ਭਾਵੇਂ ਕੁੱਝ ਵੀ ਹੋ ਜਾਵੇ, ਅਸੀਂ ਨਹੀਂ ਸੁਧਰਾਂਗੇ!

06/19/2018 6:54:48 AM

ਜਲੰਧਰ, (ਰਵਿੰਦਰ, ਅਮਿਤ)– ਇਸ ਦੁਨੀਆ 'ਚ ਕੁੱਝ ਲੋਕ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਦਾ ਇਕ ਮੂਲ ਮੰਤਰ ਹੁੰਦਾ ਹੈ, ਭਾਵੇਂ ਕੁੱਝ ਵੀ ਹੋ ਜਾਵੇ ਪਰ ਉਹ ਨਹੀਂ ਸੁਧਰਨਗੇ। ਸ਼ਾਇਦ ਇਸੇ ਮੂਲ ਮੰਤਰ ਨੂੰ ਲੈ ਕੇ ਸ਼ਹਿਰ ਅੰਦਰ ਕੁੱਝ ਸਮਾਂ ਪਹਿਲਾਂ ਖੁੱਲ੍ਹੇ ਇਕ ਰੈਸਟੋਰੈਂਟ ਲਾਊਜ ਦੇ ਮਾਲਕ ਆਪਣਾ ਕੰਮ ਚਲਾ ਰਹੇ ਹਨ। ਆਪਣੀ ਉੱਚੀ ਪਹੁੰਚ ਅਤੇ ਰਸੂਖ ਕਾਰਨ ਪਿਛਲੇ 40 ਦਿਨਾਂ ਤੋਂ ਬਿਨਾਂ ਪਰਮਿਟ ਸ਼ਰਾਬ ਪਰੋਸਣ ਵਾਲੇ ਆਰ. ਟੂ ਪੀ. ਕਲੱਬ ਲਾਊਜ 'ਤੇ ਐਕਸਾਈਜ਼ ਵਿਭਾਗ ਨੇ ਸ਼ਿਕੰਜਾ ਕੱਸਦੇ ਹੋਏ ਚਾਲਾਨ ਕੱਟਿਆ ਸੀ, ਜਿਸ ਲਈ ਡੀ. ਈ. ਟੀ. ਸੀ. ਜਸਪਿੰਦਰ ਸਿੰਘ ਦੀ ਅਦਾਲਤ ਵਿਚ 22 ਜੂਨ ਨੂੰ ਸੁਣਵਾਈ ਤੈਅ ਹੈ।  ਧਿਆਨ ਦੇਣਯੋਗ ਹੈ ਕਿ ਸ਼ਰਾਬ ਪਰੋਸਣ ਦੀ ਨਾਜਾਇਜ਼ ਖੇਡ ਦਾ 'ਜਗ ਬਾਣੀ' ਨੇ ਪਰਦਾਫਾਸ਼ ਕੀਤਾ ਸੀ ਜਿਸ ਤੋਂ ਬਾਅਦ ਏ. ਈ. ਟੀ. ਸੀ. ਹਰਦੀਪ ਕੌਰ ਭੰਵਰਾ ਨੇ ਇਸਦਾ ਸਖਤ ਨੋਟਿਸ ਲਿਆ ਸੀ ਅਤੇ ਐਕਸਾਈਜ਼ ਵਿਭਾਗ ਵੱਲੋਂ ਆਰ. ਟੂ ਪੀ. ਕਲੱਬ ਲਾਊਜ ਨੂੰ ਚਾਲਾਨ ਭੇਜਿਆ ਗਿਆ ਸੀ ਪਰ ਐਕਸਾਈਜ਼ ਵਿਭਾਗ ਦੀ ਸਖਤੀ ਤੋਂ ਬਾਅਦ ਆਰ. ਟੂ ਪੀ. ਕਲੱਬ ਲਾਊਜ ਨੇ ਸੁਧਰਨ ਦੀ ਜਗ੍ਹਾ ਇਕ ਵਾਰ ਫਿਰ ਤੋਂ ਜੁਗਾੜੂ ਤਕਨੀਕ ਲਗਾਉਂਦੇ ਹੋਏ ਐਕਸਾਈਜ਼ ਵਿਭਾਗ ਦੀਆਂ ਅੱਖਾਂ ਵਿਚ ਮਿੱਟੀ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਇਸ ਵਾਰ ਲਗਾਈ ਗਈ ਸਕੀਮ ਤਹਿਤ ਗਾਹਕਾਂ ਨੂੰ ਬਿਨਾਂ ਪਰਮਿਟ ਸ਼ਰਾਬ ਪਰੋਸਣ ਦੇ ਨਾਲ ਨਾਲ ਆਪਣਾ ਬਿੱਲ ਦੇਣ ਦੀ ਜਗ੍ਹਾ, ਕੰਪਿਊਟਰ ਤੋਂ ਕੱਢੇ ਬਿੱਲ ਬਿਨਾਂ ਕਿਸੇ ਕੰਪਨੀ ਦਾ ਨਾਂ ਲਿਖੇ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਕਰਦੇ ਹੋਏ ਇਕ ਪਾਸੇ ਤਾਂ ਉਹ ਗਾਹਕਾਂ ਨੂੰ ਬਿੱਲ ਦੇ ਕੇ ਪੈਸੇ ਵਸੂਲ ਕਰ ਰਹੇ ਹਨ ਅਤੇ ਦੂਸਰੇ ਪਾਸੇ ਪਿਛਲੀ ਵਾਰ ਦੀ ਤਰ੍ਹਾਂ ਗਲਤੀ ਨਾ ਦੁਹਰਾਉਂਦੇ ਹੋਏ ਆਪਣੀ ਕੰਪਨੀ ਦੇ ਨਾਂ ਨੂੰ ਵੀ ਲੁਕਾ ਰਹੇ ਹਨ। ਤਾਂ ਜੋ ਕੋਈ ਗਾਹਕ ਜੇਕਰ ਉਨ੍ਹਾਂ ਦਾ ਬਿੱਲ ਐਕਸਾਈਜ਼ ਵਿਭਾਗ ਨੂੰ ਦੇ ਵੀ ਦਿੰਦਾ ਹੈ ਤਾਂ ਉਹ ਬੜੀ ਆਸਾਨੀ ਨਾਲ ਇਹ ਕਹਿ ਕੇ ਬਚ ਸਕਦੇ ਹਨ ਕਿ ਇਹ ਉਨ੍ਹਾਂ ਦਾ ਬਿੱਲ ਹੈ ਹੀ ਨਹੀਂ। 


Related News