ਪ੍ਰਾਈਵੇਟ ਨੌਕਰੀਪੇਸ਼ਾ ਨਹੀਂ ਕਢਾ ਸਕਣਗੇ PF ਦਾ ਪੂਰਾ ਪੈਸਾ!

06/19/2018 10:26:24 AM

ਨਵੀਂ ਦਿੱਲੀ— ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਸੰਗਠਤ ਖੇਤਰ ਦੇ ਕਰਮਚਾਰੀਆਂ ਨੂੰ ਬੇਰੁਜ਼ਗਾਰੀ ਦੌਰਾਨ ਸਮਾਜਿਕ ਸੁਰੱਖਿਆ ਕਵਰ ਦੇਣ 'ਤੇ ਵਿਚਾਰ ਕਰ ਰਿਹਾ ਹੈ। ਜੇਕਰ ਅਜਿਹਾ ਹੋਇਆ ਤਾਂ ਤੁਸੀਂ ਨੌਕਰੀ ਛੱਡਣ ਦੇ ਬਾਅਦ ਵੀ ਪੀ. ਐੱਫ. 'ਚ ਜਮ੍ਹਾ ਪੂਰਾ ਪੈਸਾ ਨਹੀਂ ਕਢਾ ਸਕੋਗੇ। ਜਾਣਕਾਰੀ ਮੁਤਾਬਕ ਈ. ਪੀ. ਐੱਫ. ਓ. ਨੇ ਇਕ ਪ੍ਰਸਤਾਵ ਤਿਆਰ ਕੀਤਾ ਹੈ, ਜਿਸ ਮੁਤਾਬਕ ਇਕ ਮਹੀਨਾ ਬੇਰੁਜ਼ਗਾਰ ਰਹਿਣ 'ਤੇ ਪੀ. ਐੱਫ. ਦੀ 60 ਫੀਸਦੀ ਰਕਮ ਹੀ ਕਢਾਈ ਜਾ ਸਕੇਗੀ। ਜੇਕਰ ਪ੍ਰਸਤਾਵ ਨੂੰ ਹਰੀ ਝੰਡੀ ਮਿਲਦੀ ਹੈ ਤਾਂ ਕੁਝ ਮਾਮਲਿਆਂ 'ਚ ਸਿਰਫ 3 ਮਹੀਨਿਆਂ ਦੀ ਤਨਖਾਹ ਦੇ ਬਰਾਬਰ ਹੀ ਪੀ. ਐੱਫ. 'ਚੋਂ ਪੈਸਾ ਕਢਾ ਸਕੋਗੇ। ਮੌਜੂਦਾ ਸਮੇਂ ਲਗਾਤਾਰ ਦੋ ਮਹੀਨਿਆਂ ਤਕ ਬੇਰੁਜ਼ਗਾਰ ਰਹਿਣ 'ਤੇ ਪੀ. ਐੱਫ. ਦੀ ਪੂਰੀ ਰਕਮ ਕਢਾਈ ਜਾ ਸਕਦੀ ਹੈ।

ਹਾਲਾਂਕਿ ਤਿੰਨ ਮਹੀਨਿਆਂ ਤੋਂ ਵਧ ਸਮੇਂ ਤਕ ਬੇਰੁਜ਼ਗਾਰ ਰਹਿਣ 'ਤੇ ਪੀ. ਐੱਫ. ਦੀ 80 ਫੀਸਦੀ ਰਾਸ਼ੀ, ਜਾਂ ਫਿਰ 2 ਮਹੀਨਿਆਂ ਦੀ ਤਨਖਾਹ ਦੇ ਬਰਾਬਰ ਰਾਸ਼ੀ, ਜੋ ਵੀ ਘੱਟ ਹੋਵੇਗੀ ਕਢਾਈ ਜਾ ਸਕੇਗੀ। ਈ. ਪੀ. ਐੱਫ. ਓ. ਦਾ ਕਹਿਣਾ ਹੈ ਕਿ ਸੇਵਾਮੁਕਤੀ ਦੀ ਉਮਰ ਤੋਂ ਪਹਿਲਾਂ ਹੀ ਵੱਡੀ ਗਿਣਤੀ 'ਚ ਕਰਮਚਾਰੀ ਪੀ. ਐੱਫ. ਦੀ ਰਕਮ ਕਢਾ ਰਹੇ ਹਨ। ਇਸ ਕਾਰਨ ਉਨ੍ਹਾਂ ਦੀ ਮੈਂਬਰਸ਼ਿਪ ਜਲਦੀ ਖਤਮ ਹੋ ਜਾਂਦੀ ਹੈ ਅਤੇ ਉਨ੍ਹਾਂ ਦੀ ਤੇ ਉਨ੍ਹਾਂ ਦੇ ਪਰਿਵਾਰ ਦੀ ਸਮਾਜਿਕ ਸੁਰੱਖਿਆ ਪ੍ਰਭਾਵਿਤ ਹੁੰਦੀ ਹੈ। ਇਸ ਲਈ ਬੇਰੁਜ਼ਗਾਰੀ ਦੌਰਾਨ ਮੈਂਬਰ ਨੂੰ ਸਮਾਜਿਕ ਸੁਰੱਖਿਆ ਕਵਰ ਦਿਵਾਉਣ ਦੀ ਤਤਕਾਲ ਜ਼ਰੂਰਤ ਹੈ। ਪ੍ਰਸਤਾਵ ਨੂੰ ਲਾਗੂ ਕਰਨ ਲਈ ਕਿਰਤ ਅਤੇ ਰੁਜ਼ਗਾਰ ਮੰਤਰਾਲਾ ਨੂੰ ਇਕ ਨੋਟੀਫਿਕੇਸ਼ਨ ਜ਼ਰੀਏ ਈ. ਪੀ. ਐੱਫ. ਯੋਜਨਾ 1952 'ਚ ਬਦਲਾਅ ਕਰਨੇ ਹੋਣਗੇ।


Related News