ਹਥਿਆਰਾਂ ਦੀ ਖੁੱਲ੍ਹੀ ਵਰਤੋਂ ਤੋਂ ਪੁਲਸ ਚਿੰਤਿਤ, ਵਧਿਆ ਲੋਕਾਂ ''ਚ ਖੌਫ

06/19/2018 12:34:18 PM

ਕਪੂਰਥਲਾ (ਭੂਸ਼ਣ)— ਬੀਤੇ ਕੁਝ ਹਫਤਿਆਂ ਦੌਰਾਨ ਸੂਬੇ 'ਚ ਇਕ ਦਮ ਵਧੀਆਂ ਅਪਰਾਧਿਕ ਵਾਰਦਾਤਾਂ ਨੇ ਜਿੱਥੇ ਪੰਜਾਬ ਪੁਲਸ ਨੂੰ ਚਿੰਤਾ ਵਿਚ ਪਾ ਦਿੱਤਾ ਹੈ, ਉਥੇ ਹੀ ਇਸ ਦੌਰਾਨ ਸੂਬੇ ਦੇ ਕਈ ਥਾਣਾ ਖੇਤਰਾਂ 'ਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਨਾਜਾਇਜ਼ ਹਥਿਆਰਾਂ ਦੀ ਕੀਤੀ ਜਾ ਰਹੀ ਵਰਤੋਂ ਨੇ ਲੋਕਾਂ ਦੇ ਮਨਾਂ 'ਚ ਭਾਰੀ ਦਹਿਸ਼ਤ ਪੈਦਾ ਕਰ ਦਿੱਤੀ ਹੈ। ਕਦੇ ਛੋਟੇ ਮੋਟੇ ਹਥਿਆਰਾਂ ਦੀ ਨੋਕ 'ਤੇ ਵਾਰਦਾਤਾਂ ਕਰਨ ਵਾਲੇ ਅਪਰਾਧਿਕ ਅਨਸਰ ਹੁਣ ਖੁੱਲ੍ਹ ਕੇ ਨਾਜਾਇਜ਼ ਹਥਿਆਰਾਂ ਦੀ ਵਰਤੋਂ ਕਰਨ ਲੱਗ ਗਏ ਹਨ, ਇਨ੍ਹਾਂ ਨੇ ਆਉਣ ਵਾਲੇ ਦਿਨਾਂ 'ਚ ਸੂਬੇ 'ਚ ਅਜਿਹੀਆਂ ਵਾਰਦਾਤਾਂ ਦੇ ਵੱਧਣ ਦਾ ਖੌਫ ਪੈਦਾ ਕਰ ਦਿੱਤਾ ਹੈ। ਸੂਬੇ ਦੇ ਕਈ ਥਾਣਾ ਖੇਤਰਾਂ 'ਚ ਬੀਤੇ ਕੁਝ ਹਫਤਿਆਂ ਦੌਰਾਨ ਹੋਈਆਂ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਵੱਲਂੋ ਇੰਨੀ ਖਤਰਨਾਕ ਹੱਦ ਤਕ ਨਾਜਾਇਜ਼ ਹਥਿਆਰਾਂ ਅਤੇ ਦੇਸੀ ਪਿਸਤੌਲਾਂ ਦਾ ਇਸਤੇਮਾਲ ਕੀਤਾ ਗਿਆ ਹੈ ਕਿ ਉਸ ਤੋਂ ਇਹ ਸਾਬਤ ਹੋ ਗਿਆ ਹੈ ਕਿ ਸੂਬੇ ਵਿਚ ਕਦੇ ਛੋਟੇ ਮੋਟੇ ਅਪਰਾਧਾਂ ਵਿਚ ਸ਼ਾਮਲ ਅਪਰਾਧੀਆਂ ਲਈ ਯੂ. ਪੀ. ਅਤੇ ਬਿਹਾਰ ਵਿਚ ਬਣੇ ਦੇਸੀ ਕੱਟੇ ਹਾਸਲ ਕਰਨਾ ਕੋਈ ਔਖਾ ਕੰਮ ਨਹੀਂ ਰਹਿ ਗਿਆ ਹੈ। ਦੱਸਿਆ ਜਾਂਦਾ ਹੈ ਕਿ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਨੂੰ ਦੂਜੇ ਸੂਬਿਆਂ ਤੋਂ ਆਉਣ ਵਾਲੇ ਦੇਸੀ ਕੱਟੇ ਸਿਰਫ5 ਹਜ਼ਾਰ ਰੁਪਏ ਤੋਂ ਲੈ ਕੇ 15 ਹਜ਼ਾਰ ਰੁਪਏ ਤਕ ਮਿਲ ਰਹੇ ਹਨ ਅਤੇ ਇਨ੍ਹਾਂ ਵਿਚ ਕਈ ਅਜਿਹੇ ਅਪਰਾਧੀ ਵੀ ਸ਼ਾਮਲ ਹਨ ਜੋ ਖੁਦ ਹੀ ਉੱਤਰ ਪ੍ਰਦੇਸ਼ ਦੇ ਮੇਰਠ ਅਤੇ ਬਿਹਾਰ ਦੇ ਭਾਗਲਪੁਰ ਵਰਗੇ ਸ਼ਹਿਰਾਂ 'ਚ ਜਾ ਕੇ ਉਥੋਂ ਦੇਸੀ ਕੱਟੇ ਖਰੀਦ ਕੇ ਲਿਆਉਂਦੇ ਹਨ, ਜਿਸ ਦਾ ਖੁਲਾਸਾ ਪੰਜਾਬ ਪੁਲਸ ਵੱਲੋਂ ਫੜੇ ਗਏ ਕਈ ਅਪਰਾਧੀ ਗੈਂਗ ਨੇ ਕੀਤਾ ਹੈ । 
ਜੇਕਰ ਪੁਲਸ ਰਿਕਾਰਡ ਵੱਲ ਨਜ਼ਰ ਮਾਰੀ ਜਾਵੇ ਤਾਂ ਪਿਛਲੇ ਕੁਝ ਮਹੀਨਿਆਂ ਦੌਰਾਨ ਸੂਬੇ ਵਿਚ ਨਾਜਾਇਜ਼ ਹਥਿਆਰਾਂ ਤੇ ਪ੍ਰਚਲਨ ਬੇਹੱਦ ਖਤਰਨਾਕ ਹੱਦ ਤੱਕ ਵੱਧ ਗਿਆ ਹੈ, ਜੋ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਵਿਚ ਕ੍ਰਾਇਮ ਦਾ ਗ੍ਰਾਫ ਵਧਣ ਵੱਲ ਸਪੱਸ਼ਟ ਸੰਦੇਸ਼ ਹੈ। ਸੂਬੇ 'ਚ ਸਮਾਜ ਵਿਰੋਧੀ ਅਨਸਰਾਂ ਨੂੰ ਨਾਜਾਇਜ਼ ਹਥਿਆਰਾਂ ਨਾਲ ਲੈਸ ਹੋ ਕੇ ਵਾਰਦਾਤਾਂ ਕਰਨ ਅਤੇ ਦੂਜੇ ਸੂਬਿਆਂ ਤੋਂ ਨਾਜਾਇਜ਼ ਹਥਿਆਰਾਂ ਦੀ ਹੋ ਰਹੀ ਸਮੱਗਲਿੰਗ ਨੂੰ ਲੈ ਕੇ ਖੁਫੀਆ ਤੰਤਰ ਵੀ ਪੰਜਾਬ ਪੁਲਸ ਨੂੰ ਅਲਰਟ ਜਾਰੀ ਕਰ ਚੁੱਕਿਆ ਹੈ। ਜਿਸ ਦੇ ਆਧਾਰ 'ਤੇ ਪੰਜਾਬ ਪੁਲਸ ਨੇ ਕੁਝ ਥਾਵਾਂ 'ਤੇ ਛਾਪਾਮਾਰੀ ਕਰਕੇ ਨਾਜਾਇਜ਼ ਹਥਿਆਰਾਂ ਸਮੇਤ ਕਈ ਅਪਰਾਧੀਆਂ ਨੂੰ ਫੜਿਆ ਗਿਆ ਹੈ ਪਰ ਅਪਰਾਧੀਆਂ ਦੇ ਕੋਲ ਲਗਾਤਾਰ ਆ ਰਹੇ ਗੈਰਕਾਨੂੰਨੀ ਹਥਿਆਰਾਂ ਨੇ ਪੁਲਸ ਤੰਤਰ ਨੂੰ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਕਰ ਦਿੱਤਾ ਹੈ। ਹੁਣ ਦੇਖਣਾ ਇਹ ਹੈ ਕਿ ਪੰਜਾਬ ਪੁਲਸ ਦੇਸੀ ਪਿਸਤੌਲ ਨਾਲ ਲੈਸ ਹੋ ਚੁੱਕੇ ਇਨ੍ਹਾਂ ਅਪਰਾਧੀ ਗੈਂਗ ਦੇ ਨਾਲ ਕਿਵੇਂ ਨਿਬੜਦੀ ਹੈ। 
ਕੀ ਕਹਿੰਦੇ ਹਨ  ਐੱਸ. ਐੱਸ. ਪੀ.
ਇਸ ਸਬੰਧ 'ਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਪਹਿਲਾਂ ਹੀ ਅਪਰਾਧੀਆਂ ਦੇ ਖਿਲਾਫ ਵੱਡੀ ਮੁਹਿੰਮ ਜਾਰੀ ਹੈ ਅਤੇ ਅਪਰਾਧੀਆਂ ਤੋਂ ਵੱਡੀ ਗਿਣਤੀ 'ਚ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ। ਨਾਜਾਇਜ਼ ਹਥਿਆਰਾਂ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।  


Related News