ਜਾਖੜ ਨੇ ਅਕਾਲੀ ਪੰਚਾਂ-ਸਰਪੰਚਾਂ ਨੂੰ ਕਾਂਗਰਸ ''ਚ ਸ਼ਾਮਿਲ ਕਰਵਾਇਆ

06/19/2018 6:37:33 AM

ਮਜੀਠਾ(ਧਵਨ, ਸਰਬਜੀਤ, ਪ੍ਰਿਥੀਪਾਲ)—ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਅਕਾਲੀ ਦਲ ਨਾਲ ਸਬੰਧਿਤ ਪੰਚਾਂ ਅਤੇ ਸਰਪੰਚਾਂ ਨੂੰ ਕਾਂਗਰਸ ਵਿਚ ਸ਼ਾਮਿਲ ਕਰਵਾਇਆ। ਮਜੀਠਾ ਹਲਕੇ ਵਿਚ ਹੋਏ ਪ੍ਰੋਗਰਾਮ ਦੌਰਾਨ ਜਾਖੜ ਨੇ ਅੱਜ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੀਆਂ ਗਲਤ ਨੀਤੀਆਂ ਕਾਰਨ ਹੀ ਪੰਜਾਬ ਦੇ ਲੋਕਾਂ ਨੇ ਗੱਠਜੋੜ ਨੂੰ ਹਰੇਕ ਚੋਣ ਵਿਚ ਨਕਾਰ ਦਿੱਤਾ।  ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਹਸ਼ਰ ਵੀ 2019 ਵਿਚ ਅਕਾਲੀ ਦਲ ਵਰਗਾ ਹੋਣ ਜਾ ਰਿਹਾ ਹੈ ਕਿਉਂਕਿ ਆਮ ਲੋਕਾਂ ਅੰਦਰ ਕੇਂਦਰ ਦੀ ਭਾਜਪਾ ਸਰਕਾਰ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਜ਼ਿਲਾ ਪ੍ਰਧਾਨ ਭਗਵੰਤ ਸਿੰਘ ਸੱਚਰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਸੂਬੇ 'ਚੋਂ ਅਕਾਲੀ ਦਲ ਦਾ ਡਰ ਖਤਮ ਹੋ ਚੁੱਕਾ ਹੈ ਅਤੇ ਸੂਬੇ ਵਿਚ ਕਾਨੂੰਨ ਦਾ ਸ਼ਾਸਨ ਬਹਾਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਉਸ ਦਾ ਹੰਕਾਰ ਲੈ ਬੈਠਾ ਅਤੇ ਹੁਣ ਅਜਿਹਾ ਹੀ ਮੋਦੀ ਸ,ਰਕਾਰ ਨਾਲ ਹੋਣ ਵਾਲਾ ਹੈ। ਜਾਖੜ ਨੇ ਇਸ ਮੌਕੇ 'ਤੇ ਵਰ੍ਹਦੇ ਹੋਏ ਕਿਹਾ ਕਿ ਕੇਂਦਰ ਦੀ ਰਾਜਗ ਸਰਕਾਰ ਦੇ 4 ਸਾਲਾਂ ਦੇ ਸ਼ਾਸਨਕਾਲ ਵਿਚ ਦੇਸ਼ 'ਚ ਵਪਾਰ ਅਤੇ ਉਦਯੋਗ ਹੇਠਲੇ ਪੱਧਰ ਤਕ ਪਹੁੰਚ ਚੁੱਕੇ ਹਨ ਅਤੇ ਉਦਯੋਗਿਕ ਵਿਕਾਸ ਦਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਨੋਟਬੰਦੀ ਅਤੇ ਜੀ. ਐੱਸ. ਟੀ. ਦੇ ਕਾਰਨ ਉਦਯੋਗਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਲਈ 10 ਹਜ਼ਾਰ ਕਰੋੜ ਦੀ ਰਕਮ ਵੀ ਖਰਚ ਕਰਨ ਲਈ ਤਿਆਰ ਨਹੀਂ ਹੈ, ਜਦਕਿ ਹੁਣੇ-ਹੁਣੇ ਮੋਦੀ ਸਰਕਾਰ ਨੇ ਵੱਡੇ ਉਦਯੋਗਾਂ ਦੇ 1.44 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰ ਦਿੱਤੇ ਸਨ। ਜਾਖੜ ਨੇ ਕਿਹਾ ਕਿ ਕਸ਼ਮੀਰ ਅਤੇ ਬਾਰਡਰ 'ਤੇ ਭਾਰਤੀ ਜਵਾਨ ਸ਼ਹੀਦ ਹੋ ਰਹੇ ਹਨ। ਤੇਲ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਵਰ੍ਹਦੇ ਹੋਏ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਵਿਚ ਡੀਜ਼ਲ ਇਸ ਸਮੇਂ 15 ਰੁਪਏ ਪ੍ਰਤੀ ਲੀਟਰ ਮਹਿੰਗਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਇਸ ਲੁੱਟ ਨੂੰ ਲੈ ਕੇ ਅਕਾਲੀ ਦਲ ਨੇ ਚੁੱਪ ਵੱਟੀ ਹੋਈ ਹੈ। ਅਕਾਲੀ ਦਲ ਨੇ ਕੇਂਦਰ ਵਿਚ ਆਪਣੀ ਸਹਿਯੋਗੀ ਪਾਰਟੀ ਭਾਜਪਾ 'ਤੇ ਦਬਾਅ ਪਾ ਕੇ ਪੰਜਾਬ ਲਈ ਕੋਈ ਉਦਯੋਗਿਕ ਪੈਕੇਜ ਨਹੀਂ ਲਿਆ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਜਦੋਂ ਡਾ. ਮਨਮੋਹਨ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਸੀ ਤਾਂ ਬਾਦਲ ਜਦੋਂ ਵੀ ਉਨ੍ਹਾਂ ਕੋਲ ਜਾਂਦੇ ਸਨ ਤਾਂ ਗਰਾਂਟਾਂ ਦੇ ਗੱਫੇ ਲੈ ਕੇ ਪਰਤਦੇ ਸਨ। 


Related News