ਖਾਣ-ਪੀਣ ਦੀਆਂ ਚੀਜ਼ਾਂ ਦੇ 68 ਸੈਂਪਲ ਭਰੇ, 7 ਕੁਇੰਟਲ ਫਲ ਕੀਤੇ ਨਸ਼ਟ

06/19/2018 10:26:05 AM

ਲੁਧਿਆਣਾ (ਸਹਿਗਲ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਸਿਹਤ ਵਿਭਾਗ ਵਲੋਂ ਇਸ ਮੁਹਿੰਮ ਦੌਰਾਨ ਹੁਣ ਤਕ ਖਾਣ-ਪੀਣ ਦੀਆਂ ਚੀਜ਼ਾਂ ਦੇ 68 ਸੈਂਪਲ ਭਰੇ ਗਏ ਹਨ, ਜਦੋਂ ਕਿ 7 ਕੁਇੰਟਲ ਦੇ ਕਰੀਬ ਨਾ ਖਾਣ ਯੋਗ ਫਲ-ਸਬਜ਼ੀਆਂ ਨੂੰ ਨਸ਼ਟ ਵੀ ਕਰਾਇਆ ਜਾ ਚੁੱਕਾ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲਾ ਸਿਹਤ ਅਧਿਕਾਰੀ ਡਾ. ਆਦੇਸ਼ ਕੰਗ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦੇ 28 ਸੈਂਪਲ, ਫਲਾਂ ਦੇ 14, ਬਰਫ ਦੇ 2, ਪਾਨ ਮਸਾਲੇ ਦਾ 1, ਕਾਰਬੋਨੇਟਿਡ ਪਾਣੀ ਦੇ 7, ਬੋਤਲ ਬੰਦ ਪਾਣੀ ਦੇ 2, ਚਟਣੀ ਦਾ 1 ਅਤੇ ਕਰਿਆਨਾ ਤੇ ਬੇਕਰੀ ਉਤਪਾਦਾਂ ਦੇ 13 ਸੈਂਪਲ ਲਏ ਗਏ ਹਨ। ਇਨ੍ਹਾਂ ਸੈਂਪਲਾਂ ਨੂੰ ਜਾਂਚ ਲਈ ਲੈਬ ਵਿਚ ਭੇਜਿਆ ਗਿਆ ਹੈ, ਜਿਸ ਦੀ ਰਿਪੋਰਟ ਆਉਣ 'ਤੇ ਫੇਲ ਹੋਣ ਵਾਲੇ ਸੈਂਪਲਾਂ ਦੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਡਾ. ਕੰਗ ਨੇ ਦੱਸਿਆ ਕਿ ਫਲਾਂ-ਸਬਜ਼ੀਆਂ ਅਤੇ ਹੋਰਨਾਂ ਖੁਰਾਕੀ ਵਸਤੂਆਂ, ਜਿਨ੍ਹਾਂ ਨੂੰ ਰਸਾਇਣਾਂ ਤੇ ਹੋਰਨਾਂ ਗੈਰ-ਕਾਨੂੰਨੀ ਤਰੀਕੇ ਨਾਲ ਪਕਾਇਆ ਜਾਂਦਾ ਹੈ, ਨੂੰ ਤੁਰੰਤ ਮੌਕੇ 'ਤੇ ਨਸ਼ਟ ਕਰਵਾ ਦਿੱਤਾ ਜਾਂਦਾ ਹੈ। 
ਹੁਣ ਤਕ ਸਿਹਤ ਨੂੰ ਨੁਕਸਾਨ ਕਰਨ ਵਾਲੇ ਇਸ ਤਰ੍ਹਾਂ ਦੇ 7 ਕੁਇੰਟਲ ਫਲਾਂ ਨੂੰ ਨਸ਼ਟ ਕਰਵਾਇਆ ਜਾ ਚੁੱਕਾ ਹੈ, ਜਿਸ ਵਿਚ 4 ਕੁਇੰਟਲ ਗੋਭੀ, ਡੇਢ ਕੁਇੰਟਲ ਪਪੀਤਾ, 50 ਕਿਲੋ ਅੰਬ, 20 ਕਿਲੋ ਕੇਲੇ, 40 ਕਿਲੋ  ਟਮਾਟਰ, 40 ਕਿਲੋ ਮਿਕਸ ਫਰੂਟ, ਬੇਕਰੀ ਵਿਚ ਵਰਤੋਂ ਹੋਣ ਵਾਲੇ ਰੰਗ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਜਾਰੀ ਰਹੇਗੀ ਤਾਂ ਕਿ ਲੋਕਾਂ ਨੂੰ ਰਸਾਇਣਾਂ ਦੇ ਬਿਨਾਂ ਸਾਫ਼-ਸੁਥਰੀ ਤੇ ਸ਼ੁੱਧ ਖਾਣ ਪੀਣ ਦੀਆਂ ਚੀਜ਼ਾਂ ਮਿਲ ਸਕਣ। ਇਸ ਲਈ ਲੋਕ ਵੀ ਜਾਗਰੂਕ ਹੋਣ ਅਤੇ ਖਾਣ-ਪੀਣ ਦੀਆਂ ਚੀਜ਼ਾਂ ਲੈਣ ਤੋਂ ਪਹਿਲਾਂ ਉਸ ਦੀ ਆਪਣੇ ਪੱਧਰ 'ਤੇ ਜਾਂਚ ਕਰਨ ਤੇ ਸ਼ੱਕ ਪੈਣ 'ਤੇ ਸਿਹਤ ਵਿਭਾਗ ਦੇ ਨੋਟਿਸ ਵਿਚ ਲਿਆਂਦਾ ਜਾਵੇ ਤਾਂ ਕਿ ਗਲਤ ਕਾਰੋਬਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ।


Related News