ਕੁੱਤਿਆਂ ਦੀ ਦਹਿਸ਼ਤ ਘੱਟ ਕਰਨ ''ਤੇ ਜਤਾਈ ਬੇਵਸੀ

06/19/2018 6:37:01 AM

ਚੰਡੀਗੜ੍ਹ, (ਰਾਜਿੰਦਰ)- ਸੈਕਟਰ-18 ਵਿਚ ਬੀਤੇ ਕੱਲ ਕੁੱਤਿਆਂ ਦੇ ਹਮਲੇ ਨਾਲ ਡੇਢ ਸਾਲਾ ਆਯੂਸ਼ ਦੀ ਮੌਤ ਹੋਣ ਦੇ ਮਾਮਲੇ ਵਿਚ ਸੋਮਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਨੇ ਪੀੜਤ ਪਰਿਵਾਰ ਨੂੰ 3 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ । ਉਥੇ ਹੀ ਸ਼ਹਿਰ ਵਿਚ ਕੁੱਤਿਆਂ ਦੀ ਦਹਿਸ਼ਤ ਨਾਲ ਨਜਿੱਠਣ 'ਚ ਨਿਗਮ ਨੇ ਆਪਣੀ ਬੇਵੱਸੀ ਜਤਾਈ ਹੈ । 
ਨਿਗਮ ਕਮਿਸ਼ਨਰ ਕੇ. ਕੇ. ਯਾਦਵ ਨੇ ਕਿਹਾ ਕਿ ਕੁੱਤਿਆਂ ਦੀ ਦਹਿਸ਼ਤ ਘੱਟ ਕਰਨ ਸਬੰਧੀ ਉਹ ਜ਼ਿਆਦਾ ਕੁਝ ਨਹੀਂ ਕਰ ਸਕਦੇ ਕਿਉਂਕਿ ਐਨੀਮਲ ਬਰਥ ਕੰਟਰੋਲ ਐਕਟ ਕਾਰਨ ਉਨ੍ਹਾਂ ਦੇ ਹੱਥ ਬੱਝੇ ਹੋਏ ਹਨ । ਉਨ੍ਹਾਂ ਕਿਹਾ ਕਿ ਸ਼ਹਿਰ ਵਿਚ 13 ਹਜ਼ਾਰ ਆਵਾਰਾ ਕੁੱਤੇ ਹਨ । ਉਨ੍ਹਾਂ ਨੇ ਮੁਆਵਜ਼ੇ ਸਬੰਧੀ ਕਿਹਾ ਕਿ 3 ਲੱਖ ਰੁਪਏ ਮੁਆਵਜ਼ਾ ਅਪਰੂਵ ਕਰ ਦਿੱਤਾ ਗਿਆ ਹੈ । 
ਉਨ੍ਹਾਂ ਪ੍ਰਸ਼ਾਸਕ ਨੂੰ ਇਸ ਸਬੰਧੀ ਫਾਈਨਲ ਅਪਰੂਵਲ ਲਈ ਫਾਈਲ ਭੇਜ ਦਿੱਤੀ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਮੰਗਲਵਾਰ ਤਕ ਇਸ ਦੀ ਅਪਰੂਵਲ ਆ ਜਾਵੇਗੀ । ਉਨ੍ਹਾਂ ਕਿਹਾ ਕਿ ਐਨੀਮਲ ਬਰਥ ਕੰਟਰੋਲ ਐਕਟ ਤਹਿਤ ਉਹ ਕੁੱਤਿਆਂ ਦੀ ਨਸਬੰਦੀ ਤੋਂ ਬਾਅਦ ਵੀ ਉਨ੍ਹਾਂ ਦੀ ਜਗ੍ਹਾ ਨਹੀਂ ਬਦਲ ਸਕਦੇ । ਕੁੱਤਿਆਂ ਨੂੰ ਉਸੇ ਜਗ੍ਹਾ 'ਤੇ ਵਾਪਸ ਛੱਡਣਾ ਹੁੰਦਾ ਹੈ । 
ਉਨ੍ਹਾਂ ਕਿਹਾ ਕਿ ਅਗਲੇ ਹਫਤੇ ਤੋਂ ਉਹ ਅਜਿਹੇ ਕੁੱਤਿਆਂ ਦੇ ਝੁੰਡ ਦਾ ਪਤਾ ਲਾਉਣਗੇ ਤੇ ਇਨ੍ਹਾਂ 'ਚੋਂ ਹਮਲਾਵਰ ਸੁਭਾਅ ਵਾਲੇ ਕੁੱਤਿਆਂ ਨੂੰ ਫੜ ਕੇ ਉਨ੍ਹਾਂ ਨੂੰ ਨਿਗਰਾਨੀ ਵਿਚ ਰੱਖਣਗੇ, ਤਾਂ ਜੋ ਉਨ੍ਹਾਂ ਦੇ ਵਿਵਹਾਰ ਵਿਚ ਕੁਝ ਬਦਲਾਅ ਹੋ ਸਕੇ । ਉਨ੍ਹਾਂ ਕਿਹਾ ਕਿ ਉਹ ਸੈਕਟਰ ਵਾਈਜ਼ ਡਰਾਈਵ ਸ਼ੁਰੂ ਕਰਨਗੇ ਤੇ ਉਹ ਆਸ ਕਰਦੇ ਹਨ ਕਿ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਤੇ ਐੱਨ. ਜੀ. ਓਜ਼ ਵੀ ਇਸ 'ਚ ਉਨ੍ਹਾਂ ਨੂੰ ਸਹਿਯੋਗ ਦੇਣ । ਉਨ੍ਹਾਂ ਕਿਹਾ ਕਿ ਐਨੀਮਲਜ਼ ਲਾਈਫ ਦਾ ਮਹੱਤਵ ਹੈ ਪਰ ਨਾਲ ਹੀ ਮਨੁੱਖੀ ਜ਼ਿੰਦਗੀ ਦੇ ਮਹੱਤਵ ਦਾ ਵੀ ਸਾਨੂੰ ਧਿਆਨ ਰੱਖਣਾ ਹੋਵੇਗਾ । 
ਨਿਗਮ ਦੀ ਡਰਾਈਵ ਸਿਰਫ ਚਾਰ ਕੁੱਤਿਆਂ ਨੂੰ ਫੜ ਕੇ ਸਿਮਟੀ
ਘਟਨਾ ਕਾਰਨ ਸੋਮਵਾਰ ਨੂੰ ਵੀ ਨਿਗਮ ਦੀ ਟੀਮ ਨੇ ਸੈਕਟਰ-18 ਵਿਚ ਡਰਾਈਵ ਚਲਾਈ ਪਰ ਇਹ ਡਰਾਈਵ ਸਿਰਫ ਚਾਰ ਕੁੱਤਿਆਂ ਨੂੰ ਫੜ ਕੇ ਹੀ ਸਿਮਟ ਗਈ । ਅਜਿਹੇ 'ਚ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇੰਨਾ ਵੱਡਾ ਹਾਦਸਾ ਹੋਣ ਤੋਂ ਬਾਅਦ ਵੀ ਨਿਗਮ ਕਿੰਨਾ ਗੰਭੀਰ ਹੈ ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਰੋਜ਼ਾਨਾ ਸ਼ਹਿਰ ਵਿਚ 40 ਤੋਂ 50 ਸਟ੍ਰੀਟ ਡਾਗ ਬਾਈਟ ਦੇ ਮਾਮਲੇ ਸਾਹਮਣੇ ਆਉਂਦੇ ਹਨ।
ਮੁਆਵਜ਼ੇ ਸਬੰਧੀ ਹਾਊਸ 'ਚ ਆਵੇਗੀ ਪਾਲਿਸੀ
ਮੇਅਰ ਦੇਵੇਸ਼ ਮੌਦਗਿਲ ਨੇ ਕਿਹਾ ਕਿ ਉਹ ਮੁਆਵਜ਼ੇ ਸਬੰਧੀ ਇਕ ਪਾਲਸੀ ਬਣਾਉਣ ਜਾ ਰਹੇ ਹਨ, ਜਿਸ ਨੂੰ ਕਿ ਅਗਲੀ ਹਾਊਸ ਮੀਟਿੰਗ ਵਿਚ ਚਰਚਾ ਲਈ ਰੱਖਿਆ ਜਾਵੇਗਾ । ਉਨ੍ਹਾਂ ਕਿਹਾ ਕਿ ਅਜੇ ਤਕ ਨਿਗਮ ਕੋਲ ਮੁਆਵਜ਼ੇ ਦੀ ਕੋਈ ਵਿਵਸਥਾ ਨਹੀਂ ਹੈ ਪਰ ਪਾਲਿਸੀ ਬਣਨ ਤੋਂ ਬਾਅਦ ਉਹ ਇਸ ਸਬੰਧੀ ਇਕ ਵੱਖਰਾ ਹੈੱਡ ਬਣਾ ਸਕਣਗੇ ਤੇ ਆਪਣੇ ਵਲੋਂ ਹੀ ਉਹ ਮੁਆਵਜ਼ੇ ਦੇ ਸਕਣਗੇ । 
ਕੁੱਤਿਆਂ ਦੀ ਗਿਣਤੀ ਵੀ ਕਰਵਾਏਗਾ ਨਿਗਮ
ਉਨ੍ਹਾਂ ਕਿਹਾ ਕਿ ਆਵਾਰਾ ਤੇ ਪਾਲਤੂ ਕੁੱਤਿਆਂ ਦੀ ਗਿਣਤੀ ਵੀ ਕਰਵਾਈ ਜਾਵੇਗੀ, ਤਾਂ ਕਿ ਇਨ੍ਹਾਂ ਦੀ ਠੀਕ ਗਿਣਤੀ ਦਾ ਪਤਾ ਲਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਅਜੇ ਫਿਲਹਾਲ ਉਨ੍ਹਾਂ ਕੋਲ ਠੀਕ ਅੰਕੜੇ ਨਹੀਂ ਹਨ । ਕੁੱਤਿਆਂ ਦਾ ਸੰਤਾਪ ਖਤਮ ਕਰਨ ਲਈ ਉਨ੍ਹਾਂ ਨੂੰ ਲੋਕਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ ਕਿਉਂਕਿ ਕਾਫ਼ੀ ਲੋਕ ਗਰੀਨ ਬੈਲਟ ਜਾਂ ਪਾਰਕ ਵਿਚ ਕੁੱਤਿਆਂ ਨੂੰ ਖਾਣਾ ਖੁਆਉਂਦੇ ਹਨ, ਜਦਕਿ ਨਿਗਮ ਨੇ ਇਸ 'ਤੇ ਪਾਬੰਦੀ ਦੇ ਨਾਲ ਹੀ ਜੁਰਮਾਨਾ ਵੀ ਤੈਅ ਕੀਤਾ ਹੋਇਆ ਹੈ । ਧਿਆਨਯੋਗ ਹੈ ਕਿ ਬੀਤੇ ਦਿਨੀਂ ਸੈਕਟਰ-18 ਦੇ ਇਕ ਪਾਰਕ ਵਿਚ ਡੇਢ ਸਾਲਾ ਬੱਚੇ ਨੂੰ ਕੁੱਤਿਆਂ ਦੇ ਝੁੰਡ ਨੇ ਉਸ ਸਮੇਂ ਹਮਲਾ ਕਰਕੇ ਮਾਰ ਦਿੱਤਾ ਸੀ, ਜਦੋਂ ਉਹ ਆਪਣੇ ਭੈਣ-ਭਰਾਵਾਂ ਨਾਲ ਖੇਡ ਰਿਹਾ ਸੀ । ਆਵਾਰਾ ਕੁੱਤਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਨੋਚ ਲਿਆ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ । ਉਸ ਦੀ ਮਾਂ ਆਸ-ਪਾਸ ਦੇ ਘਰਾਂ ਵਿਚ ਕੰਮ ਕਰਦੀ ਸੀ, ਜੋ ਕਿ ਉਸ ਨੂੰ ਪਾਰਕ ਕੋਲ ਹੀ ਦੁਕਾਨ ਲਾਉਣ ਵਾਲੀ ਆਪਣੀ ਕਿਸੇ ਜਾਣਕਾਰ ਕੋਲ ਛੱਡ ਗਈ ਸੀ ਪਰ ਬੱਚੇ ਖੇਡਣ ਲਈ ਪਾਰਕ 'ਚ ਚਲੇ ਗਏ ਸਨ ।  


Related News