ਜੰਗ-ਏ-ਆਜ਼ਾਦੀ ਗੇਟ ਸਾਹਮਣੇ ਸੜਕ ਹਾਦਸੇ ''ਚ ਔਰਤ ਦੀ ਮੌਤ

06/19/2018 6:40:21 AM

ਕਰਤਾਰਪੁਰ, (ਸਾਹਨੀ)- ਅੱਜ ਕਰਤਾਰਪੁਰ ਫਲਾਈਓਵਰ ਤੋਂ ਉਤਰਦਿਆਂ ਹੀ ਜਲੰਧਰ ਵੱਲ ਜੰਗ-ਏ-ਆਜ਼ਾਦੀ ਗੇਟ ਸਾਹਮਣੇ ਮੋਟਰਸਾਈਕਲ ਸਵਾਰ ਜੋੜਾ ਅੰਮ੍ਰਿਤਸਰ ਵੱਲੋਂ ਆ ਰਹੇ ਤੇਜ਼ ਰਫਤਾਰ ਟਰੱਕ ਦੀ ਲਪੇਟ ਵਿਚ ਆ ਗਿਆ, ਜਿਸ ਨਾਲ ਮੋਟਰਸਾਈਕਲ ਪਿੱਛੇ ਬੈਠੀ ਔਰਤ ਦੀ ਟਰੱਕ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਮੌਕੇ 'ਤੇ ਪੁੱਜੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਰਕੇਸ਼ ਕੁਮਾਰ ਪੁੱਤਰ ਯੂਸਫ ਵਾਸੀ ਫਿਰਕੀ ਮੁਹੱਲਾ ਭੁਲੱਥ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।  ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਪਤਨੀ ਨਾਲ ਆਪਣੀ ਭੈਣ ਅਨੀਤਾ ਨੂੰ ਮਿਲਣ ਮੋਟਰਸਾਈਕਲ 'ਤੇ ਪਿੰਡ ਸਰਾਏਖਾਸ ਜਾ ਰਿਹਾ ਸੀ ਅਤੇ ਕਰਤਾਰਪੁਰ ਸਰਵਿਸ ਲਾਈਨ ਤੋਂ ਜਿਵੇਂ ਹੀ ਜੀ. ਟੀ. ਰੋਡ 'ਤੇ ਚੜ੍ਹਨ ਲੱਗਾ ਤਾਂ ਅੰਮ੍ਰਿਤਸਰ ਵੱਲੋਂ ਆ ਰਹੇ ਤੇਜ਼ ਰਫਤਾਰ ਟਰੱਕ ਨੰ. ਐੱਚ ਪੀ 55-5040 ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। 
ਉਹ ਸੜਕ ਦੇ ਇਕ ਪਾਸੇ ਡਿੱਗ ਪਿਆ ਪਰ ਉਸ ਦੀ ਪਤਨੀ ਸੁਨੀਤਾ (33) ਟਰੱਕ ਦੀ ਲਪੇਟ ਵਿਚ ਆ ਗਈ। ਬੇਕਾਬੂ ਟਰੱਕ ਉਸ ਦੀ ਪਤਨੀ ਦੇ ਉਪਰੋਂ ਲੰਘ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲੋਕਾਂ ਨੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ, ਜਿਸ ਦੀ ਪਛਾਣ ਸ਼੍ਰੀਕਾਂਤ ਪੁੱਤਰ ਰੂਪ ਲਾਲ ਵਾਸੀ ਪਿੰਡ ਜਾਨਵੀ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। 


Related News