ਵਿਜ਼ਿਟਰ ਵੀਜ਼ੇ ''ਤੇ ਆਏ ਨਾਈਜੀਰੀਅਨ ਹੈਰੋਇਨ ਸਮੱਗਲਰ ਸਮੇਤ 2 ਗ੍ਰਿਫਤਾਰ

06/19/2018 6:43:45 AM

ਜਲੰਧਰ, (ਵਰੁਣ)- ਸੀ. ਆਈ. ਏ. ਸਟਾਫ ਦੀ ਪੁਲਸ ਨੇ ਦਿੱਲੀ ਦੇ ਉਤਮ ਨਗਰ ਵਿਚ ਛਾਪੇਮਾਰੀ ਕਰ ਕੇ ਨਾਈਜੀਰੀਅਨ ਹੈਰੋਇਨ ਸਮੱਗਲਰ ਅਤੇ ਉਸਦੇ ਇਕ ਪੰਜਾਬੀ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਕੋਲੋਂ 450 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਦੋ ਦਿਨ ਪਹਿਲਾਂ ਫੋਕਲ ਪੁਆਇੰਟ ਕੋਲੋਂ ਹੈਰੋਇਨ ਨਾਲ ਫੜੇ ਗਏ ਬਠਿੰਡਾ ਦੇ ਆਕਾਸ਼ਦੀਪ ਸ਼ਰਮਾ ਕੋਲੋਂ ਪੁੱਛਗਿੱਛ ਤੋਂ ਬਾਅਦ ਸੀ. ਆਈ. ਏ. ਸਟਾਫ ਨੇ ਇਹ ਨੈੱਟਵਰਕ ਬ੍ਰੇਕ ਕੀਤਾ।
ਪੁਲਸ ਨੇ ਨਾਈਜੀਰੀਅਨ ਨੌਜਵਾਨ ਦੇ ਮੋਬਾਇਲ ਦੀ ਡਿਟੇਲ ਵੀ ਕਢਵਾਈ ਹੈ ਤਾਂ ਜੋ ਜਲੰਧਰ ਤੇ ਆਸ-ਪਾਸ ਦੇ ਹੋਰ ਸਪਲਾਇਰਾਂ ਦਾ ਵੀ ਪਤਾ ਲੱਗ ਸਕੇ। 
ਏ. ਸੀ. ਪੀ. ਇਨਵੈਸਟੀਗੇਸ਼ਨ ਗੁਰਮੇਲ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਅਗਵਾਈ ਵਿਚ ਏ. ਐੱਸ. ਆਈ. ਬ੍ਰਹਮ ਲਾਲ ਨੇ ਦੋ ਦਿਨ ਪਹਿਲਾਂ ਫੋਕਲ ਪੁਆਇੰਟ ਨੇੜਿਓਂ ਅਕਾਸ਼ਦੀਪ ਨੂੰ 50 ਗ੍ਰਾਮ ਹੈਰੋਇਨ ਸਣੇ ਫੜਿਆ ਸੀ। ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਅਕਾਸ਼ਦੀਪ ਨੇ ਇਹ ਹੈਰੋਇਨ ਬਠਿੰਡਾ ਦੇ ਮਹਿਰਾਜ ਵਾਸੀ ਰੇਸ਼ਮ ਸਿੰਘ ਉਰਫ ਦਰਸ਼ਨ ਸਿੰਘ ਕੋਲੋਂ ਖਰੀਦੀ ਸੀ। ਪੁਲਸ ਨੇ ਬਠਿੰਡਾ ਵਿਚ ਟਰੈਪ ਲਾਇਆ ਤਾਂ ਡਸਟਰ ਕਾਰ ਵਿਚ ਸਵਾਰ ਰੇਸ਼ਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਰੇਸ਼ਮ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਰੇਸ਼ਮ ਸਿੰਘ ਕੋਲੋਂ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹ ਦਿੱਲੀ ਦੇ ਉਤਮ ਨਗਰ ਦੇ ਰਹਿਣ ਵਾਲੇ ਨਾਈਜੀਰੀਅਨ ਸਮੱਗਲਰ ਮਾਓ ਰੈਫਲ ਪੁੱਤਰ ਜੌਨ ਕੋਲੋਂ ਨਸ਼ੇ ਵਾਲਾ ਪਦਾਰਥ ਲੈ ਕੇ ਆਉਂਦਾ ਸੀ। ਪੁਲਸ ਨੇ ਰੇਸ਼ਮ ਸਿੰਘ ਨੂੰ ਨਾਲ ਲੈ ਕੇ ਐਤਵਾਰ ਸਵੇਰੇ ਦਿੱਲੀ 'ਚ ਰੇਡ ਕਰ ਕੇ ਮਾਓ ਰੈਫਲ ਤੇ ਉਸਦੇ ਇਕ ਸਾਥੀ ਜੋ ਪੰਜਾਬੀ ਦੱਸਿਆ ਜਾ ਰਿਹਾ ਹੈ, ਨੂੰ ਵੀ ਗ੍ਰਿਫਤਾਰ ਕਰ ਲਿਆ, ਜਿਸ ਕੋਲੋਂ 250 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਜਲੰਧਰ ਲਿਆ ਕੇ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਲਿਆ। 
ਨਾਂ ਬਦਲ ਕੇ ਰਹਿ ਰਹੇ ਰੇਸ਼ਮ ਸਿੰਘ ਦੀ ਸੀ ਬਠਿੰਡਾ ਪੁਲਸ ਨੂੰ ਭਾਲ
ਰੇਸ਼ਮ ਸਿੰਘ ਕਾਫੀ ਸ਼ਾਤਰ ਕਿਸਮ ਦਾ ਸਮੱਗਲਰ ਹੈ। ਬਠਿੰਡਾ ਵਿਚ ਰਹਿਣ ਵਾਲਾ ਰੇਸ਼ਮ ਸਿੰਘ ਉਥੇ ਹਰ ਕਿਸੇ ਨੂੰ ਆਪਣਾ ਨਾਂ ਦਰਸ਼ਨ ਸਿੰਘ ਦੱਸਦਾ ਸੀ। ਨਾ ਹੀ ਉਸ ਦੇ ਘਰ ਦਾ ਐਡਰੈੱਸ ਕਿਸੇ ਨੂੰ ਪਤਾ ਸੀ ਤੇ ਨਾ ਹੀ ਉਸ ਨਾਲ ਕੋਈ ਜਾਣ-ਪਛਾਣ ਰੱਖਦਾ ਸੀ। ਮੈਰਿਜ ਬਿਊਰੋ ਦਾ ਕੰਮ ਕਰਨ ਵਾਲੇ ਰੇਸ਼ਮ ਸਿੰਘ ਦੀ ਭਾਲ ਬਠਿੰਡਾ ਪੁਲਸ ਨੂੰ ਵੀ ਸੀ ਪਰ ਆਕਾਸ਼ਦੀਪ ਰੇਸ਼ਮ ਸਿੰਘ ਨਾਲ ਜਾਣ-ਪਛਾਣ ਰੱਖਦਾ ਸੀ, ਜਿਸ ਕਾਰਨ ਸੀ. ਆਈ. ਏ. ਸਟਾਫ ਨੇ ਉਸ ਨੂੰ ਆਸਾਨੀ ਨਾਲ ਲੱਭ ਲਿਆ। ਰੇਸ਼ਮ ਸਿੰਘ ਖਿਲਾਫ ਬਠਿੰਡਾ ਵਿਚ ਦੋ ਕੇਸ ਚਲਦੇ ਹਨ। ਇਕ ਕੇਸ ਵਿਚ ਉਹ ਜੇਲ ਗਿਆ ਤਾਂ ਜੇਲ ਦੇ ਅੰਦਰੋਂ ਉਸ ਨੂੰ ਕਿਸੇ ਨੇ ਰੈਫਲ ਦਾ ਨੰਬਰ ਦਿੱਤਾ ਸੀ। ਜੇਲ ਤੋਂ ਬਾਹਰ ਆ ਕੇ ਰੇਸ਼ਮ ਸਿੰਘ ਨੇ ਰੈਫਲ ਨਾਲ ਫੋਨ 'ਤੇ ਸੰਪਰਕ ਕੀਤਾ ਜਿਸ ਤੋਂ ਬਾਅਦ ਰੈਫਲ ਕੋਲੋਂ ਹੈਰੋਇਨ ਲਿਆ ਕੇ ਵੱਖ-ਵੱਖ ਥਾਵਾਂ 'ਤੇ ਸਪਲਾਈ ਕਰਦਾ ਸੀ।
ਪੰਜਾਬ ਬਾਰਡਰ ਤੋਂ ਹੀ ਹੈਰੋਇਨ ਦੇ ਕੇ ਵਾਪਸ ਚਲਾ ਜਾਂਦਾ ਸੀ ਰੈਫਲ
ਸੀ. ਆਈ. ਏ. ਸਟਾਫ ਦੀ ਮੰਨੀਏ ਤਾਂ ਨਾਈਜੀਰੀਅਨ ਸਮੱਗਲਰ ਪੰਜਾਬ ਬਾਰਡਰ ਤੋਂ ਹੀ ਹੈਰੋਇਨ ਵੇਚ ਕੇ ਵਾਪਸ ਦਿੱਲੀ ਚਲਾ ਜਾਂਦਾ ਸੀ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਨਾਈਜੀਰੀਅਨ ਸਮੱਗਲਰਾਂ ਵਿਚ ਪੰਜਾਬ ਪੁਲਸ ਦੀ ਇੰਨੀ ਦਹਿਸ਼ਤ ਹੈ ਕਿ ਉਹ ਪੰਜਾਬ ਵਿਚ ਖੁਦ ਆਉਣ ਤੋਂ ਡਰਦੇ ਹਨ। ਪੰਜਾਬ ਦੀ ਪੁਲਸ ਦੇ ਕੁਟਾਪੇ ਦੇ ਡਰੋਂ ਉਹ ਪੰਜਾਬ ਬਾਰਡਰ ਤੋਂ ਹੀ ਵਾਪਸ ਚਲੇ ਜਾਂਦੇ ਹਨ ਜਦੋਂ ਕਿ ਪੰਜਾਬ ਵਿਚ ਸਪਲਾਈ ਦੇਣ ਲਈ ਉਨ੍ਹਾਂ ਪੰਜਾਬੀ ਨੌਜਵਾਨਾਂ ਦਾ ਸਾਥ ਲਿਆ ਹੋਇਆ ਹੈ। ਦਿੱਲੀ ਦੇ ਜਿਸ ਇਲਾਕੇ ਉਤਮ ਨਗਰ ਵਿਚ ਰੈਫਲ ਰਹਿ ਰਿਹਾ ਹੈ ਉਹ ਹੈਰੋਇਨ ਸਮੱਗਲਰਾਂ ਦਾ ਗੜ੍ਹ ਹੈ। ਕਿਰਾਏ ਦੀਆਂ ਕੋਠੀਆਂ ਵਿਚ ਨਾਈਜੀਰੀਅਨ ਸਮੱਗਲਰ ਉਥੇ ਖੁੱਲ੍ਹ ਕੇ ਸਮੱਗਲਿੰਗ ਕਰ ਰਹੇ ਹਨ।


Related News