ਇਸ ਮੁਸਲਿਮ ਕੁੜੀ ਦੇ ਕੰਮ ਨੂੰ ਤੁਸੀਂ ਵੀ ਕਰੋਗੇ ਸਲਾਮ

06/19/2018 11:08:23 AM

ਪਾਇਲ : ਜ਼ਿਲਾ ਖੰਨਾ ਦੇ ਪਾਇਲ ਹਲਕੇ ਦੀ ਰਹਿਣ ਵਾਲੀ ਇਕ ਮੁਸਲਿਮ ਕੁੜੀ ਨੇ ਲੋਕਾਂ ਦੀ ਧਾਰਨਾ ਨੂੰ ਬਦਲ ਦਿੱਤਾ ਹੈ ਅਤੇ ਸਾਬਿਤ ਕਰ ਦਿਖਾਇਆ ਹੈ ਕਿ ਮੁਸਲਿਮ ਸਮਾਜ ਗਊਵੰਸ਼ ਦਾ ਦੁਸ਼ਮਣ ਨਹੀਂ ਹੈ। ਇਸ ਮੁਸਲਿਮ ਕੁੜੀ ਦਾ ਕੰਮ ਜਾਣ ਤੁਸੀਂ ਵੀ ਇਸ ਨੂੰ ਸਲਾਮ ਕਰੋਗੇ। ਐੱਮ. ਏ. ਪਾਲਿਟੀਕਲ ਸਾਇੰਸ ਤੱਕ ਪੜ੍ਹੀ 33 ਸਾਲਾ ਸਲਮਾ ਨੇ ਆਪਣੇ ਬਲਬੂਤੇ 'ਤੇ ਘਰ 'ਚ ਹੀ 'ਮੁਸਲਿਮ ਗਊਸ਼ਾਲਾ' ਖੋਲ੍ਹੀ ਹੋਈ ਹੈ। 
ਇਹ ਕੋਈ ਆਮ ਗਊਸ਼ਾਲਾ ਨਹੀਂ ਹੈ, ਸਗੋਂ ਇਸ 'ਚ ਬਜ਼ੁਰਗ, ਸੜਕਾਂ 'ਤੇ ਹਾਦਸਿਆਂ ਦਾ ਸ਼ਿਕਾਰ ਅਤੇ ਲੋਕਾਂ ਵਲੋਂ ਤਿਆਗ ਕੀਤੀਆਂ ਗਈਆਂ ਗਊਆਂ ਅਤੇ ਬੈਲਾਂ ਨੂੰ ਰੱਖਿਆ ਗਿਆ ਹੈ। ਸਲਮਾ ਵਲੋਂ ਬਣਾਈ ਹੋਈ ਇਸ ਗਊਸ਼ਾਲਾ 'ਚ 33 ਗਊਆਂ ਅਤੇ ਬੈਲ ਹਨ, ਜਿਨ੍ਹਾਂ ਦੀ ਸੇਵਾ ਸਲਮਾ ਆਪਣੇ ਪਿਤਾ ਅਤੇ ਭੂਆ ਦੀ ਪੈਨਸ਼ਨਲ ਨਾਲ ਹੀ ਕਰ ਰਹੀ ਹੈ ਅਤੇ ਉਸ ਨੂੰ ਕਿਸੇ ਵਿਅਕਤੀ, ਸੰਸਥਾ ਜਾਂ ਵਿਭਾਗ ਦਾ ਕੋਈ ਸਹਿਯੋਗ ਨਹੀਂ ਮਿਲਦਾ। 
ਸਲਮਾ ਦੇ ਪਿਤਾ ਹੈਲਥ ਇੰਸਪੈਕਟਰ ਹਨ ਅਤੇ ਭੂਆ ਜੇ. ਬੀ. ਟੀ. ਟੀਚਰ ਰਹਿ ਚੁੱਕੀ ਹੈ। ਸਲਮਾ ਦਾ ਕਹਿਣਾ ਹੈ ਕਿ ਉਸ ਨੇ ਇਸ ਗਊਸ਼ਾਲਾ ਦੀ ਸ਼ੁਰੂਆਤ ਸਾਲ 2007 'ਚ ਉਸ ਸਮੇਂ ਕੀਤੀ ਸੀ, ਜਦੋਂ ਉਹ ਇਕ ਜ਼ਖਮੀਂ ਹੋਏ ਬੈਲ ਨੂੰ ਆਪਣੇ ਘਰ ਲੈ ਆਈ ਅਤੇ ਉਸ ਦਾ ਇਲਾਜ ਕੀਤਾ। ਇਸ ਤੋਂ ਬਾਅਦ ਬੈਲ ਉਨ੍ਹਾਂ ਦੇ ਘਰ ਹੀ ਰਹਿਣ ਲੱਗ ਪਿਆ, ਜਿਸ ਦਾ ਨਾਂ ਸਲਮਾ ਨੇ ਨੰਦੀ ਰੱਖਿਆ। ਬੈਲ ਨਾਲ ਉਸ ਦਾ ਕਾਫੀ ਮੋਹ ਪੈ ਗਿਆ। ਇਸ ਤੋਂ ਬਾਅਦ ਸਲਮਾ ਇਸੇ ਕੰਮ ਵੱਲ ਲੱਗ ਗਈ ਅਤੇ ਉਸ ਵਲੋਂ ਸ਼ੁਰੂ ਕੀਤੀ ਗਈ ਇਹ ਛੋਟੀ ਜਿਹੀ ਗਊਸ਼ਾਲਾ 'ਮੁਸਲਿਮ ਗਊਸ਼ਾਲਾ' 'ਚ ਬਦਲ ਗਈ। 
ਵਿਆਹ 'ਚ ਆ ਰਹੀਆਂ ਮੁਸ਼ਕਲਾਂ
ਸਲਮਾ ਮੁਤਾਬਕ ਇਸ ਕਾਰਨ ਉਸ ਨੂੰ ਵਿਆਹ ਕਰਨ 'ਚ ਵੀ ਕਾਫੀ ਮੁਸ਼ਕਲਾਂ ਆ ਰਹੀਆਂ ਹਨ। ਸਲਮਾ ਕਹਿੰਦੀ ਹੈ ਕਿ ਜੋ ਵੀ ਰਿਸ਼ਤਾ ਆਉਂਦਾ ਹੈ, ਮੁੰਡੇ ਵਾਲਿਆਂ ਦੀ ਇਹੀ ਮੰਗ ਹੁੰਦੀ ਹੈ ਕਿ ਉਹ ਗਊਆਂ ਨੂੰ ਛੱਡ ਦੇਵੇ ਪਰ ਸਲਮਾ ਮੁਤਾਬਕ ਇਹ ਉਨ੍ਹਾਂ ਦੇ ਪਰਿਵਾਰ ਦਾ ਅਟੁੱਟ ਅੰਗ ਹਨ ਅਤੇ ਉਨ੍ਹਾਂ ਲਈ ਉਹ ਜਾਨ ਵੀ ਦੇ ਸਕਦੀ ਹੈ ਪਰ ਉਨ੍ਹਾਂ ਨੂੰ ਛੱਡ ਨਹੀਂ ਸਕਦੀ। ਪਾਇਲ ਤੋਂ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਸਲਮਾ ਦੇ ਇਸ ਕੰਮ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਦੇਸ਼ 'ਚ ਸ਼ਾਇਦ ਹੀ ਕੋਈ ਗਊਸ਼ਾਲਾ ਹੋਵੇਗੀ, ਜਿਸ ਦੀ ਦੇਖਭਾਲ ਕੋਈ ਮੁਸਲਿਮ ਪਰਿਵਾਰ ਕਰ ਰਿਹਾ ਹੋਵੇ। ਉਨ੍ਹਾਂ ਨੇ ਇਸ ਪਰਿਵਾਰ ਦੀ ਮਦਦ ਲਈ ਸਰਕਾਰਾਂ ਨਾਲ ਗੱਲ ਕਰਨ ਦਾ ਵੀ ਭਰੋਸਾ ਦੁਆਇਆ ਹੈ।  


Related News