ਚਿੰਤਾ ਨਹੀਂ ਚਿੰਤਨ ਕਰੋ

6/19/2018 12:46:49 PM

ਨਵੀਂ ਦਿੱਲੀ— ਚਿੰਤਾਵਾਂ ਮਨੁੱਖੀ ਦਿਮਾਗ ਦਾ ਅਜਿਹਾ ਵਿਕਾਰ ਹੈ, ਜੋ ਪੂਰੇ ਮਨ ਨੂੰ ਝੰਜੋੜ ਕੇ ਰੱਖ ਦਿੰਦਾ ਹੈ। ਭਾਰਤ ਵਿਚ ਸਮੁੰਦਰਗੁਪਤ ਪ੍ਰਤਾਪੀ ਸਮਰਾਟ ਹੋਏ ਸਨ ਪਰ ਚਿੰਤਾਵਾਂ ਤੋਂ ਉਹ ਵੀ ਨਹੀਂ ਬਚ ਸਕੇ ਅਤੇ ਪ੍ਰੇਸ਼ਾਨ ਜਿਹੇ ਰਹਿਣ ਲੱਗੇ। ਇਸ 'ਤੇ ਚਿੰਤਨ ਕਰਨ ਲਈ ਉਹ ਇਕ ਦਿਨ ਜੰਗਲ ਵੱਲ ਨਿਕਲ ਪਏ।
ਉਹ ਰੱਥ 'ਤੇ ਸਵਾਰ ਸਨ। ਅਚਾਨਕ ਉਨ੍ਹਾਂ ਨੂੰ ਬਾਂਸੁਰੀ ਦੀ ਆਵਾਜ਼ ਸੁਣਾਈ ਦਿੱਤੀ। ਉਹ ਮਿੱਠੀ ਆਵਾਜ਼ ਸੁਣ ਕੇ ਉਨ੍ਹਾਂ ਸਾਰਥੀ ਨੂੰ ਰੱਥ ਹੌਲੀ ਕਰਨ ਲਈ ਕਿਹਾ ਅਤੇ ਬਾਂਸੁਰੀ ਦੀ ਆਵਾਜ਼ ਦੇ ਪਿੱਛੇ ਜਾਣ ਦਾ ਇਸ਼ਾਰਾ ਕੀਤਾ। ਕੁਝ ਦੂਰ ਜਾਣ 'ਤੇ ਸਮੁੰਦਰਗੁਪਤ ਨੇ ਦੇਖਿਆ ਕਿ ਝਰਨੇ ਤੇ ਉਸ ਦੇ ਨੇੜੇ ਮੌਜੂਦ ਦਰੱਖਤਾਂ ਦੀ ਓਟ 'ਚ ਇਕ ਮੁੰਡਾ ਬਾਂਸੁਰੀ ਵਜਾ ਰਿਹਾ ਸੀ। ਕੋਲ ਹੀ ਉਸ ਦੀਆਂ ਭੇਡਾਂ ਘਾਹ ਚਰ ਰਹੀਆਂ ਸਨ।
ਰਾਜਾ ਬੋਲਿਆ, ''ਤੂੰ ਤਾਂ ਇੰਝ ਪ੍ਰਸੰਨ ਹੋ ਕੇ ਬਾਂਸੁਰੀ ਵਜਾ ਰਿਹਾ ਏਂ, ਜਿਵੇਂ ਤੈਨੂੰ ਕਿਸੇ ਦੇਸ਼ ਦਾ ਸਾਮਰਾਜ ਮਿਲ ਗਿਆ ਹੋਵੇ।''
ਮੁੰਡਾ ਬੋਲਿਆ, ''ਸ਼੍ਰੀਮਾਨ, ਦੁਆ ਕਰੋ ਕਿ ਰੱਬ ਮੈਨੂੰ ਕੋਈ ਸਾਮਰਾਜ ਨਾ ਦੇਵੇ ਕਿਉਂਕਿ ਮੈਂ ਹੁਣ ਵੀ ਸਮਰਾਟ ਹਾਂ। ਸਾਮਰਾਜ ਮਿਲਣ 'ਤੇ ਕੋਈ ਸਮਰਾਟ ਨਹੀਂ ਬਣਦਾ, ਸਗੋਂ ਸੇਵਕ ਬਣ ਜਾਂਦਾ ਹੈ।''
ਮੁੰਡੇ ਦੀ ਗੱਲ ਸੁਣ ਕੇ ਰਾਜਾ ਹੈਰਾਨ ਰਹਿ ਗਿਆ। ਫਿਰ ਮੁੰਡਾ ਬੋਲਿਆ,''ਸੱਚਾ ਸੁੱਖ ਆਜ਼ਾਦੀ 'ਚ ਹੈ। ਵਿਅਕਤੀ ਜਾਇਦਾਦ ਨਾਲ ਆਜ਼ਾਦ ਨਹੀਂ ਬਣਦਾ, ਸਗੋਂ ਰੱਬ ਦਾ ਚਿੰਤਨ ਕਰਨ ਨਾਲ ਆਜ਼ਾਦ ਬਣਦਾ ਹੈ। ਫਿਰ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਹੀਂ ਹੁੰਦੀ। ਰੱਬ ਸੂਰਜ ਦੀਆਂ ਕਿਰਨਾਂ ਸਮਰਾਟ ਨੂੰ ਦਿੰਦਾ ਹੈ ਅਤੇ ਮੈਨੂੰ ਵੀ, ਜੋ ਜਲ ਉਨ੍ਹਾਂ ਨੂੰ ਦਿੰਦੇ ਹਨ, ਮੈਨੂੰ ਵੀ ਦਿੰਦੇ ਹਨ। ਅਜਿਹੀ ਸਥਿਤੀ ਵਿਚ ਮੇਰੇ 'ਚ ਅਤੇ ਸਮਰਾਟ 'ਚ ਸਿਰਫ ਜਾਇਦਾਦ ਦਾ ਹੀ ਫਾਸਲਾ ਹੁੰਦਾ ਹੈ। ਬਾਕੀ ਤਾਂ ਸਭ ਕੁਝ ਮੇਰੇ ਕੋਲ ਵੀ ਹੈ।''
ਇਹ ਸੁਣ ਕੇ ਰਾਜੇ ਨੇ ਮੁੰਡੇ ਨੂੰ ਆਪਣੀ ਪਛਾਣ ਦੱਸੀ। ਮੁੰਡਾ ਇਹ ਜਾਣ ਕੇ ਹੈਰਾਨ ਹੋਇਆ ਪਰ ਆਪਣੀ ਚਿੰਤਾ ਦਾ ਹੱਲ ਕੱਢਣ 'ਤੇ ਰਾਜੇ ਨੇ ਉਸ ਨੂੰ ਸਨਮਾਨਿਤ ਕੀਤਾ।
ਇਸ ਲਈ ਚਿੰਤਾ ਨਹੀਂ, ਚਿੰਤਨ ਕਰੋ। ਇਹ ਸੋਚੋ ਕਿ ਤੁਸੀਂ ਹੋਰਨਾਂ ਨਾਲੋਂ ਬਿਹਤਰ ਕਿਉਂ ਹੋ। ਇਸ ਸਵਾਲ ਦਾ ਜਵਾਬ ਜੇ ਤੁਸੀਂ ਖੁਦ ਤੋਂ ਪੁੱਛਦੇ ਹੋ ਤਾਂ ਤੁਹਾਡੀਆਂ ਚਿੰਤਾਵਾਂ ਦਾ ਨਿਵਾਰਣ ਆਪਣੇ-ਆਪ ਹੋ ਜਾਵੇਗਾ।