ਅੰਮ੍ਰਿਤਸਰ ''ਚ ਵਾਪਰਿਆ ਭਿਆਨਕ ਸੜਕ ਹਾਦਸਾ, 7 ਲੋਕਾਂ ਦੀ ਮੌਤ (ਵੀਡੀਓ)

06/19/2018 11:16:21 AM

ਅੰਮ੍ਰਿਤਸਰ,(ਸੰਜੀਵ, ਪ੍ਰਿਥੀਪਾਲ, ਅਠੌਲਾ, ਸੁਮਿਤ)— ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਪਣੇ ਪਰਿਵਾਰਾਂ ਨਾਲ ਘਰ ਜਾ ਰਹੇ ਦੋ ਦੋਸਤਾਂ ਦੀ ਸਕਾਰਪੀਓ ਕਾਰ ਪਿੰਡ ਖਿਲਚੀਆਂ ਨੇੜੇ ਸੜਕ ਕਿਨਾਰੇ ਖੜ੍ਹੇ ਇਕ ਟਰਾਲੇ 'ਚ ਜਾ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਸਕਾਰਪੀਓ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। 
ਦੱਸਿਆ ਜਾ ਰਿਹਾ ਹੈ ਕਿ ਗੱਡੀ ਚਲਾਉਂਦੇ ਸਮੇਂ ਸੁਨੀਲ ਕੁਮਾਰ ਦੀ ਅੱਖ ਲੱਗ ਗਈ ਤੇ ਉਹ ਗੱਡੀ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਤੇਜ਼ ਰਫਤਾਰ ਸਕਾਰਪੀਓ ਟਰਾਲੇ 'ਚ ਜਾ ਵੱਜੀ। ਹਾਦਸੇ 'ਚ ਹਰਿਆਣਾ ਤੇ ਦਿੱਲੀ ਤੋਂ ਦੋਵੇਂ ਦੋਸਤਾਂ ਸਣੇ ਉਨ੍ਹਾਂ ਦੇ ਪਰਿਵਾਰਾਂ  ਦੇ 7 ਮੈਂਬਰਾਂ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। 

PunjabKesariਹਾਦਸੇ 'ਚ ਮਰਨ ਵਾਲਿਆਂ ਦੀ ਪਛਾਣ ਡਾ. ਅਰਵਿੰਦ ਸ਼ਰਮਾ (35) ਵਾਸੀ ਦਿੱਲੀ, ਉਨ੍ਹਾਂ ਦੀ ਪਤਨੀ ਸਵਿਤਾ ਸ਼ਰਮਾ (33), ਬੇਟੀ ਮਨੀ ਸ਼ਰਮਾ (6), ਬੇਟਾ ਸ਼ਿਵਾਂਸ਼ ਸ਼ਰਮਾ (4) ਅਤੇ ਡਾ. ਅਰਵਿੰਦ ਦਾ ਦੋਸਤ ਸੁਨੀਲ ਕੁਮਾਰ (35), ਉਸ ਦੀ ਪਤਨੀ ਪੂਨਮ ਕੁਮਾਰੀ (32) ਅਤੇ ਤਿੰਨ ਸਾਲਾ ਬੇਟਾ ਵਿਰਾਜ ਵਜੋਂ ਹੋਈ ਹੈ। ਸੁਨੀਲ ਕੁਮਾਰ ਦੀ 5 ਸਾਲਾ ਬੇਟੀ ਇਸ਼ਤਾ ਇਸ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।  ਜਾਣਕਾਰੀ ਅਨੁਸਾਰ ਡਾ. ਅਰਵਿੰਦ, ਸੁਨੀਲ ਦੋਵੇਂ ਗੂੜ੍ਹੇ ਮਿੱਤਰ ਸਨ।  ਦੋਵੇਂ ਹੀ ਪਰਿਵਾਰ ਸਮੇਤ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਘਰ ਜਾ ਰਹੇ ਸਨ ਕਿ ਰਸਤੇ 'ਚ ਭਿਆਨਕ ਹਾਦਸਾ ਵਾਪਰ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਪਰਮਪਾਲ ਸਿੰਘ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰਵਾਈ।
 

PunjabKesari

ਗਰਮੀਆਂ ਦੀਆਂ ਛੁੱਟੀਆਂ 'ਚ ਘੁੰਮਣ ਨਿਕਲੇ ਸਨ ਦੋਵੇਂ ਪਰਿਵਾਰ
ਐੱਸ. ਐੱਸ. ਪੀ. ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਟਰਾਲਾ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਦੁਰਘਟਨਾ ਦੇ ਬਾਅਦ ਤੋਂ ਹੀ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਰਵਿੰਦ ਸ਼ਰਮਾ ਦਿੱਲੀ ਦੇ ਉੱਤਰ ਨਗਰ ਦਾ ਰਹਿਣ ਵਾਲਾ ਸੀ, ਜਦਕਿ ਉਸ ਦਾ ਦੋਸਤ ਸੁਨੀਲ ਕੁਮਾਰ ਹਰਿਆਣਾ ਦੇ ਝੱਜਰ ਦਾ ਰਹਿਣ ਵਾਲਾ ਸੀ ਤੇ ਉਹ ਡੀ. ਟੀ. ਸੀ. ਬੱਸ ਦਾ ਡਰਾਈਵਰ ਸੀ। ਗਰਮੀਆਂ ਦੀਆਂ ਛੁੱਟੀਆਂ ਕਾਰਨ ਦੋਵੇਂ ਪਰਿਵਾਰ ਘੁੰਮਣ ਨਿਕਲੇ ਸਨ। 5 ਦਿਨ ਪਹਿਲਾਂ ਸਕਾਰਪੀਓ ਗੱਡੀ (ਐੱਚ. ਆਰ. 19 ਜੇ 6831) ਵਿਚ ਦੋਵੇਂ ਪਰਿਵਾਰ ਘੁੰਮਣ ਨਿਕਲੇ ਸਨ।


Related News