ਚੇਅਰਮੈਨ ਬਣਨ ਲਈ ਕਾਂਗਰਸੀ ਵਿਧਾਇਕਾਂ ''ਚ ਲੱਗੀ ਦੌੜ

06/19/2018 1:24:38 PM

ਚੰਡੀਗੜ੍ਹ (ਭੁੱਲਰ) : ਪੰਜਾਬ ਮੰਤਰੀ ਮੰਡਲ ਵਿਚ ਸਥਾਨ ਨਾ ਮਿਲਣ ਤੋਂ ਬਾਅਦ ਹੁਣ ਸੂਬੇ ਦੇ ਕਾਂਗਰਸੀ ਵਿਧਾਇਕਾਂ ਵਿਚ ਚੇਅਰਮੈਨ ਦਾ ਅਹੁਦਾ ਹਾਸਲ ਕਰਨ ਲਈ ਦੌੜ ਲੱਗੀ ਹੋਈ ਹੈ। ਭਾਵੇਂ ਇਸ ਬਾਰੇ ਹਾਈਕਮਾਨ ਤੇ ਮੁੱਖ ਮੰਤਰੀ ਵਲੋਂ ਅਜੇ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ ਪਰ ਇਸ ਦੇ ਬਾਵਜੂਦ ਕਈ ਸੀਨੀਅਰ ਵਿਧਾਇਕ ਇਹ ਅਹੁਦਾ ਹਰ ਹੀਲੇ ਹਾਸਲ ਕਰਨ ਲਈ ਹਾਈਕਮਾਨ ਤੱਕ ਪਹੁੰਚ ਵੀ ਕਰ ਰਹੇ ਹਨ। ਕੁਝ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੱਕ ਵੀ ਪਹੁੰਚ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਐਲਾਨ ਕੀਤਾ ਗਿਆ ਸੀ ਕਿ ਚੇਅਰਮੈਨ ਦੇ ਅਹੁਦੇ ਅਜਿਹੇ ਪਾਰਟੀ ਆਗੂਆਂ ਨੂੰ ਦਿੱਤੇ ਜਾਣਗੇ, ਜੋ ਟਿਕਟਾਂ ਤੋਂ ਵਾਂਝੇ ਰਹਿ ਗਏ ਸਨ ਤੇ ਲੰਬੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਹਨ।
ਪਰ ਦਿਲਚਸਪ ਗੱਲ ਇਹ ਹੈ ਕਿ ਮੰਤਰੀ ਮੰਡਲ ਦੇ ਵਿਸਤਾਰ ਸਮੇਂ ਕਈ ਸੀਨੀਅਰ ਵਿਧਾਇਕਾਂ ਨੂੰ ਸਥਾਨ ਨਾ ਮਿਲਣ ਤੇ ਜੂਨੀਅਰਾਂ ਨੂੰ ਸ਼ਾਮਲ ਕਰ ਲਏ ਜਾਣ ਤੋਂ ਬਾਅਦ ਪਾਰਟੀ 'ਚ ਕਈ ਵਿਧਾਇਕਾਂ ਨੇ ਬਗਾਵਤ ਦਾ ਰਾਹ ਅਪਣਾਇਆ ਸੀ ਤੇ ਅਸਤੀਫ਼ੇ ਦੇਣ ਤੋਂ ਇਲਾਵਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਕੋਲ ਜਾ ਕੇ ਆਪਣਾ ਰੋਸ ਦਰਜ ਕਰਵਾਇਆ ਸੀ। 
ਇਨ੍ਹਾਂ ਨਾਰਾਜ਼ ਵਿਧਾਇਕਾਂ ਨੂੰ ਸ਼ਾਂਤ ਕਰਨ ਲਈ ਹੀ ਮੁੱਖ ਮੰਤਰੀ ਤੋਂ ਇਲਾਵਾ ਪਾਰਟੀ ਪ੍ਰਧਾਨ ਵਲੋਂ ਵੀ ਭਰੋਸਾ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ ਮੁੱਖ ਮੰਤਰੀ ਵਲੋਂ ਸ਼ੁਰੂ ਕੀਤੀ ਗਈ ਤਿਆਰੀ ਤੋਂ ਬਾਅਦ ਹੁਣ ਵਿਧਾਇਕ ਇਹ ਅਹੁਦਾ ਹਾਸਲ ਕਰਨ ਲਈ ਸਰਗਰਮ ਹੋਏ ਹਨ। ਵਿਧਾਇਕਾਂ ਦੀ ਨਜ਼ਰ ਮਹੱਤਵਪੂਰਨ ਬੋਰਡਾਂ ਤੇ ਕਾਰਪੋਰੇਸ਼ਨਾਂ 'ਤੇ ਲੱਗੀ ਹੋਈ ਹੈ। ਮਾਰਕਫੈੱਡ, ਮੰਡੀ ਬੋਰਡ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਵਰਗੀਆਂ ਅਹਿਮ ਸੰਸਥਾਵਾਂ ਦੇ ਚੇਅਰਮੈਨ ਭਾਵੇਂ ਲਾਏ ਜਾ ਚੁੱਕੇ ਹਨ ਪਰ ਹਾਲੇ ਵੀ ਇਕ ਦਰਜਨ ਦੇ ਕਰੀਬ ਅਹਿਮ ਬੋਰਡਾਂ ਤੇ ਕਾਰਪੋਰੇਸ਼ਨਾਂ 'ਚ ਚੇਅਰਮੈਨਾਂ ਦੇ ਅਹੁਦੇ ਖਾਲੀ ਪਏ ਹਨ। 
ਨਵਜੋਤ ਕੌਰ ਸਿੱਧੂ ਵਲੋਂ ਅਹੁਦਾ ਸੰਭਾਲਣ ਤੋਂ ਨਾਂਹ ਕੀਤੇ ਜਾਣ ਕਾਰਨ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਅਹੁਦਾ ਵੀ ਖਾਲੀ ਪਿਆ ਹੈ। ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਪੰਜਾਬ ਸਟੇਟ ਪਲਾਨਿੰਗ ਬੋਰਡ ਦਾ ਉਪ-ਚੇਅਰਮੈਨ ਲਾਏ ਜਾਣ ਦੀ ਚਰਚਾ ਹੈ, ਜਦਕਿ ਡਾ. ਰਾਜਕੁਮਾਰ ਵੇਰਕਾ ਅਤੇ ਸੰਗਤ ਸਿੰਘ ਗਿਲਜੀਆਂ ਨੂੰ ਵੀ ਅਹਿਮ ਅਹੁਦੇ ਦਿੱਤੇ ਜਾ ਸਕਦੇ ਹਨ। ਗੁਰਕੀਰਤ ਸਿੰਘ ਕੋਟਲੀ ਨੂੰ ਪਾਰਟੀ ਹਾਈਕਮਾਨ ਪਹਿਲਾਂ ਹੀ ਆਲ ਇੰਡੀਆ ਕਾਂਗਰਸ ਦਾ ਸਕੱਤਰ ਤੇ ਹਿਮਾਚਲ ਪ੍ਰਦੇਸ਼ ਦਾ ਇੰਚਾਰਜ ਲਾ ਚੁੱਕੀ ਹੈ। 


Related News