ਲੀਬੀਆ ਦੇ ਸਮੁੰਦਰੀ ਕੰਢੇ ਕਿਸ਼ਤੀ ਡੁੱਬਣ ਕਾਰਨ 5 ਸ਼ਰਨਾਰਥੀਆਂ ਦੀ ਮੌਤ

06/19/2018 10:34:13 AM

ਤ੍ਰਿਪੋਲੀ— ਲੀਬੀਆ ਦੇ ਸਮੁੰਦਰੀ ਕੰਢੇ ਕੋਲ ਸ਼ਰਨਾਰਥੀਆਂ ਦੀ ਇਕ ਕਿਸ਼ਤੀ ਡੁੱਬਣ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਦੇਸ਼ ਦੀ ਜਲ ਸੈਨਾ ਨੇ 100 ਤੋਂ ਵਧ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਹੈ। ਜਲ ਸੈਨਾ ਦੇ ਅਧਿਕਾਰੀ ਰਾਮੀ ਗੋਮਿਦ ਨੇ ਦੱਸਿਆ ਕਿ ਲੀਬੀਆ ਦੇ ਬਚਾਅ ਕਰਮਚਾਰੀਆਂ ਨੂੰ ਡੁੱਬ ਰਹੀ ਕਿਸ਼ਤੀ ਤੱਕ ਪਹੁੰਚਣ 'ਚ ਤਿੰਨ ਘੰਟੇ ਦਾ ਸਮਾਂ ਲੱਗਾ। ਉਨ੍ਹਾਂ ਨੇ ਕਿਹਾ, ''ਸੁਰੱਖਿਅਤ ਬਚਾਏ ਗਏ ਲੋਕਾਂ 'ਚੋਂ ਇਕ ਨੇ ਦੱਸਿਆ ਕਿ ਹਾਦਸੇ ਦੌਰਾਨ ਉਹ ਲੋਕ ਇਕ ਇਤਾਵਲੀ ਜਹਾਜ਼ ਕੋਲ ਪਹੁੰਚੇ ਸਨ ਪਰ ਉਸ ਨੇ ਸ਼ਰਨਾਰਥੀਆਂ ਨੂੰ ਬਚਾਉਣ ਤੋਂ ਇਨਕਾਰ ਕਰ ਦਿੱਤਾ।
ਡੁੱਬ ਰਹੀ ਕਿਸ਼ਤੀ ਤੋਂ ਲੀਬੀਆਈ ਬਚਾਅ ਜਹਾਜ਼ ਵਿਚ ਚੜ੍ਹਨ ਦੌਰਾਨ ਸ਼ਰਨਾਰਥੀਆਂ 'ਚ ਹਫੜਾ-ਦਫੜੀ ਮਚ ਗਈ। ਇਸ ਦੌਰਾਨ 3 ਔਰਤਾਂ ਅਤੇ ਦੋ ਬੱਚੇ ਸਮੁੰਦਰ ਵਿਚ ਡਿੱਗ ਗਏ, ਜਿਨ੍ਹਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਸਾਰੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਅਧਿਕਾਰੀ ਨੇ ਹਾਲਾਂਕਿ ਮਰਨ ਵਾਲਿਆਂ ਦੀ ਪਛਾਣ ਨਹੀਂ ਦੱਸੀ। ਉਨ੍ਹਾਂ ਨੇ ਕਿਹਾ ਕਿ ਔਰਤਾਂ ਅਤੇ ਬੱਚਿਆਂ ਸਮੇਤ ਕੁੱਲ 117 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ। ਸੁਰੱਖਿਅਤ ਬਚਾਏ ਗਏ ਸਾਰੇ ਲੋਕਾਂ ਨੂੰ ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਲਿਜਾਇਆ ਜਾ ਰਿਹਾ ਹੈ। 


Related News