ਫੌਜੀ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

06/19/2018 12:55:12 PM

ਭਗਤਾ ਭਾਈ (ਢਿੱਲੋਂ)-ਫੌਜੀ ਗੁਰਮੀਤ ਸਿੰਘ ਦਾ ਬੀਤੇ ਕੱਲ ਗਮਗੀਨ ਮਾਹੌਲ 'ਚ ਸਰਕਾਰੀ ਸਨਮਾਨਾਂ ਨਾਲ ਪਿੰਡ ਸਿਰੀਏ ਵਾਲਾ ਵਿਖੇ ਦੇਰ ਸ਼ਾਮ ਅੰਤਿਮ ਸੰਸਕਾਰ ਹੋਇਆ, ਜਿਸ 'ਚ ਹਰ ਵਿਅਕਤੀ ਦੀਆਂ ਅੱਖਾਂ 'ਚੋਂ ਹੰਝੂ ਵਗਦੇ ਵੇਖੇ ਗਏ, ਪਰ ਫੌਜੀ ਦੀ ਅੰਤਿਮ ਵਿਦਾਈ ਸਮੇਂ ਪੁਲਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਕਰਮੀ ਹਾਜ਼ਰ ਨਾ ਹੋਇਆ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਮ੍ਰਿਤਕ ਫੌਜੀ ਗੁਰਮੀਤ ਸਿੰਘ ਦੇ ਪਿਤਾ ਭਾਈ ਚਰਨ ਸਿੰਘ ਖੋਖਰ ਨੇ ਦੱਸਿਆ ਕਿ ਗੁਰਮੀਤ ਸਿੰਘ ਕਰੀਬ 15 ਸਾਲ ਪਹਿਲਾਂ ਫੌਜ 'ਚ ਭਰਤੀ ਹੋਇਆ ਸੀ, ਜੋ ਇਸ ਵੇਲੇ ਧਰਮਸ਼ਾਲਾ ਦੇ ਸੈਕਟਰ ਜੌਹਲ ਵਿਖੇ ਤਾਇਨਾਤ ਸੀ, ਜਿਸ ਨੇ ਬੜੇ ਹੀ ਚਾਅ ਨਾਲ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ। ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ਤੋਂ ਉਹ ਕਿਸੇ ਬੀਮਾਰੀ ਕਾਰਨ ਕਮਾਂਡ ਹਸਪਤਾਲ ਚੰਡੀਗੜ੍ਹ ਵਿਖੇ ਦਾਖਲ ਸੀ, ਜਿਸ ਦੀ ਸਾਂਭ-ਸੰਭਾਲ ਵੀ ਫੌਜ ਵੱਲੋਂ ਹੀ ਕੀਤੀ ਜਾ ਰਹੀ ਸੀ। ਬੀਤੇ ਕੱਲ ਉੁਸ ਦੀ ਮੌਤ ਦਾ ਸੁਨੇਹਾ ਆਇਆ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਗੁਰਮੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਕਮਾਂਡ ਹਸਪਤਾਲ ਤੋਂ ਫੌਜ ਵੱਲੋਂ ਹੀ ਉਸਦੇ ਜੱਦੀ ਪਿੰਡ ਸਿਰੀਏ ਵਾਲਾ ਵਿਖੇ ਤਿਰੰਗੇ ਝੰਡੇ ਵਿਚ ਲਪੇਟੇ ਹੋਏ ਬਾਕਸ ਵਿਚ ਪਹੁੰਚਾਇਆ ਗਿਆ। ਇਸ ਸਮੇਂ ਉਕਤ ਫੌਜੀ ਨੌਜਵਾਨ ਨੂੰ ਸਲਾਮੀ ਦੇਣ ਲਈ ਬਠਿੰਡਾ ਤੋਂ ਕੈਪਟਨ ਸਾਹਿਬ ਅੰਕੁਰ ਜੀ ਫੌਜੀ ਟੁਕੜੀ ਸਮੇਤ ਪਿੰਡ ਸਿਰੀਏ ਵਾਲਾ ਵਿਖੇ ਪਹੁੰਚੇ, ਜਿਨ੍ਹਾਂ ਨੇ ਆਪਣੇ ਫੌਜੀ ਨੂੰ ਹਥਿਆਰ ਪੁੱਠੇ ਕਰ ਕੇ ਸਲਾਮੀ ਦਿੱਤੀ ਤਾਂ ਇਕ ਦਮ ਮਾਹੌਲ ਗਮਗੀਨ ਹੋ ਗਿਆ ਤੇ ਗੁਰਮੀਤ ਦੇ ਮਾਤਾ ਮਨਜੀਤ ਕੌਰ, ਪਿਤਾ ਭਾਈ ਚਰਨ ਸਿੰਘ ਅਤੇ ਉਸ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਸੀ।


Related News