6 ਕਰੋੜ 85 ਲੱਖ ਲੋਕਾਂ ਦੇ ਵਿਸਥਾਪਿਤ ਹੋਣ ਦਾ ਬਣਿਆ ਵਿਸ਼ਵ ਰਿਕਾਰਡ

06/19/2018 12:58:25 PM

ਜੈਨੇਵਾ (ਭਾਸ਼ਾ)— ਮਿਆਂਮਾਰ ਤੇ ਸੀਰੀਆ ਸਮੇਤ ਦੁਨੀਆ ਭਰ ਵਿਚ ਜੰਗ, ਹਿੰਸਾ ਅਤੇ ਸ਼ੋਸ਼ਣ ਕਾਰਨ 6 ਕਰੋੜ 85 ਲੱਖ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਏ ਹਨ। ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ (UNHCR) ਵੱਲੋਂ ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2017 ਦੇ ਅਖੀਰ ਤੱਕ ਇਹ ਗਿਣਤੀ ਸਾਲ 2016 ਦੀ ਤੁਲਨਾ ਵਿਚ ਘੱਟ ਤੋਂ ਘੱਟ 30 ਲੱਖ ਜ਼ਿਆਦਾ ਸੀ। ਇਕ ਦਹਾਕੇ ਪਹਿਲਾਂ 4 ਕਰੋੜ 27 ਲੱਖ ਲੋਕ ਬੇਘਰ ਹੋਏ ਸਨ। ਇਸ ਗਿਣਤੀ ਵਿਚ 50 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਗਿਣਤੀ ਥਾਈਲੈਂਡ ਦੀ ਪੂਰੀ ਜਨਸੰਖਿਆ ਦੇ ਬਰਾਬਰ ਹੈ। ਪੂਰੀ ਦੁਨੀਆ ਵਿਚ ਵਿਸਥਾਪਿਤ ਹੋਏ ਲੋਕਾਂ ਦੀ ਗਿਣਤੀ ਹਰੇਕ 110 ਲੋਕਾਂ ਵਿਚੋਂ ਇਕ ਵਿਅਕਤੀ ਹੈ।
ਸੰਯੁਕਤ ਰਾਸ਼ਟਰ ਵਿਚ ਵਿਸਥਾਪਿਤਾਂ ਲਈ ਹਾਈ ਕਮਿਸ਼ਨਰ ਫਿਲਿਪੋ ਗ੍ਰਾਂਡੀ ਨੇ ਕਿਹਾ,''ਅਸੀਂ ਇਕ ਅਜਿਹੇ ਮੋੜ 'ਤੇ ਹਾਂ ਜਿੱਥੇ ਦੁਨੀਆ ਭਰ ਵਿਚ ਮਜ਼ਬੂਰ ਵਿਸਥਾਪਿਤ ਲੋਕਾਂ ਦੀ ਬਿਹਤਰੀ ਦੀ ਸਫਲਤਾ ਲਈ ਨਵੇਂ ਅਤੇ ਕਿਤੇ ਜ਼ਿਆਦਾ ਵਿਆਪਕ ਦ੍ਰਿਸ਼ਟੀਕੋਣ ਦੀ ਲੋੜ ਹੈ ਤਾਂ ਜੋ ਦੇਸ਼ ਜਾਂ ਭਾਈਚਾਰਾ ਇਸ ਤੋਂ ਨਜਿੱਠਣ ਵਿਚ ਇਕੱਲਾ ਨਾ ਪੈ ਜਾਏ।'' ਉਨ੍ਹਾਂ ਨੇ ਇੱਥੇ ਰਿਪੋਰਟ ਜਾਰੀ ਕਰਨ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਕਿ ਇਨ੍ਹਾਂ ਵਿਚੋਂ 70 ਫੀਸਦੀ ਲੋਕ ਸਿਰਫ 10 ਦੇਸ਼ਾਂ ਤੋਂ ਹਨ। ਇਨ੍ਹਾਂ ਦੇਸ਼ਾਂ ਵਿਚ ਸੀਰੀਆ, ਮਿਆਂਮਾਰ, ਈਰਾਨ, ਦੱਖਣੀ ਸੂਡਾਨ ਆਦਿ ਸ਼ਾਮਲ ਹਨ।


Related News