ਪੀਣ ਵਾਲੇ ਗੰਦੇ ਪਾਣੀ ਦੀ ਸਮੱਸਿਆ ਦੀ ਜੜ੍ਹ ਤਕ ਨਹੀਂ ਜਾ ਰਿਹਾ ਪ੍ਰਸ਼ਾਸਨ

06/19/2018 7:36:04 AM

ਚੰਡੀਗੜ੍ਹ, (ਸਾਜਨ)- ਮੌਲੀਜਾਗਰਾਂ ਤੇ ਇੰਦਰਾ ਕਾਲੋਨੀ 'ਚ ਗੰਦੇ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਮਾਮਲੇ 'ਚ ਨਾ ਤਾਂ ਪ੍ਰਸਾਸ਼ਨ ਤੇ ਨਾ ਹੀ ਨਗਰ ਨਿਗਮ ਗੰਭੀਰ ਹੈ। ਮੌਲੀਜਾਗਰਾਂ ਤੇ ਵਿਕਾਸ ਨਗਰ ਇਲਾਕੇ 'ਚ ਤਾਂ ਗੰਦੇ ਪੀਣ ਵਾਲੇ ਪਾਣੀ ਦੀ ਸਪਲਾਈ ਕਾਰਨ ਚਾਰ-ਪੰਜ ਸਾਲ ਪਹਿਲਾਂ ਤਿੰਨ ਦਰਜਨ ਮੌਤਾਂ ਵੀ ਹੋ ਚੁੱਕੀਆਂ ਹਨ ਪਰ ਬਾਵਜੂਦ ਇਸਦੇ ਇਲਾਕੇ 'ਚ ਗੰਦੇ ਪਾਣੀ ਦੀ ਸਪਲਾਈ ਹੋਣਾ ਆਮ ਗੱਲ ਹੋ ਗਈ ਹੈ।  ਨਗਰ ਨਿਗਮ ਨੇ ਇਸ ਇਲਾਕੇ 'ਚ ਹਾਲਾਂਕਿ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਨਵਾਂ ਟਿਊਬਵੈੱਲ ਲਾਇਆ ਸੀ, ਜਿਥੇ ਦਾਅਵਾ ਕੀਤਾ ਗਿਆ ਸੀ ਕਿ ਲੰਬੇ ਸਮੇਂ ਤਕ ਪਾਣੀ ਦੀ ਸਪਲਾਈ ਕੀਤੀ ਜਾਵੇਗੀ ਤਾਂ ਕਿ ਲੋਕ ਪਾਣੀ ਇਕੱਠਾ ਨਾ ਕਰਨ ਪਰ ਬਾਵਜੂਦ ਇਸਦੇ ਹਾਲਾਤ ਨਹੀਂ ਸੁਧਰ ਰਹੇ। 
ਜਾਣਕਾਰੀ ਅਨੁਸਾਰ ਇਥੇ ਨਿਗਮ ਜਾਂ ਪ੍ਰਸ਼ਾਸਨ ਵਲੋਂ ਕੋਈ ਚੈਕਿੰਗ ਨਹੀਂ ਕੀਤੀ ਜਾਂਦੀ। ਲੋਕਾਂ ਨੇ ਘਰਾਂ 'ਚ ਮੋਟਰਾਂ ਲਾਈਆਂ ਹੋਈਆਂ ਹਨ, ਜਿਨ੍ਹਾਂ ਤੋਂ ਨਿਗਮ ਦੀ ਪਾਈਪ ਲਾਈਨ ਤੋਂ ਘਰਾਂ 'ਚ ਜ਼ਮੀਨ ਅੰਦਰ ਬਣੇ ਟੈਂਕਾਂ 'ਚ ਪਾਣੀ ਖਿੱਚਿਆ ਜਾਂਦਾ ਹੈ। ਹਾਲਾਂਕਿ ਸੀਵਰੇਜ ਲਾਈਨ ਵੀ ਨਾਲ-ਨਾਲ ਹੀ ਹੈ ਜੇਕਰ ਕਿਤੋਂ ਲੀਕੇਜ ਹੈ ਤਾਂ ਗੰਦਾ ਪਾਣੀ ਪੀਣ ਵਾਲੇ ਪਾਣੀ 'ਚ ਮਿਲ ਜਾਂਦਾ ਹੈ। 
ਜਦੋਂ ਮੌਲੀਜਾਗਰਾਂ ਤੇ ਵਿਕਾਸ ਨਗਰ 'ਚ ਪਹਿਲਾਂ ਡਾਇਰੀਆ ਫੈਲਿਆ ਸੀ ਤਾਂ ਪ੍ਰਸ਼ਾਸਨ ਅਤੇ ਨਿਗਮ ਨੇ ਇਹੀ ਕਾਰਨ ਦੱਸਿਆ ਸੀ ਪਰ ਸਮੱਸਿਆ ਸਾਹਮਣੇ ਆਉਣ ਤੋਂ ਬਾਅਦ ਵੀ ਇਸ 'ਤੇ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ। ਕਾਲੋਨੀ 'ਚ ਲੋਕ ਹੁਣ ਵੀ ਮੋਟਰਾਂ ਤੋਂ ਪਾਣੀ ਖਿੱਚ ਰਹੇ ਹਨ ਪਰ ਨਿਗਮ ਇਸ 'ਤੇ ਧਿਆਨ ਨਹੀਂ ਦਿੰਦਾ। ਇੰਦਰਾ ਕਾਲੋਨੀ 'ਚ ਵੀ ਲੋਕ ਗੰਦੇ ਪੀਣ ਵਾਲੇ ਪਾਣੀ ਦੀ ਸਪਲਾਈ ਕਾਰਨ ਬੀਮਾਰ ਹੋ ਚੁੱਕੇ ਹਨ। ਇਥੋਂ ਦੇ ਬਹੁਤ ਸਾਰੇ ਬਾਸ਼ਿੰਦੇ ਮਨੀਮਾਜਰਾ ਹਸਪਤਾਲ 'ਚ ਭਰਤੀ ਹੋਏ ਸਨ ਪਰ ਇਥੇ ਵੀ ਹਾਲਾਤ ਸੁਧਰਨ ਦਾ ਨਾਂ ਨਹੀਂ ਲੈ ਰਹੇ। ਪ੍ਰਸ਼ਾਸਨ ਸਮੱਸਿਆ ਦੀ ਜੜ੍ਹ ਤਕ ਨਹੀਂ ਜਾ ਰਿਹਾ।
ਨਿਗਮ ਨੇ ਲਏ ਸੈਂਪਲ, ਠੀਕ ਦਾ ਦਾਅਵਾ 
ਚੰਡੀਗੜ੍ਹ, (ਰਾਏ)- ਮੌਲੀ ਕੰਪਲੈਕਸ ਵਿਚ ਗੰਦੇ ਪਾਣੀ ਦੀ ਸਪਲਾਈ ਤੋਂ ਬਾਅਦ ਡਾਇਰੀਆ ਫੈਲਣ ਨਾਲ ਦਰਜਨਾਂ ਪਰਿਵਾਰਾਂ ਦੇ ਬੀਮਾਰ ਹੋਣ ਦੀ ਘਟਨਾ ਤੋਂ ਬਾਅਦ ਨਿਗਮ ਨੇ ਪਾਣੀ ਦੇ ਸੈਂਪਲ ਲਏ । ਨਿਗਮ ਦੇ ਮੇਅਰ ਦੇਵੇਸ਼ ਮੌਦਗਿਲ ਮੁਤਾਬਿਕ ਪਾਣੀ ਦੇ ਸੈਂਪਲ ਠੀਕ ਪਾਏ ਗਏ । ਉਥੇ ਹੀ ਮੇਅਰ ਮੁਤਾਬਿਕ 99 ਫ਼ੀਸਦੀ ਸੈਂਪਲ ਠੀਕ ਪਾਏ ਗਏ ਹਨ । 
ਮੇਅਰ ਦਾ ਕਹਿਣਾ ਹੈ ਕਿ ਸੈਂਪਲਿੰਗ ਪੂਰੀ ਹੋ ਚੱਕੀ ਹੈ ਤੇ ਰਿਪੋਰਟ ਮੰਗਲਵਾਰ ਨੂੰ ਆਏਗੀ, ਹਾਲਾਂਕਿ ਰੋਗ ਦਾ ਕੀ ਕਾਰਨ ਰਿਹਾ, ਇਹ ਪਤਾ ਨਹੀਂ ਲਗ ਸਕਿਆ ਹੈ । ਮੇਅਰ ਨੇ ਕਿਹਾ ਕਿ ਪਿਛਲੀ ਰਾਤ ਤੇ ਅੱਜ ਸਵੇਰੇ ਪਾਣੀ ਦੇ ਸੈਂਪਲ ਲਈ ਗਏ ਸਨ, ਜੋ ਠੀਕ ਪਾਏ ਗਏ ਹਨ ।


Related News