ਸੰਸਦ ਮੈਂਬਰ, ਵਿਧਾਇਕਾਂ ਤੇ ਮੇਅਰ ਦੀ ਨਵਜੋਤ ਸਿੱਧੂ ਨਾਲ ਹੋਵੇਗੀ ਬੈਠਕ

06/19/2018 6:50:26 AM

ਜਲੰਧਰ, (ਖੁਰਾਣਾ)- ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪਿਛਲੇ ਹਫਤੇ ਸ਼ਹਿਰ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ ਨਾਜਾਇਜ਼ ਬਿਲਡਿੰਗਾਂ 'ਤੇ ਹੋਏ ਐਕਸ਼ਨ ਤੋਂ ਗਰਮਾਈ ਸਿਆਸਤ ਦਰਮਿਆਨ ਅੱਜ ਇਕ ਗੁਪਤ ਬੈਠਕ ਦਾ ਆਯੋਜਨ ਪੀ. ਏ. ਪੀ. ਕੰਪਲੈਕਸ ਵਿਚ ਕੀਤਾ ਗਿਆ, ਜਿਸ ਦੌਰਾਨ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਤੇ ਮੇਅਰ ਜਗਦੀਸ਼ ਰਾਜਾ ਦੇ ਇਲਾਵਾ ਸ਼ਹਿਰ ਦੇ ਚਾਰੇ ਵਿਧਾਇਕ ਪਰਗਟ ਸਿੰਘ, ਬਾਵਾ ਹੈਨਰੀ, ਰਾਜਿੰਦਰ ਬੇਰੀ ਤੇ ਸੁਸ਼ੀਲ ਰਿੰਕੂ ਹਾਜ਼ਰ ਸਨ। ਖਾਸ ਗੱਲ ਇਹ ਰਹੀ ਕਿ ਬੈਠਕ ਦੌਰਾਨ ਪੁਲਸ ਕਮਿਸ਼ਨਰ, ਡਿਪਟੀ ਕਮਿਸ਼ਨਰ ਅਤੇ ਨਿਗਮ ਕਮਿਸ਼ਨਰ ਵੀ ਹਾਜ਼ਰ ਸਨ।
PunjabKesari
ਬੈਠਕ ਚਾਹੇ ਨਵਜੋਤ ਸਿੱਧੂ ਦੇ ਇਸ਼ਾਰੇ 'ਤੇ ਹੋਈ ਭੰਨ-ਤੋੜ ਦੀ ਕਾਰਵਾਈ ਦੇ ਮੱਦੇਨਜ਼ਰ ਬੁਲਾਈ ਗਈ ਸੀ ਪਰ ਬੈਠਕ ਦੌਰਾਨ ਸਾਰੇ ਨੇਤਾਵਾਂ ਨੇ ਸ਼ਹਿਰ ਦੀਆਂ ਕੁਝ ਹੋਰ ਸਮੱਸਿਆਵਾਂ 'ਤੇ ਵੀ ਤਿੰਨਾਂ ਕਮਿਸ਼ਨਰਾਂ ਨਾਲ ਚਰਚਾ ਕੀਤੀ। ਜਿਸ ਦੌਰਾਨ ਟ੍ਰੈਫਿਕ ਸਮੱਸਿਆ ਅਤੇ ਕੁਝ ਹੋਰ ਪ੍ਰਾਜੈਕਟਾਂ 'ਤੇ ਗੱਲ ਹੋਈ।
ਬੈਠਕ ਦੌਰਾਨ ਸਾਰੇ ਵਿਧਾਇਕਾਂ ਨੇ ਆਪਣੇ-ਆਪਣੇ ਖੇਤਰ ਦੀਆਂ ਸਮੱਸਿਆਵਾਂ ਨੂੰ ਉਠਾਇਆ ਅਤੇ ਨਵਜੋਤ ਸਿੱਧੂ ਵਲੋਂ ਕੀਤੀ ਗਈ ਛਾਪੇਮਾਰੀ 'ਤੇ ਆਪਣਾ ਸਟੈਂਡ ਸਪੱਸ਼ਟ ਕੀਤਾ। ਵਿਧਾਇਕ ਸੁਸ਼ੀਲ ਰਿੰਕੂ ਨੇ ਨਵਜੋਤ ਸਿੱਧੂ ਦੀ ਕਾਰਵਾਈ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਐਕਸ਼ਨ ਠੀਕ ਨਹੀਂ ਸੀ। ਸਰਕਾਰਾਂ ਨੂੰ ਜਨਤਾ ਦੀਆਂ ਸਹੂਲਤਾਂ ਲਈ ਚੁਣਿਆ ਜਾਂਦਾ ਹੈ ਅਤੇ ਉਨ੍ਹਾਂ ਨਾਲ ਚੰਗੀ ਪਾਲਿਸੀ ਦੀ ਉਮੀਦ ਕੀਤੀ ਜਾਂਦੀ ਹੈ। ਵਿਧਾਇਕ ਬੇਰੀ, ਬਾਵਾ ਹੈਨਰੀ ਅਤੇ ਮੇਅਰ ਨੇ ਵੀ ਸਿੱਧੂ ਦੀ ਕਾਰਵਾਈ ਬਾਰੇ ਆਪਣੇ-ਆਪਣੇ ਵਿਚਾਰ ਰੱਖੇ। ਜਿਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਨਵਜੋਤ ਸਿੱਧੂ ਨੇ ਜਲੰਧਰ ਨੂੰ ਹੀ ਅਜਿਹਾ ਭੰਨ-ਤੋੜ ਲਈ ਕਿਉਂ ਚੁਣਿਆ।
PunjabKesari
ਬੈਠਕ ਦੌਰਾਨ ਵਿਧਾਇਕ ਪਰਗਟ ਸਿੰਘ ਨੇ ਆਪਣਾ ਸਟੈਂਡ ਸਪੱਸ਼ਟ ਕਰਦੇ ਹੋਏ ਕਿਹਾ ਕਿ ਉਸ ਦਿਨ ਉਹ ਸ਼ਾਹਕੋਟ ਰੈਲੀ ਜਾਣ ਲਈ ਤਿਆਰ ਸੀ ਪਰ ਨਵਜੋਤ ਸਿੱਧੂ ਨੇ ਉਨ੍ਹਾਂ ਨੂੰ ਅਚਾਨਕ ਹਵੇਲੀ ਬੁਲਾ ਲਿਆ, ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਲੈ ਕੇ ਗਏ। ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਹੋਰ ਵਿਧਾਨ ਸਭਾ ਖੇਤਰ ਦੀ ਕਿਸੇ ਬਿਲਡਿੰਗ ਜਾਂ ਕਾਲੋਨੀ ਬਾਰੇ ਦਖਲ ਨਹੀਂ ਦਿੱਤਾ। ਨਵਜੋਤ ਸਿੱਧੂ ਕੋਲ ਪਹੁੰਚੀਆਂ ਸ਼ਿਕਾਇਤਾਂ ਦੀ ਲਿਸਟ ਪਹਿਲਾਂ ਤੋਂ ਸੀ, ਜਿਸ ਦੇ ਆਧਾਰ 'ਤੇ ਉਹ ਵੱਖ-ਵੱਖ ਮੌਕਿਆਂ 'ਤੇ ਜਾ ਰਹੇ ਸੀ। ਉਨ੍ਹਾਂ ਨੇ ਸਿਰਫ ਆਪਣੇ ਵਿਧਾਨ ਸਭਾ ਖੇਤਰ ਦੇ ਕੁਝ ਮੌਕੇ ਉਨ੍ਹਾਂ ਨੂੰ ਜ਼ਰੂਰ ਦਿਖਾਏ।
ਬੈਠਕ ਦੌਰਾਨ ਫੈਸਲਾ ਹੋਇਆ ਕਿ ਸੰਸਦ ਮੈਂਬਰ, ਮੇਅਰ ਅਤੇ ਵਿਧਾਇਕਾਂ ਦੀ ਇਕ ਬੈਠਕ ਦੋ-ਤਿੰਨ ਦਿਨਾਂ ਵਿਚ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਹੋਵੇਗੀ। ਤਦ ਤਕ ਨਗਰ ਨਿਗਮ ਭੰਨ-ਤੋੜ ਜਾਂ ਸੀਲਿੰਗ ਦੀ ਕੋਈ ਕਾਰਵਾਈ ਨਹੀਂ ਕਰੇਗਾ। ਗੌਰਤਲਬ ਹੈ ਕਿ ਇਸ ਬੈਠਕ ਲਈ ਮੁੱਖ ਮੰਤਰੀ ਦੇ ਓ. ਐੱਸ. ਡੀ. ਕੈਪਟਨ ਸੰਦੀਪ ਸੰਧੂ ਨੇ ਯਤਨ ਕੀਤੇ ਸੀ।
ਡਿੱਚਾਂ ਦਾ ਪਹੀਆ ਰੁਕਣ ਨਾਲ ਬਿਲਡਿੰਗ ਮਾਲਕਾਂ ਨੇ ਲਿਆ ਸੁੱਖ ਦਾ ਸਾਹ
ਨਵਜੋਤ ਸਿੰਘ ਸਿੱਧੂ ਦੀ ਛਾਪੇਮਾਰੀ ਦੇ ਅਗਲੇ ਦਿਨ ਜਿਸ ਤਰ੍ਹਾਂ ਚੰਡੀਗੜ੍ਹ ਤੋਂ ਆਈ ਟੀਮ ਦੇ ਨਿਰਦੇਸ਼ਾਂ 'ਤੇ ਨਿਗਮ ਅਧਿਕਾਰੀਆਂ ਨੇ ਸ਼ਹਿਰ ਦੀਆਂ 4 ਵੱਡੀਆਂ ਬਿਲਡਿੰਗਾਂ 'ਤੇ ਡਿਚ ਚਲਾਈ ਅਤੇ ਬੱਸ ਸਟੈਂਡ ਦੇ ਨੇੜੇ ਦਰਜਨਾਂ ਦੁਕਾਨਾਂ 'ਤੇ ਕਾਰਵਾਈ ਕੀਤੀ। ਉਸ ਨਾਲ ਸ਼ਹਿਰ ਵਿਚ ਅਜੀਬ ਤਰ੍ਹਾਂ ਦਾ ਸਹਿਮ ਪੈਦਾ ਹੋ ਗਿਆ ਸੀ ਪਰ ਵਿਧਾਇਕ ਸੁਸ਼ੀਲ ਰਿੰਕੂ, ਰਾਜਿੰਦਰ ਬੇਰੀ, ਬਾਵਾ ਹੈਨਰੀ ਅਤੇ ਮੇਅਰ ਵਲੋਂ ਸਟੈਂਡ ਲੈ ਲਏ ਜਾਣ ਤੋਂ ਬਾਅਦ ਹੁਣ ਡਿਚ ਮਸ਼ੀਨਾਂ ਦਾ ਪਹੀਆ ਰੁਕ ਗਿਆ ਹੈ, ਜਿਸ ਨਾਲ ਨਾਜਾਇਜ਼ ਬਿਲਡਿੰਗ ਮਾਲਕਾਂ ਨੇ ਰਾਹਤ ਦੀ ਸਾਹ ਲਈ ।
ਵਰਣਨਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਉਸ ਦਿਨ 35 ਨਾਜਾਇਜ਼ ਬਿਲਡਿੰਗਾਂ ਤੇ ਕਾਲੋਨੀਆਂ ਦੇ ਮੌਕੇ ਚੈੱਕ ਕੀਤੇ ਸੀ ਅਤੇ ਸਾਰਿਆਂ 'ਤੇ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ। ਪਤਾ ਲੱਗਾ ਹੈ ਕਿ ਪੰਜ ਸਥਾਨਾਂ 'ਤੇ ਡਿੱਚ ਚਲਣ ਦੇ ਇਲਾਵਾ ਗੁਲਮੋਹਰ ਕਾਲੋਨੀ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕਰਵਾਈ ਜਾ ਰਹੀ ਹੈ।
PunjabKesari
ਰਿੰਕੂ ਦੇ ਹੱਕ 'ਚ ਉਤਰੀ ਸਪੋਰਟਸ ਮਾਰਕੀਟ
ਵਿਧਾਇਕ ਸੁਸ਼ੀਲ ਰਿੰਕੂ ਵਲੋਂ ਵੈਸਟ ਖੇਤਰ ਵਿਚ ਭੰਨ-ਤੋੜ ਕਰਨ ਗਈਆਂ ਡਿੱਚ ਮਸ਼ੀਨਾਂ ਦਾ ਰਸਤਾ ਰੋਕ ਲਏ ਜਾਣ ਕਾਰਨ ਸਪੋਰਟਸ ਮਾਰਕੀਟ ਦੇ ਦੁਕਾਨਕਾਰ ਉਨ੍ਹਾਂ ਦੇ ਹੱਕ ਵਿਚ ਉਤਰ ਆਏ ਹਨ। ਅੱਜ ਇਨ੍ਹਾਂ ਦੁਕਾਨਦਾਰਾਂ ਨੇ ਸਪੋਰਟਸ ਮਾਰਕੀਟ ਸ਼ਾਪਕੀਪਰ ਐਸੋ. ਦੇ ਬੈਨਰ ਹੇਠ ਇਕ ਬੈਠਕ ਕਰ ਕੇ ਵਿਧਾਇਕ ਸੁਸ਼ੀਲ ਰਿੰਕੂ ਵਲੋਂ ਆਮ ਜਨਤਾ ਦੇ ਹੱਕ ਵਿਚ ਕੀਤੀ ਗਈ ਕਾਰਵਾਈ ਨੂੰ ਸਰਾਹਿਆ ਅਤੇ ਨਵਜੋਤ ਸਿੰਘ ਸਿੱਧੂ ਦੇ ਐਕਸ਼ਨ ਦੀ ਆਲੋਚਨਾ ਕੀਤੀ ਗਈ।
ਨਹੀਂ ਜਾਰੀ ਹੋਏ ਸਸਪੈਂਸ਼ਨ ਆਰਡਰ, ਸੀ. ਵੀ. ਓ. ਦੀਆਂ ਟੀਮਾਂ ਵਲੋਂ ਜਾਂਚ ਜਾਰੀ
ਮੰਤਰੀ ਨਵਜੋਤ ਸਿੰਘ ਸਿੱਧੂ ਦੀ ਛਾਪੇਮਾਰੀ ਦੇ ਚਾਰ ਦਿਨ ਬਾਅਦ ਹੋਈ 8 ਨਿਗਮ ਅਧਿਕਾਰੀਆਂ ਦੀ ਸਸਪੈਂਸ਼ਨ ਅਤੇ 2 ਦੀ ਚਾਰਜਸ਼ੀਟ ਜਾਰੀ ਨਹੀਂ ਹੋ ਸਕੀ। ਵਰਣਨਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜਲਦਬਾਜ਼ੀ ਵਿਚ ਉਸ ਦਿਨ 10 ਨਿਗਮ ਅਧਿਕਾਰੀਆਂ 'ਤੇ ਸਖਤ ਕਾਰਵਾਈ ਦਾ ਐਲਾਨ ਕਰ ਦਿੱਤਾ ਸੀ ਪਰ ਅਜੇ ਤਕ ਉਨ੍ਹਾਂ ਦੇ ਆਰਡਰ ਤਿਆਰ ਨਹੀਂ ਹੋ ਸਕੇ ਹਨ, ਕਿਉਂਕਿ ਲੋਕਲ ਬਾਡੀਜ਼ ਦੇ ਸੀ. ਵੀ. ਓ. ਵਿਭਾਗ ਦੀ ਟੀਮ ਅਜੇ ਚੈੱਕ ਹੋਈਆਂ ਬਿਲਡਿੰਗਾਂ ਦਾ ਰਿਕਾਰਡ ਜਾਂਚ ਰਹੀ ਹੈ।


Related News