ਬੈਂਕ ਦੇ ਸਕਿਓਰਟੀ ਗਾਰਡ ਨੇ 1 ਲੱਖ 98 ਹਜ਼ਾਰ ਦੀ ਰਕਮ ਵਾਪਸ ਕਰ ਕੇ ਈਮਾਨਦਾਰੀ ਦੀ ਮਿਸਾਲ ਕੀਤੀ ਕਾਇਮ

06/19/2018 12:00:40 PM

ਭਾਦਸੋਂ (ਅਵਤਾਰ)-ਸਟੇਟ ਬੈਂਕ ਆਫ਼ ਇੰਡੀਆ ਦੀ ਭਾਦਸੋਂ ਬ੍ਰਾਂਚ ਦੇ ਸਕਿਓਰਿਟੀ ਗਾਰਡ ਨੇ 1 ਲੱਖ 98 ਹਜ਼ਾਰ ਰੁਪਏ ਦੀ ਰਕਮ ਵਾਪਸ ਕਰ ਕੇ ਈਮਾਨਦਾਰੀ ਦੀ ਅਨੋਖੀ ਮਿਸਾਲ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸਟੇਟ ਬੈਂਕ ਆਫ  ਇੰਡੀਆ ਦੀ ਭਾਦਸੋਂ ਬਰਾਂਚ ਦੇ ਮੈਨੇਜਰ ਨਰੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਰੈਸਲ ਦੇ ਭਵੀਸ਼ਨ ਸਿੰਘ ਪੁੱਤਰ ਮੋਤੀ ਸਿੰਘ ਨੇ ਬਰਾਂਚ ਦੇ ਕੈਸ਼ ਕਾਊਂਟਰ ਤੋਂ 1 ਲੱਖ 98 ਹਜ਼ਾਰ ਰੁਪਏ ਦੀ ਰਾਸ਼ੀ ਕਢਵਾਈ ਸੀ ਅਤੇ ਉਹ ਹੋਰ ਪੈਸੇ ਕਢਵਾਉਣ ਲਈ ਬਰਾਂਚ ਦੇ ਏ. ਟੀ. ਐੈੱਮ. 'ਤੇ ਚਲਾ ਗਿਆ। ਕੈਬਿਨ ਵਿਚ ਉਸ ਨੇ ਮਸ਼ੀਨ ਉੱਪਰ ਆਪਣੀ ਪਹਿਲਾਂ ਕਢਵਾਈ ਰਕਮ ਵਾਲਾ ਲਿਫਾਫਾ ਰੱਖ ਦਿੱਤਾ ਤੇ ਏ. ਟੀ. ਐੈੱਮ. ਤੋਂ ਪੈਸੇ ਕਢਵਾ ਕੇ ਚਲਾ ਗਿਆ। ਪਹਿਲਾਂ ਕਢਵਾਏ ਪੈਸਿਆਂ ਵਾਲਾ ਲਿਫਾਫਾ ਉਥੇ ਹੀ ਭੁੱਲ ਗਿਆ। ਕੁਝ ਸਮੇਂ ਬਾਅਦ ਬਰਾਂਚ ਦੇ ਸਕਿਓਰਿਟੀ ਗਾਰਡ ਕਸ਼ਮੀਰਾ ਸਿੰਘ ਖਿਜਰਪੁਰ ਜਦੋਂ ਏ. ਟੀ. ਐੈੱਮ. ਵਿਚ ਗਿਆ ਤਾਂ ਉਸ ਨੇ ਪੈਸਿਆਂ ਵਾਲਾ ਲਿਫਾਫਾ ਦੇਖਿਆ ਤੇ ਲਿਆ ਕੇ ਬਰਾਂਚ ਅੰਦਰ ਲਿਆਂਦਾ। ਲਿਫਾਫੇ ਵਿਚੋਂ ਮਾਲਕ ਦੀ ਬੈਂਕ ਦੀ ਪਾਸ ਬੁੱਕ ਤੋਂ ਉਸ ਦਾ ਐਡਰੈੱਸ ਨੋਟ ਕਰ ਕੇ ਉਸ ਨੂੰ ਉਸ ਦੀ ਰਕਮ ਵਾਪਸ ਕੀਤੀ। ਭਵੀਸ਼ਨ ਸਿੰਘ ਨੇ ਸਕਿਓਰਿਟੀ ਗਾਰਡ ਕਸ਼ਮੀਰਾ ਸਿੰਘ ਦੀ ਈਮਾਨਦਾਰੀ ਪ੍ਰਤੀ ਧੰਨਵਾਦ ਕੀਤਾ।


Related News