ਗਰਮੀਆਂ ਦੇ ਮੌਸਮ ''ਚ ਵਧੀਆਂ ਚੋਰੀ ਦੀਆਂ ਵਾਰਦਾਤਾਂ

06/19/2018 6:59:45 AM

ਚੰਡੀਗੜ੍ਹ, (ਸੁਸ਼ੀਲ)- ਗਰਮੀਆਂ ਦੇ ਮੌਸਮ 'ਚ ਚੋਰਾਂ ਨੇ ਵਾਹਨ ਤੇ ਘਰਾਂ 'ਚ ਚੋਰੀ ਕਰਕੇ ਹੜਕੰਪ ਮਚਾਇਆ ਹੋਇਆ ਹੈ। ਥਾਣਾ ਪੁਲਸ ਤੇ ਪੀ. ਸੀ. ਆਰ. ਵਲੋਂ ਗਸ਼ਤ ਕਰਨ ਦੇ ਬਾਵਜੂਦ ਚੋਰੀ ਦੀਆਂ ਵਾਰਦਾਤਾਂ ਰੋਕਣ 'ਚ ਚੰਡੀਗੜ੍ਹ ਪੁਲਸ ਅਸਫਲ ਹੋ ਚੁੱਕੀ ਹੈ। ਹਰ ਵਾਰ ਦੀ ਤਰ੍ਹਾਂ ਪੁਲਸ ਨੂੰ ਚੋਰੀ ਦੀ ਵਾਰਦਾਤ ਕਈ ਘੰਟਿਆਂ ਬਾਅਦ ਪਤਾ ਲਗਦੀ ਹੈ ਜਦੋਂ ਚੋਰ ਸ਼ਹਿਰ 'ਚੋਂ ਫਰਾਰ ਹੋ ਜਾਂਦੇ ਹਨ। ਪਿਛਲੇ ਪੰਜ ਮਹੀਨਿਆਂ 'ਚ ਚੋਰ 480 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ, ਜਿਨ੍ਹਾਂ 'ਚ ਵਾਹਨ ਚੋਰੀ ਦੀਆਂ 280 ਘਟਨਾਵਾਂ, 111 ਘਰਾਂ 'ਚ ਚੋਰੀ ਤੇ 89 ਹੋਰ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਹਨ। 
ਚੰਡੀਗੜ੍ਹ ਪੁਲਸ ਇਸ ਸਾਲ ਹੋਏ ਹਾਈ ਪ੍ਰੋਫਾਈਲ ਚੋਰੀ ਦੇ ਕੇਸਾਂ ਨੂੰ ਸੁਲਝਾਅ ਨਹੀਂ ਸਕੀ ਹੈ। ਸਾਰੇ ਮਾਮਲਿਆਂ ਦੀ ਜਾਂਚ ਫਾਈਲਾਂ 'ਚ ਦੱਬ ਕੇ ਰਹਿ ਗਈ ਹੈ। ਪੁਲਸ ਨੂੰ 10 ਅਪ੍ਰੈਲ ਨੂੰ ਸੈਕਟਰ-42 'ਚ ਦੁਕਾਨਦਾਰ ਰਾਜਿੰਦਰ ਗੁਪਤਾ ਦੀ ਕੋਠੀ 'ਚੋਂ ਇਕ ਕਰੋੜ ਰੁਪਏ ਦੇ ਗਹਿਣੇ ਤੇ ਪੰਜ ਲੱਖ ਰੁਪਏ ਚੋਰੀ ਕਰਨ ਵਾਲਿਆਂ ਦਾ ਵੀ ਨਹੀਂ ਪਤਾ ਚੱਲ ਸਕਿਆ। 
ਇਸ ਤੋਂ ਇਲਾਵਾ ਸੈਕਟਰ-8 ਸਥਿਤ ਬਿਜ਼ਨੈੱਸਮੈਨ ਦੀ ਕੋਠੀ 'ਚੋ ਲੱਖਾਂ ਰੁਪਏ ਦੇ ਗਹਿਣਿਆਂ ਨਾਲ ਭਰੀ ਤਿਜੌਰੀ ਨੂੰ ਵੀ ਚੋਰੀ ਕਰਨ ਵਾਲੇ ਦਾ ਪੁਲਸ ਕੋਈ ਸੁਰਾਗ ਨਹੀਂ ਲਾ ਸਕੀ। ਹਾਲਾਂਕਿ ਤਿਜੌਰੀ ਕੋਠੀ ਦੇ ਪਿੱਛੋਂ ਮਿਲ ਗਈ ਸੀ।  
ਮਾਲਕ ਅੰਦਰ ਸੁੱਤੇ ਰਹਿੰਦੇ, ਚੋਰ ਕਰ ਜਾਂਦੇ ਹਨ ਹੱਥ ਸਾਫ
ਚੋਰੀ ਦੀਆਂ ਵਾਰਦਾਤਾਂ 'ਚ ਮਾਲਕ ਕੋਠੀਆਂ ਤੇ ਮਕਾਨਾਂ ਅੰਦਰ ਸੌਂਦੇ ਰਹਿੰਦੇ ਹਨ ਤੇ ਚੋਰ ਅੰਦਰ ਵੜ ਕੇ ਗਹਿਣਿਆਂ ਤੇ ਨਕਦੀ 'ਤੇ ਹੱਥ ਸਾਫ ਕਰ ਜਾਂਦੇ ਹਨ ਪਰ ਮਾਲਕ ਨੂੰ ਭਿਣਕ ਤਕ ਨਹੀਂ ਲਗਦੀ। ਸਵੇਰੇ ਉੱਠਣ 'ਤੇ ਹੀ ਚੋਰੀ ਦੀ ਵਾਰਦਾਤ ਦਾ ਪਤਾ ਲਗਦਾ ਹੈ। ਪੁਲਸ ਦਾ ਕਹਿਣਾ ਹੈ ਕਿ ਗਰਮੀਆਂ ਦੇ ਮੌਸਮ 'ਚ ਕੂਲਰ ਤੇ ਏ. ਸੀ. ਦੀ ਆਵਾਜ਼ 'ਚ ਰਾਤ ਨੂੰ ਸੌਣ ਵਾਲਿਆਂ ਨੂੰ ਕੁਝ ਸੁਣਾਈ ਨਹੀਂ ਦਿੰਦਾ, ਜਿਸਦਾ ਫਾਇਦਾ ਚੋਰ ਚੁੱਕਦੇ ਹਨ। ਸੈਕਟਰ-42 ਤੇ ਸੈਕਟਰ-8 'ਚ ਹੋਈ ਚੋਰੀ ਦੇ ਸਮੇਂ ਮਾਲਕ ਆਪਣੇ ਘਰ 'ਚ ਹੀ ਮੌਜੂਦ ਸਨ ਪਰ ਉਨ੍ਹਾਂ ਨੂੰ ਚੋਰਾਂ ਦੀ ਭਿਣਕ ਤਕ ਨਹੀਂ ਲੱਗੀ। 
ਘਟਨਾ ਸਥਾਨ ਤੋਂ ਮਿਲੇ ਫਿੰਗਰ ਪ੍ਰਿੰਟ ਦਾ ਨਹੀਂ ਹੋਇਆ ਕੋਈ ਮਿਲਾਨ
ਚੰਡੀਗੜ੍ਹ ਪੁਲਸ ਚੋਰੀ ਹੋਣ ਤੋਂ ਬਾਅਦ ਘਟਨਾ ਸਥਾਨ 'ਤੇ ਫਾਰੈਂਸਿਕ ਮੋਬਾਇਲ ਟੀਮ ਨੂੰ ਸੱਦ ਕੇ ਚੋਰਾਂ ਦੇ ਫਿੰਗਰ ਪ੍ਰਿੰਟ ਜ਼ਬਤ ਕਰਦੀ ਹੈ, ਤਾਂ ਕਿ ਚੋਰਾਂ ਦਾ ਕੋਈ ਨਾ ਕੋਈ ਸੁਰਾਗ ਲਗ ਸਕੇ। ਹੈਰਾਨੀ ਇਹ ਹੈ ਕਿ ਚੋਰੀ ਦੀ ਘਟਨਾ ਸਥਾਨ ਤੋਂ ਲਏ ਫਿੰਗਰ ਪ੍ਰਿੰਟ ਦੇ ਸਹਾਰੇ ਪੁਲਸ ਇਕ ਵੀ ਚੋਰੀ ਦਾ ਕੇਸ ਹੱਲ ਨਹੀਂ ਕਰ ਸਕੀ ਹੈ।  
ਸੋਸ਼ਲ ਮੀਡੀਆ 'ਤੇ ਫੋਟੋ ਕਦੇ ਪੋਸਟ ਨਾ ਕਰੋ
ਪੁਲਸ ਨੇ ਦੱਸਿਆ ਕਿ ਛੁੱਟੀਆਂ 'ਚ ਘਰੋਂ ਬਾਹਰ ਜਾਣ ਸਮੇਂ ਆਪਣੀਆਂ ਫੋਟੋ ਕਦੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਨਾ ਕਰੋ, ਇਸ ਦਾ ਲਾਭ ਚੁੱਕ ਕੇ ਚੋਰ ਘਰਾਂ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਪੁਲਸ ਅਨੁਸਾਰ 2015 'ਚ ਵਾਹਨ ਚੋਰੀ ਦੇ 601, ਘਰਾਂ 'ਚ ਚੋਰੀ ਦੇ 383 ਤੇ ਹੋਰ ਚੋਰੀਆਂ ਦੇ 102 ਮਾਮਲੇ ਦਰਜ ਹੋਏ ਹਨ। ਇਸ ਤੋਂ ਇਲਾਵਾ 2016 'ਚ ਵਾਹਨ ਚੋਰੀ ਦੇ 616 ਮਾਮਲੇ, ਘਰਾਂ 'ਚ ਚੋਰੀ ਦੇ 302, ਹੋਰ ਚੋਰੀਆਂ ਦੇ 141 ਤੇ 2017 'ਚ ਵਾਹਨ ਚੋਰੀ ਦੇ 909, ਘਰਾਂ 'ਚ ਚੋਰੀਆਂ ਦੇ 303 ਤੇ ਹੋਰ ਚੋਰੀਆਂ ਦੇ 181 ਮਾਮਲੇ ਦਰਜ ਹੋਏ ਹਨ।  


Related News