ਹੁਣ ਟਰੇਨਾਂ ਦਾ ਬਦਲੇਗਾ ਰੰਗ, ਲੋਕਲ 'ਚ ਮਹਿਲਾਵਾਂ ਲਈ ਖਾਸ ਪ੍ਰਬੰਧ

06/19/2018 1:14:29 PM

ਮੁੰਬਈ— ਰੇਲਵੇ ਜਲਦ ਹੀ ਟਰੇਨਾਂ ਦੇ ਰੰਗ ਬਦਲਣ ਵਾਲਾ ਹੈ। ਇਸ ਦੇ ਇਲਾਵਾ ਲੋਕਲ ਟਰੇਨਾਂ 'ਚ ਮਹਿਲਾਵਾਂ ਦਾ ਸਫਰ ਹੋਰ ਵੀ ਆਰਾਮਦਾਇਕ ਹੋਣ ਜਾ ਰਿਹਾ ਹੈ। ਮਹਿਲਾਵਾਂ ਦੇ ਸਫਰ ਨੂੰ ਆਰਾਮਦਾਇਕ ਬਣਾਉਣ ਲਈ ਰੇਲਵੇ ਨੇ ਲੋਕਲ ਟਰੇਨਾਂ ਦੀ ਦੂਜੀ ਸ਼੍ਰੇਣੀ ਦੇ ਮਹਿਲਾ ਕੋਚਾਂ 'ਚ ਪਹਿਲੀ ਸ਼੍ਰੇਣੀ ਵਰਗੀਆਂ ਸੀਟਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਹੈ। ਹਾਲਾਂਕਿ ਅਜੇ ਸਿਰਫ ਮੱਧ ਰੇਲਵੇ ਦੀਆਂ ਲੋਕਲ ਟਰੇਨਾਂ 'ਚ ਇਹ ਦੇਖਣ ਨੂੰ ਮਿਲਿਆ ਹੈ। ਉੱਥੇ ਹੀ ਜਿਨ੍ਹਾਂ ਟਰੇਨਾਂ ਦਾ ਰੰਗ ਨੀਲਾ ਹੈ, ਉਨ੍ਹਾਂ ਦਾ ਰੰਗ ਹੁਣ ਗਾੜ੍ਹਾ ਪੀਲਾ ਅਤੇ ਭੂਰਾ ਹੋਵੇਗਾ। ਸਭ ਤੋਂ ਪਹਿਲਾਂ ਇਹ ਨਵਾਂ ਰੰਗ ਦਿੱਲੀ-ਪਠਾਨਕੋਟ ਐਕਸਪ੍ਰੈਸ ਟਰੇਨ 'ਤੇ ਨਜ਼ਰ ਆਵੇਗਾ। ਇਸ ਦੇ 16 ਡੱਬਿਆਂ ਨੂੰ ਨਵਾਂ ਰੰਗ ਦਿੱਤਾ ਗਿਆ ਹੈ। ਇਸ ਮਹੀਨੇ ਦੇ ਅਖੀਰ ਤਕ ਨਵੇਂ ਰੰਗ 'ਚ ਰੰਗੀ ਇਹ ਟਰੇਨ ਪਟੜੀ 'ਤੇ ਦੌੜਦੀ ਨਜ਼ਰ ਆਵੇਗੀ। ਰੇਲਵੇ ਦੀ 'ਕਲਰ ਸਕੀਮ' ਤਹਿਤ ਮੇਲ ਅਤੇ ਐਕਸਪ੍ਰੈਸ ਟਰੇਨਾਂ ਦੇ 30,000 ਕੋਚਾਂ ਨੂੰ ਨਵਾਂ ਰੰਗ ਕੀਤਾ ਜਾਵੇਗਾ।

ਰੇਲਵੇ ਰੰਗ ਦੇ ਨਾਲ-ਨਾਲ ਟਰੇਨਾਂ ਦੇ ਬਾਹਰਲੇ ਅਤੇ ਅੰਦਰਲੇ ਪਾਸੇ 'ਚ ਵੀ ਕਾਫੀ ਸੁਧਾਰ ਕਰ ਰਿਹਾ ਹੈ। ਟਰੇਨ 'ਚ ਪੁਰਾਣੀ ਟਾਇਲਟ ਦੀ ਜਗ੍ਹਾ ਬਾਇਓ ਟਾਇਲਟ ਲਗਾਏ ਜਾ ਰਹੇ ਹਨ। ਇਸ ਦੇ ਇਲਾਵਾ ਹਰ ਸੀਟ 'ਤੇ ਮੋਬਾਇਲ ਚਾਰਜਿੰਗ ਪੋਰਟ ਅਤੇ ਰੀਡਿੰਗ ਲਾਈਟਸ, ਅਰਾਮਦਾਇਕ ਸੀਟਾਂ, ਉਪਰਲੀ ਸੀਟ 'ਤੇ ਜਾਣ ਵਾਲੀਆਂ ਪੌੜੀਆਂ 'ਚ ਸੁਧਾਰ ਅਤੇ ਸਾਫ-ਸੁਥਰੇ ਕੰਬਲ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਹਾਲਾਂਕਿ ਰੇਲਵੇ ਦੀ ਕਲਰ ਸਕੀਮ ਤਹਿਤ ਰਾਜਧਾਨੀ, ਸ਼ਤਾਬਦੀ, ਦੁਰੰਤੋ ਅਤੇ ਨਵੀਂਆਂ ਲਾਂਚ ਹੋਈਆਂ ਟਰੇਨਾਂ- ਤੇਜ਼ਸ, ਗਤੀਮਾਨ ਐਕਸਪ੍ਰੈਸ ਅਤੇ ਹਮਸਫਰ ਐਕਸਪ੍ਰੈਸ ਦਾ ਰੰਗ ਫਿਲਹਾਲ ਨਹੀਂ ਬਦਲੇਗਾ। ਸਿਰਫ ਮੇਲ ਅਤੇ ਐਕਸਪ੍ਰੈਸ ਟਰੇਨਾਂ ਦੇ 30 ਹਜ਼ਾਰਾਂ ਕੋਚਾਂ ਦਾ ਰੰਗ ਨਵਾਂ ਹੋਵੇਗਾ। ਹਾਲਾਂਕਿ ਅਜੇ ਇਹ ਤੈਅ ਨਹੀਂ ਹੈ ਕਿ ਨੀਲੇ ਰੰਗ ਦੀ ਜਗ੍ਹਾ ਕਿਹੜਾ ਰੰਗ ਹੋਵੇਗਾ ਪਰ ਇੰਨਾ ਜ਼ਰੂਰ ਹੈ ਕਿ ਰੇਲਵੇ ਨੇ ਪ੍ਰੀਖਣ ਦੇ ਤੌਰ 'ਤੇ ਕੁਝ ਕੋਚਾਂ ਦਾ ਰੰਗ ਬਦਲ ਕੇ ਪੀਲਾ ਅਤੇ ਭੂਰਾ ਕੀਤਾ ਹੈ। ਦਿੱਲੀ-ਪਠਾਨਕੋਟ ਟਰੇਨ ਦੇ ਸਾਰੇ ਕੋਚ ਇਸੇ ਰੰਗ 'ਚ ਤਿਆਰ ਹੋਣਗੇ।


Related News