀ ਨੂੰ ਬਹੁਤ ਪਸੰਦ ਹੈ ਆਮਿਰ ਖਾਨ ਦੀ 'ਦੰਗਲ': ਰਾਜਦੂਤ

06/19/2018 1:35:48 PM

ਨਵੀਂ ਦਿੱਲੀ/ਬੀਜਿੰਗ— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬਾਲੀਵੁੱਡ ਫਿਲਮਾਂ ਦੇ ਬਹੁਤ ਸ਼ੌਕੀਨ ਹਨ ਅਤੇ ਉਨ੍ਹਾਂ ਨੇ ਆਮਿਰ ਖਾਨ ਦੀ ਫਿਲਮ 'ਦੰਗਲ' ਨੂੰ ਕਈ ਵਾਰ ਦੇਖਿਆ ਹੈ। ਭਾਰਤ ਵਿਚ ਚੀਨ ਦੇ ਰਾਜਦੂਤ ਲੁਓ ਝਾਓਹੁਈ ਨੇ ਕੱਲ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਮੁਲਕ ਦੀਆਂ ਕਈ ਦਿਲਚਸਪ ਗੱਲਾਂ ਦੱਸੀਆਂ। ਉਨ੍ਹਾਂ ਦੱਸਿਆ ਕਿ ਚੀਨ ਵਿਚ ਨੌਜਵਾਨ ਵਰਗ ਵਿਚ ਅੱਜ-ਕੱਲ ਯੋਗ ਅਭਿਆਸ ਕਰਨ, ਬਾਲੀਵੁੱਡ ਫਿਲਮਾਂ ਦੇਖਣ ਅਤੇ ਦਾਰਜਲਿੰਗ ਦੀ ਚਾਹ ਦਾ ਲੁਤਫ ਲੈਣਾ ਫੈਸ਼ਨ ਜਿਹਾ ਬਣ ਗਿਆ ਹੈ। ਲੁਓ ਨੇ ਅੱਗੇ ਕਿਹਾ, 'ਚੀਨ ਵਿਚ ਬਾਲੀਵੁੱਡ ਫਿਲਮਾਂ ਦਾ ਸਭ ਤੋਂ ਵੱਡਾ ਪ੍ਰਮੋਟਰ ਕੌਣ ਹੈ? ਮੇਰੇ ਹਿਸਾਬ ਨਾਲ ਰਾਸ਼ਟਰਪਤੀ ਸ਼ੀ ਜਿਨਪਿੰਗ ਬਾਲੀਵੁੱਡ ਫਿਲਮਾਂ ਦੇ ਸਭ ਤੋਂ ਵੱਡੇ ਪ੍ਰਮੋਟਰ ਹਨ।''
ਤੁਹਾਨੂੰ ਦੱਸ ਦੇਈਏ ਕਿ ਲੁਓ ਇੱਥੇ ਚੀਨੀ ਦੂਤਘਰ ਵੱਲੋਂ ਆਯੋਜਿਤ ਪ੍ਰੋਗਰਾਮ 'ਬੀਓਂਡ ਵੁਹਾਨ: ਹਾਓ ਫਾਰ ਐਂਡ ਫਾਸਟ ਕੈਨ ਚਾਈਨਾ ਇੰਡੀਆ ਰਿਲੇਸ਼ਨਸ ਗੋਅ' ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਸ਼ੀ ਵਿਚਕਾਰ ਚੀਨ ਦੇ ਕਿੰਗਦਾਓ ਵਿਚ ਜੋ ਬੈਠਕ ਹੋਈ ਉਹ 15 ਮਿੰਟ ਤੱਕ ਜ਼ਿਆਦਾ ਚੱਲੀ। ਰਾਜਦੂਤ ਨੇ ਕਿਹਾ, 'ਜਿਸ ਗੱਲ ਨੇ ਮੈਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਉਹ ਇਹ ਹੈ ਕਿ ਰਾਸ਼ਟਰਪਤੀ ਸ਼ੀ ਨੇ ਬਾਲੀਵੁੱਡ ਫਿਲਮਾਂ ਵਿਚ ਦਿਲਚਸਪੀ ਦਿਖਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵਾਰ ਫਿਰ 'ਦੰਗਲ' ਅਤੇ ਦੋ ਹੋਰ ਫਿਲਮਾਂ 'ਬਾਹੁਬਲੀ 2' ਅਤੇ 'ਹਿੰਦੀ ਮੀਡੀਅਮ' ਦਾ ਦੁਬਾਰਾ ਜ਼ਿਕਰ ਕੀਤਾ, ਜੋ ਕਿ ਚੀਨ ਵਿਚ ਇਸ ਸਮੇਂ ਦਿਖਾਈਆਂ ਜਾ ਰਹੀਆਂ ਹਨ।' ਆਮਿਰ ਖਾਨ ਦੀ 'ਥ੍ਰੀ ਇਡੀਅਟਸ', 'ਦੰਗਲ' ਅਤੇ ਤੇਲੁਗੁ ਫਿਲਮ 'ਬਾਹੁਬਲੀ 2' ਚੀਨ ਵਿਚ ਬਹੁਤ ਹਿੱਟ ਹੋਈ ਹੈ।


Related News