ਸ਼ਾਹਪੁਰ ਕੰਡੀ ਪ੍ਰਾਜੈਕਟ ਨੂੰ ਛੇਤੀ ਤੋਂ ਛੇਤੀ ਪ੍ਰਵਾਨ ਕੀਤਾ ਜਾਵੇ : ਕੈਪਟਨ

06/19/2018 6:51:25 AM

ਜਲੰਧਰ(ਬਿਊਰੋ, ਧਵਨ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਪੁਰ-ਕੰਡੀ ਡੈਮ ਪ੍ਰਾਜੈਕਟ ਨੂੰ ਜਲਦੀ ਤੋਂ ਜਲਦੀ ਪ੍ਰਵਾਨਗੀ ਦਿੱਤੇ ਜਾਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਪ੍ਰਾਜੈਕਟ ਨੂੰ 90:10 ਦੇ ਅਨੁਪਾਤ ਨੂੰ ਕਾਇਮ ਰੱਖਣ ਅਤੇ ਪਹਿਲ ਦਿੱਤੇ ਜਾਣ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਮੁੱਦਾ ਅੱਜ ਦੁਪਹਿਰੇ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਇਕ ਮੀਟਿੰਗ ਦੌਰਾਨ ਉਠਾਇਆ। ਉਨ੍ਹਾਂ ਨੇ ਸ਼ਾਹਪੁਰ-ਕੰਡੀ ਡੈਮ ਦੀ ਪ੍ਰਵਾਨਗੀ ਅਤੇ ਇਸ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤੇ ਜਾਣ ਲਈ ਕਿਹਾ, ਕਿਉਂਕਿ ਇਹ ਪੰਜਾਬ ਵਰਗੇ ਖੇਤੀਬਾੜੀ ਵਾਲੇ ਸੂਬੇ ਲਈ ਅਤਿ ਜ਼ਰੂਰੀ ਹੈ। ਇਸ ਤੋਂ ਇਲਾਵਾ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਨਹਿਰ ਪ੍ਰਾਜੈਕਟਾਂ ਦੀ ਛੇਤੀ ਮਨਜ਼ੂਰੀ ਦੀ ਮੰਗ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਗਡਕਰੀ ਨੂੰ ਦੱਸਿਆ ਕਿ ਉਹ ਪਹਿਲਾਂ ਹੀ ਪ੍ਰਧਾਨ ਮੰਤਰੀ ਦਫਤਰ ਨੂੰ ਇਸ ਸਬੰਧੀ ਬੇਨਤੀ ਕਰ ਚੁੱਕੇ ਹਨ। ਮੁੱਖ ਮੰਤਰੀ ਦੇ ਨਾਲ ਮਾਲ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਸਨ। ਸ਼ਾਹਪੁਰ ਕੰਡੀ ਡੈਮ ਪ੍ਰਾਜੈਕਟ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ 31 ਮਾਰਚ, 2017 ਦੇ ਸਮਝੌਤੇ ਨੂੰ ਅੱਗੇ ਲਿਜਾਣ ਲਈ ਜੰਮੂ-ਕਸ਼ਮੀਰ ਸਰਕਾਰ ਨੂੰ ਕਹੇ। ਇਹ ਸਮਝੌਤਾ 90:10 ਦੇ ਨਿਯਮਾਂ ਅਨੁਸਾਰ ਪ੍ਰਵਾਨ ਹੋਇਆ ਹੈ ਜਦਕਿ ਹੁਣ 60:40 ਦਾ ਪ੍ਰਸਤਾਵ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੇ ਡਬਲਯੂ. ਆਰ. ਆਰ. ਡੀ. ਅਤੇ ਜੀ. ਆਰ. ਮੰਤਰਾਲਾ ਦੁਆਰਾ ਉਕਤ ਪ੍ਰਸਤਾਵਾਂ ਦੀ ਪ੍ਰਵਾਨਗੀ ਦੇ ਨਾਲ ਮਾਧੋਪੁਰ ਹੈੱਡ ਵਰਕਸ ਤੋਂ ਪਾਕਿਸਤਾਨ ਨੂੰ ਜਾ ਰਿਹਾ ਪਾਣੀ ਵੀ ਰੋਕਿਆ ਜਾ ਸਕੇਗਾ। 


Related News