ਲੜਕੀ ਨੇ ਸਾਥੀਆਂ ਨਾਲ ਮਿਲ ਕੇ ਸਰਵਿਸ ਪ੍ਰੋਵਾਈਡਰ ਕੀਤਾ ਅਗਵਾ

06/19/2018 7:11:45 AM

ਖਰੜ, (ਰਣਬੀਰ)- ਕਈ ਵਾਰ ਇਨਸਾਨੀਅਤ ਵਜੋਂ ਕਿਸੇ ਦਾ ਭਲਾ ਕਰਨਾ ਵੀ ਮਹਿੰਗਾ ਪੈ ਜਾਂਦਾ ਹੈ। ਅਜਿਹਾ ਹੀ ਇਕ ਭਾਣਾ ਖਰੜ ਵਿਖੇ ਉਦੋਂ ਵਾਪਰਿਆ, ਜਦੋਂ ਇਕ ਲੜਕੀ, ਜੋ ਨੌਕਰੀ ਲੈਣ ਦੇ ਬਹਾਨੇ ਇਕ ਸਰਵਿਸ ਪ੍ਰੋਵਾਈਡਰ ਨੂੰ ਮਿਲਣ ਆਈ ਸੀ, ਸਾਜ਼ਿਸ਼ ਤਹਿਤ ਆਪਣੇ ਸਾਥੀਆਂ ਨਾਲ ਮਿਲ ਕੇ ਅਖੀਰ ਉਸੇ ਵਿਅਕਤੀ ਨੂੰ ਹੀ ਲੁੱਟ ਕੇ ਲੈ ਗਈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। 
ਇਕੱਲੀ ਹੋਣ ਦਾ ਬਹਾਨਾ ਬਣਾ ਕੇ ਖਰੜ 'ਚ ਛੱਡਣ ਲਈ ਕਿਹਾ
ਜਾਂਚ ਕਰ ਰਹੇ ਏ. ਐੈੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਨੋਜ ਕੁਮਾਰ ਵਾਸੀ ਮੋਹਾਲੀ ਸਰਵਿਸ ਪ੍ਰੋਵਾਈਡਰ ਵਜੋਂ ਕੰਮ ਕਰਦਾ ਹੈ ਤੇ ਇਸਦੇ ਨਾਲ ਹੀ ਉਹ ਆਪਣੀ ਨਿੱਜੀ ਕੰਪਨੀ ਵਿਚ ਲੋਕਾਂ ਨੂੰ ਕੰਮ 'ਤੇ ਰੱਖਦਾ ਹੈ। ਮਨਪ੍ਰੀਤ ਕੌਰ ਨਾਂ ਦੀ ਔਰਤ ਉਸਦੀ ਪਹਿਲਾਂ ਹੀ ਜਾਣਕਾਰ ਹੈ, ਜੋ ਲੜਕੀਆਂ ਨੂੰ ਕੰਮ 'ਤੇ ਰੱਖਣ ਲਈ ਅਕਸਰ ਉਸ ਕੋਲ ਭੇਜ ਦਿੰਦੀ ਹੈ। ਬੀਤੇ ਦਿਨੀਂ ਮਨਪ੍ਰੀਤ ਨੇ ਕਿਹਾ ਕਿ ਉਸ ਕੋਲ ਇਕ ਲੜਕੀ ਹੈ, ਜਿਸਨੂੰ ਨੌਕਰੀ 'ਤੇ ਰਖਵਾਉਣਾ ਹੈ। 14 ਤਰੀਕ ਨੂੰ ਮਨਪ੍ਰੀਤ ਨੇ ਮਨੋਜ ਨੂੰ ਫੋਨ ਰਾਹੀਂ ਮੋਹਾਲੀ ਬੱਸ ਅੱਡੇ 'ਤੇ ਸੱਦ ਲਿਆ। ਮਨੋਜ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਕਾਰ 'ਚ ਉਕਤ ਥਾਂ 'ਤੇ ਚਲਾ ਗਿਆ, ਜਿਥੇ ਮਨਪ੍ਰੀਤ ਨੇ ਉਸ ਲੜਕੀ ਦਾ ਨਾਂ ਪਰਮਜੀਤ ਕੌਰ ਦੱਸ ਕੇ ਉਸਨੂੰ ਮਿਲਾਇਆ। ਮਨਪ੍ਰੀਤ ਦੇ ਕਹਿਣ 'ਤੇ ਉਹ ਉਨ੍ਹਾਂ ਦੋਵਾਂ ਨੂੰ ਫੇਜ਼-4 'ਚ ਲੈ ਗਿਆ, ਜਿਥੇ ਮਨਪ੍ਰੀਤ ਨੇ ਕਿਹਾ ਕਿ ਉਸਨੇ ਜਲਦੀ ਜਾਣਾ ਹੈ, ਇਸ ਲਈ ਪਰਮਜੀਤ ਕੌਰ ਦੀ ਇੰਟਰਵਿਊ ਲੈ ਕੇ ਇਸਨੂੰ ਵੀ ਭੇਜ ਦੇਣਾ। ਇੰਟਰਵਿਊ ਦੌਰਾਨ ਪਰਮਜੀਤ ਨੇ ਆਪਣੇ ਘਰ ਦਾ ਪਤਾ ਤਾਂ ਨਹੀਂ ਦੱਸਿਆ ਪਰ ਉਸਨੇ ਇਹ ਜ਼ਰੂਰ ਦੱਸਿਆ ਕਿ ਉਸਦਾ ਤਲਾਕ ਹੋ ਚੁੱਕਾ ਹੈ, ਜਿਸਦਾ ਅੱਗੇ-ਪਿੱਛੇ ਕੋਈ ਵੀ ਨਹੀਂ ਹੈ। ਮਨੋਜ ਕੁਮਾਰ ਮੁਤਾਬਕ ਉਸਨੇ ਉਸਨੂੰ ਨੌਕਰੀ 'ਤੇ ਲਵਾਉਣ ਦਾ ਭਰੋਸਾ ਦਿੰਦੇ ਹੋਏ ਆਪਣੇ ਵਲੋਂ ਉਥੋਂ ਜਾਣ ਦੀ ਇਜਾਜ਼ਤ ਦੇ ਦਿੱਤੀ ਪਰ ਇਸ 'ਤੇ ਪਰਮਜੀਤ ਕੌਰ ਨੇ ਕਿਹਾ ਕਿ ਉਹ ਇਕੱਲੀ ਹੈ ਜੇ ਹੋ ਸਕਦਾ ਤਾਂ ਉਸਨੂੰ ਖਰੜ ਤਕ ਛੱਡ ਦਿਓ। ਇਸ ਦੌਰਾਨ ਉਹ ਫੋਨ 'ਤੇ ਕਿਸੇ ਨਾਲ ਗੱਲਬਾਤ ਕਰਦੀ ਰਹੀ। 
ਸਾਜ਼ਿਸ਼ ਤਹਿਤ ਦਿੱਤਾ ਵਾਰਦਾਤ ਨੂੰ ਅੰਜਾਮ ਢਾਬੇ 'ਤੇ ਖੜ੍ਹੇ ਤਿੰਨ ਨੌਜਵਾਨਾਂ ਨੇ ਕੀਤੀ ਅਗਵਾ
ਪੁੱਛਣ 'ਤੇ ਉਸਨੇ ਦੱਸਿਆ ਕਿ ਉਹ ਮਨਪ੍ਰੀਤ ਕੌਰ ਨਾਲ ਗੱਲ ਕਰ ਰਹੀ ਹੈ, ਜੋ ਮੋਰਿੰਡਾ ਰੋਡ 'ਤੇ ਸਥਿਤ ਇਕ ਢਾਬੇ 'ਤੇ ਦੋਬਾਰਾ ਆ ਰਹੀ ਹੈ। ਪਰਮਜੀਤ ਕੌਰ ਦੇ ਕਹਿਣ 'ਤੇ ਮਨੋਜ ਉਸਨੂੰ ਉਕਤ ਥਾਂ ਢਾਬੇ 'ਤੇ ਲੈ ਗਿਆ ਪਰ ਉਥੇ ਪੁੱਜਦਿਆਂ ਹੀ ਬੋਲੈਰੋ ਗੱਡੀ 'ਚ ਸਵਾਰ 3 ਨੌਜਵਾਨ ਉਥੇ ਆਏ, ਜਿਨ੍ਹਾਂ ਨੂੰ ਵੇਖ ਕੇ ਪਰਮਜੀਤ ਕੌਰ ਕਹਿਣ ਲੱਗੀ ਕਿ ਇਹ ਉਸਦੇ ਵੀਰ ਗੁਰਪ੍ਰੀਤ ਸਿੰਘ ਤੇ ਜਸਪਾਲ ਸਿੰਘ ਹਨ ਤੇ ਉਨ੍ਹਾਂ ਨਾਲ ਜਾਣ ਬਾਰੇ ਕਹਿਣ ਲੱਗੀ। ਉਕਤ ਤਿੰਨੇ ਨੌਜਵਾਨਾਂ ਨੇ ਉਸ (ਮਨੋਜ) ਕੋਲ ਆ ਕੇ ਕੁੱਟ-ਮਾਰ ਕਰਦਿਆਂ ਚੁੱਕ ਕੇ ਉਸਨੂੰ ਗੱਡੀ ਵਿਚ ਸੁੱਟ ਲਿਆ ਤੇ ਮੋਰਿੰਡਾ ਵੱਲ ਲੈ ਗਏ ਤੇ ਉਥੇ ਇਕ ਲਿੰਕ ਸੜਕ 'ਤੇ ਲਿਜਾ ਕੇ ਦੁਬਾਰਾ ਕੁੱਟ-ਮਾਰ ਕੀਤੀ ਤੇ ਉਸਦੀ ਕਾਰ ਦੀ ਤਲਾਸ਼ੀ ਲੈਂਦਿਆਂ ਉਸ ਵਿਚੋਂ 60 ਹਜ਼ਾਰ ਦੀ ਨਕਦੀ, ਉਸਦੇ ਡੈਬਿਟ ਤੇ ਕ੍ਰੈਡਿਟ ਕਾਰ ਲੈ ਲਏ। ਦੋਬਾਰਾ ਗੱਡੀ 'ਚ ਪਾ ਕੇ ਉਹ ਉਸਨੂੰ ਮੋਰਿੰਡਾ ਲੈ ਆਏ ਤੇ ਉਨ੍ਹਾਂ ਪਰਮਜੀਤ ਕੌਰ ਨੂੰ ਉਥੇ ਹੀ ਛੱਡ ਦਿੱਤਾ। ਇਸ ਮਗਰੋਂ ਉਨ੍ਹਾਂ ਮਨੋਜ ਨੂੰ ਧਮਕੀ ਦਿੱਤੀ ਕਿ ਉਹ ਉਸ 'ਤੇ ਜਬਰ-ਜ਼ਨਾਹ ਦਾ ਕੇਸ ਪਵਾ ਦੇਣਗੇ। ਉਸ ਤੋਂ ਉਨ੍ਹਾਂ ਡੈਬਿਟ ਤੇ ਕ੍ਰੈਡਿਟ ਕਾਰਡਾਂ ਦੇ ਕੋਡ ਨੰਬਰ ਲੈ ਲਏ ਤੇ ਮੋਰਿੰਡਾ ਨੈਸ਼ਨਲ ਬੈਂਕ ਦੇ ਏ. ਟੀ. ਐੱਮ. 'ਚੋਂ ਉਨ੍ਹਾਂ ਉਸਦੇ ਕਾਰਡ ਰਾਹੀਂ ਰੁਪਏ ਵੀ ਕੱਢਵਾ ਲਏ। ਇਸ ਤੋਂ ਇਲਾਵਾ ਉਨ੍ਹਾਂ ਉਸਦੇ ਕਰੈਡਿਟ ਕਾਰਡ ਨਾਲ ਸ਼ਾਪਿੰਗ ਵੀ ਕੀਤੀ।
ਜਾਨੋਂ ਮਾਰਨ ਦੀ ਧਮਕੀ ਦਿੱਤੀ
ਉਹ ਉਸਨੂੰ ਗੱਡੀ 'ਚ ਪਾ ਕੇ ਖਰੜ ਵੱਲ ਲੈ ਆਏ। ਰਸਤੇ ਵਿਚ ਉਸ ਦੇ ਹੱਥੋਂ ਸੋਨੇ ਦੀ ਮੁੰਦਰੀ ਵੀ ਉਤਾਰ ਲਈ ਤੇ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਸਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸਨੂੰ ਜਾਨੋਂ ਮਾਰ ਦੇਣਗੇ। ਵਾਰਦਾਤ ਦਾ ਸ਼ਿਕਾਰ ਵਿਅਕਤੀ ਨੇ ਆਪਣੇ ਘਰ ਪਤਨੀ ਸਮੇਤ ਜਾਣਕਾਰ ਨੂੰ ਸਾਰੀ ਗੱਲ ਦੱਸੀ, ਜਿਨ੍ਹਾਂ ਉਸਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਖਰੜ 'ਚ ਭਰਤੀ ਕਰਵਾਇਆ। ਇਸਦੀ ਸੂਚਨਾ ਪੁਲਸ ਨੂੰ ਮਿਲਦਿਆਂ ਹੀ ਸਦਰ ਪੁਲਸ ਨੇ ਉਕਤ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਪਰਮਜੀਤ ਕੌਰ ਤੇ ਇਕ ਹੋਰ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਦਿਆਂ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 


Related News