ਔਰਤਾਂ ਲਈ ਹੁਣ ਬਲੱਡ ਰਿਲੇਸ਼ਨ ''ਚ ਪ੍ਰਾਪਰਟੀ ਟਰਾਂਸਫਰ ਕਰਨਾ ਹੋਇਆ ਔਖਾ

06/20/2018 7:58:39 AM

ਸ਼ੇਰਪੁਰ (ਅਨੀਸ਼) — ਪੰਜਾਬ 'ਚ ਔਰਤਾਂ ਲਈ ਹੁਣ ਬਲੱਡ ਰਿਲੇਸ਼ਨ 'ਚ ਪ੍ਰਾਪਰਟੀ ਮੁਫਤ ਟਰਾਂਸਫਰ ਕਰਨਾ ਔਖਾ ਹੋ ਗਿਆ ਹੈ। ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਸਮੇਂ ਔਰਤਾਂ ਨੂੰ ਮਿਲਣ ਵਾਲੀ 2 ਫੀਸਦੀ ਛੋਟ ਦੇ ਨਾਂ 'ਤੇ ਮਾਲੀਏ ਨੂੰ ਪੁੱਜੇ ਨੁਕਸਾਨ ਤੋਂ ਬਾਅਦ ਸਰਕਾਰ ਨੇ ਨਿਯਮ ਬਦਲ ਦਿੱਤਾ ਹੈ। ਸਰਕਾਰ ਦੇ ਨਵੇਂ ਨਿਰਦੇਸ਼ਾਂ ਮੁਤਾਬਕ ਜੇਕਰ 2 ਫੀਸਦੀ ਛੋਟ ਦਾ ਲਾਭ ਲੈਣ ਤੋਂ ਬਾਅਦ ਔਰਤ ਇਕ ਸਾਲ ਦੇ ਅੰਦਰ ਪ੍ਰਾਪਰਟੀ ਨੂੰ ਪਰਿਵਾਰ ਦੇ ਕਿਸੇ ਮਰਦ ਮੈਂਬਰ ਦੇ ਨਾਂ ਟਰਾਂਸਫਰ ਕਰਦੀ ਹੈ ਤਾਂ ਮਿਲੀ ਹੋਈ 2 ਫੀਸਦੀ ਛੋਟ ਦੀ ਰਕਮ ਵੀ ਵਸੂਲੀ ਜਾਵੇਗੀ। ਇਸ ਸਬੰਧੀ 5 ਜੂਨ 2018 ਨੂੰ ਵਿਭਾਗ ਵਲੋਂ ਇਕ ਪੱਤਰ ਨੰਬਰ 6804-25 ਜਾਰੀ ਕਰਕੇ ਰਾਜ ਭਰ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬਿਲਡਰਾਂ ਤੇ ਲੋਕਾਂ ਨੇ ਇਸ ਛੋਟ ਨੂੰ ਸਰਕਾਰ ਦੇ ਇਕ ਹੋਰ ਨਿਯਮ ਦਾ ਫਾਇਦਾ ਚੁੱਕਦੇ ਹੋਏ ਹੇਰਾ-ਫੇਰੀ ਦਾ ਜ਼ਰੀਆ ਬਣਾ ਲਿਆ ਸੀ।
ਛੋਟ ਮਿਲਣ ਨਾਲ ਸ਼ੁਰੂ ਹੋਈ ਹੇਰਾ-ਫੇਰੀ
ਸੂਬੇ 'ਚ ਪ੍ਰਾਪਟੀ ਦੇ ਕੰਮ-ਕਾਜ 'ਚ ਮੰਦੀ ਨੂੰ ਦੂਰ ਕਰਨ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ 2015 ਦੇ ਨਵੰਬਰ ਮਹੀਨੇ 'ਚ ਐਲਾਨ ਕੀਤਾ ਗਿਆ ਸੀ ਕਿ ਬਲੱਡ ਰਿਲੇਸ਼ਨ 'ਚ ਪ੍ਰਾਪਟੀ ਟਰਾਂਸਫਰ ਕਰਨ ਸਮੇਂ ਸਟੈਂਪ ਡਿਊਟੀ (ਆਮ ਤੌਰ 'ਤੇ 6 ਫੀਸਦੀ) ਨਹੀਂ ਅਦਾ ਕਰਨੀ ਪਵੇਗੀ। ਇਹ ਲੋਕਾਂ ਨੂੰ ਜੱਦੀ ਜਾਇਦਾਦ ਦੀ ਵੰਡ ਦੇ ਸਮੇਂ ਪੈਣ ਵਾਲੇ ਵਾਧੂ ਬੋਝ ਤੋਂ ਬਚਾਉਣ ਲਈ ਚੁੱਕਿਆ ਗਿਆ ਕਦਮ ਸੀ ਪਰ ਸਰਕਾਰ ਦੇ ਇਸ ਨਿਯਮ ਦਾ 'ਅਣ-ਉਚਿਤ' ਫਾਇਦਾ ਚੁੱਕਿਆ ਜਾਣਾ ਸ਼ੁਰੂ ਹੋ ਗਿਆ। 
ਇੰਝ ਹੋਣ ਲੱਗੀ ਹੇਰਾ-ਫੇਰੀ
ਮਿਲੀਭੁਗਤ ਵਾਲੇ ਪ੍ਰਾਪਰਟੀ ਡੀਲਰਾਂ ਨੇ ਸਰਕਾਰ ਦੀਆਂ ਦੋਵਾਂ ਯੋਜਨਾਵਾਂ ਨੂੰ ਇਕੱਠਿਆ ਜੋੜ ਕੇ ਆਪਣੀ ਹੀ ਨਵੀਂ ਯੋਜਨਾ ਤਿਆਰ ਕਰ ਲਈ। ਇਸ ਤਹਿਤ ਪਹਿਲਾਂ ਜਾਇਦਾਦ ਪਰਿਵਾਰ ਦੀ ਮਹਿਲਾ ਦੇ ਨਾਂ ਰਜਿਸਟਰਡ ਕਰਵਾ ਕੇ 6 ਫੀਸਦੀ ਦੀ ਬਜਾਏ 4 ਫੀਸਦੀ ਸਟੈਂਪ ਡਿਊਟੀ ਅਦਾ ਕਰ ਦਿੱਤੀ ਜਾਂਦੀ ਸੀ। ਇਸ ਤੋਂ ਬਾਅਦ ਸਰਕਾਰ ਦੇ ਨਵੇਂ ਨਿਯਮ ਬਲੱਡ ਰਿਲੇਸ਼ਨ ਟਰਾਂਸਫਰ ਦਾ ਫਾਇਦਾ ਚੁੱਕਦੇ ਹੋਏ ਬਿਨਾਂ ਕੋਈ ਵੀ ਰਜਿਸਟਰੇਸ਼ਨ ਫੀਸ ਅਦਾ ਕੀਤੇ ਉਕਤ ਪ੍ਰਾਪਰਟੀ ਨੂੰ ਮਹਿਲਾ ਦੇ ਪਿਤਾ, ਪੁੱਤ ਜਾਂ ਭਰਾ ਦੇ ਨਾਂ ਟਰਾਂਸਫਰ ਕਰ ਦਿੱਤਾ ਜਾਂਦਾ ਸੀ। ਕਿਹਾ ਇਹ ਵੀ ਜਾਂਦਾ ਹੈ ਕਿ 'ਬੱਚਤ' ਦਾ ਇਹ ਤਰੀਕਾ ਵੀ ਪਟਵਾਰੀਆਂ ਵਲੋਂ ਰਾਜ ਭਰ 'ਚ ਪ੍ਰਚਾਰਿਤ ਕਰਵਾ ਦਿੱਤਾ ਗਿਆ ਪਰ ਇਹ ਵੀ ਸੱਚ ਹੀ ਹੈ ਕਿ ਪਟਰਵਾਰੀਆਂ ਵਲੋਂ ਹੀ ਇਹ ਮਾਮਲਾ ਪਿਛਲੇ ਮਹੀਨੇ ਹੋਈ ਮੰਤਰੀ ਪੱਧਰ ਦੀ ਬੈਠਕ 'ਚ ਸਾਹਮਣੇ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਵਿਭਾਗ ਦੇ ਨਿਯਮ ਬਦਲਣ ਦਾ ਫੈਸਲਾ ਲਿਆ ਸੀ।


Related News