ਚੰਡੀਗੜ੍ਹ ਦੀ ਮਹਿਕ ਬਣੀ ਟ੍ਰਾਈਸਿਟੀ ਟਾਪਰ

06/19/2018 6:33:13 AM

ਚੰਡੀਗੜ੍ਹ, (ਰਸ਼ਮੀ ਰੋਹਿਲਾ)- ਏਮਜ਼ ਐੱਮ. ਬੀ. ਬੀ. ਐੱਸ. ਐਂਟਰੈਂਸ ਪ੍ਰੀਖਿਆ ਦਾ ਨਤੀਜਾ ਸੋਮਵਾਰ ਨੂੰ ਐਲਾਨ ਦਿੱਤਾ ਗਿਆ। ਚੰਡੀਗੜ੍ਹ ਤੋਂ 2000 ਵਿਦਿਆਰਥੀਆਂ ਨੇ ਇਸ 'ਚ ਹਿੱਸਾ ਲਿਆ ਸੀ। ਇਸ 'ਚ ਟ੍ਰਾਈਸਿਟੀ ਦੇ 7 ਹੋਣਹਾਰਾਂ ਨੇ ਟਾਪ 100 ਆਲ ਇੰਡੀਆ ਰੈਂਕਿੰਗ 'ਚ ਜਗ੍ਹਾ ਬਣਾਈ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੈਕਟਰ-35 ਦੀ ਵਿਦਿਆਰਥਣ ਮਹਿਕ ਅਰੋੜਾ ਨੇ ਟ੍ਰਾਈਸਿਟੀ 'ਚੋਂ ਟਾਪ ਕੀਤਾ। ਉਥੇ ਹੀ ਆਲ ਇੰਡੀਆ ਲੈਵਲ 'ਤੇ ਤੀਜਾ ਰੈਂਕ ਹਾਸਲ ਕੀਤਾ। ਦੂਜੇ ਸਥਾਨ 'ਤੇ ਮਨਰਾਜ ਰਹੇ, ਜਿਨ੍ਹਾਂ ਨੇ ਆਲ ਇੰਡੀਆ 'ਚ ਚੌਥਾ ਰੈਂਕ ਹਾਸਲ ਹਾਸਲ ਕੀਤਾ ਹੈ। ਟ੍ਰਾਈਸਿਟੀ 'ਚ ਤੀਜੇ ਸਥਾਨ 'ਤੇ ਪੰਚਕੂਲਾ ਦੇ ਭਵਨ ਵਿਦਿਆਲਿਆ ਦੀ ਈਸ਼ਵਾਕ ਰਹੀ, ਜਿਸਨੇ ਆਲ ਇੰਡੀਆ 'ਚੋਂ 10ਵਾਂ ਰੈਂਕ ਹਾਸਲ ਕੀਤਾ ਹੈ। ਚੌਥੇ ਸਥਾਨ 'ਤੇ ਮਨੀਮਾਜਰਾ ਸਥਿਤ ਡੀ. ਸੀ. ਮਾਂਟੈਸਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿਦਿਆਰਥੀ ਸਾਗਰ ਮਿਸ਼ਰਾ ਰਿਹਾ, ਜਿਸ ਨੇ ਆਲ ਇੰਡੀਆ 'ਚ 15ਵਾਂ ਰੈਂਕ ਹਾਸਲ ਕੀਤਾ। ਪੰਜਵੇਂ ਸਥਾਨ 'ਤੇ ਪਾਰੁਲ ਰਹੀ, ਜੋ ਕਿ ਸੈਕਟਰ-22 ਸਥਿਤ ਸ਼ਿਸ਼ੂ ਨਿਕੇਤਨ ਸਕੂਲ ਦੀ ਵਿਦਿਆਰਥਣ ਹੈ।
ਪਾਰੁਲ ਦਾ ਆਲ ਇੰਡੀਆ 'ਚੋਂ 30ਵਾਂ ਰੈਂਕ ਹੈ। ਟ੍ਰਾਈਸਿਟੀ 'ਚ ਛੇਵੇਂ ਸਥਾਨ 'ਤੇ ਅਨੁਰਾਗ ਰਿਹਾ, ਜਿਸ ਨੇ ਆਲ ਇੰਡੀਆ 'ਚ 92ਵਾਂ ਰੈਂਕ ਹਾਸਲ ਕਰਕੇ ਟਾਪ 100 'ਚ ਜਗ੍ਹਾ ਬਣਾਈ ਹੈ। ਉਥੇ ਹੀ ਵੈਭਵ ਗਰਗ 93ਵਾਂ ਰੈਂਕ ਹਾਸਲ ਕਰਕੇ ਟ੍ਰਾਈਸਿਟੀ 'ਚੋਂ 7ਵੇਂ ਨੰਬਰ 'ਤੇ ਰਿਹਾ ਹੈ। 
ਪੜ੍ਹਾਈ ਨੂੰ ਹਮੇਸ਼ਾ ਇੰਜੁਆਏ ਕੀਤਾ : ਪਾਰੁਲ
ਪਾਰੁਲ ਨੇ ਆਲ ਇੰਡੀਆ 'ਚ 30ਵਾਂ ਰੈਂਕ ਹਾਸਲ ਕਰਕੇ 99.99 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਪਾਰੁਲ ਨੇ ਦੱਸਿਆ ਕਿ ਪੜ੍ਹਾਈ ਨੂੰ ਉਹ ਹਮੇਸ਼ਾ ਇੰਜੁਆਏ ਕਰਦੀ ਹੈ। ਇਸ ਕਾਰਨ ਪ੍ਰੀਖਿਆ ਦੇ ਸਮੇਂ 'ਚ ਤਣਾਅ ਹਾਵੀ ਨਹੀਂ ਹੋਣ ਦਿੱਤਾ। ਵਿਦਿਆਰਥਣ ਨੇ ਸ਼ਿਸ਼ੂ ਨਿਕੇਤਨ ਚੰਡੀਗੜ੍ਹ ਤੋਂ 12ਵੀਂ ਕੀਤੀ ਹੈ ਤੇ ਏਮਜ਼ ਤੋਂ ਡਾਕਟਰੀ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ। ਨੱਚਣ ਤੇ ਗਾਉਣ ਦਾ ਵੀ ਸ਼ੌਕ ਹੈ। ਮਾਂ ਸੀਮਾ ਤੇ ਪਿਤਾ ਪ੍ਰਵੀਨ ਬੇਰੀ ਦੋਵੇਂ ਡਾਕਟਰ ਹਨ।  
ਇਹ ਹਨ ਟ੍ਰਾਈਸਿਟੀ ਦੇ ਟਾਪਰ
ਯੂਰੋਲਾਜਿਸਟ ਬਣਨ ਦਾ ਸੁਪਨਾ ਹੈ : ਮਹਿਕ 
ਨੀਟ ਪ੍ਰੀਖਿਆ ਤੋਂ ਬਾਅਦ ਹੁਣ ਏਮਜ਼ ਪ੍ਰੀਖਿਆ ਦੇ ਨਤੀਜਿਆਂ 'ਚ ਵੀ ਮਹਿਕ ਨੇ ਟ੍ਰਾਈਸਿਟੀ 'ਚ ਟਾਪ ਕੀਤਾ ਹੈ। ਮਹਿਕ ਨੇ ਆਲ ਇੰਡੀਆ 'ਚ ਤੀਜਾ ਰੈਂਕ ਹਾਸਲ ਕਰਕੇ ਨਾ ਸਿਰਫ ਆਪਣੇ ਪਰਿਵਾਰ ਦਾ, ਸਗੋਂ ਚੰਡੀਗੜ੍ਹ ਦਾ ਨਾਂ ਵੀ ਰੌਸ਼ਨ ਕੀਤਾ ਹੈ। ਇਸ ਪ੍ਰੀਖਿਆ 'ਚ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਮਹਿਕ ਅਰੋੜਾ ਨੇ ਕਿਹਾ ਕਿ ਆਲ ਇੰਡੀਆ ਰੈਂਕ 100 'ਚ ਆਉਣ ਦੀ ਕਲਪਨਾ ਵੀ ਨਹੀਂ ਕੀਤੀ ਸੀ। ਉਮੀਦ ਨਾਲੋਂ ਕਾਫ਼ੀ ਬਿਹਤਰ ਅੰਕ ਆਏ ਹਨ। ਉਸਦਾ ਨਿਊਰੋਲਾਜਿਸਟ ਬਣਨ ਦਾ ਸੁਪਨਾ ਹੈ। ਉਹ ਏਮਜ਼ 'ਚ ਦਾਖਲਾ ਲੈਣਾ ਚਾਹੁੰਦੀ ਹੈ।  ਉਨ੍ਹਾਂ ਦੀ ਮਾਤਾ ਰੇਣੂ ਅਰੋੜਾ ਸੀ. ਏ. ਹਨ ਅਤੇ ਪਿਤਾ ਸਰਕਾਰੀ ਸੰਸਥਾ 'ਚ ਉੱਚ ਪਦ 'ਤੇ ਤਾਇਨਾਤ ਹਨ। ਉਸਨੇ ਦੱਸਿਆ ਕਿ ਕਦੇ ਵੀ ਦਬਾਅ 'ਚ ਪੜ੍ਹਾਈ ਨਹੀਂ ਕੀਤੀ। ਟਾਈਮ ਟੇਬਲ ਅਨੁਸਾਰ ਵਿਸ਼ਿਆਂ ਦੀ ਰਿਵੀਜ਼ਨ ਕੀਤੀ ਹੈ। ਮਹਿਕ ਚੈੱਸ, ਕੈਰਮ, ਬਾਸਕਟਬਾਲ 'ਚ ਸਟੇਟ ਪੱਧਰ 'ਤੇ ਗੋਲਡ ਮੈਡਲ ਜਿੱਤ ਚੁੱਕੀ ਹੈ।  
ਬਿਨਾਂ ਛੁੱਟੀ ਦੇ ਲਗਾਤਾਰ ਕੀਤੀ ਤਿਆਰੀ : ਪ੍ਰਭਜੋਤ
ਚੰਡੀਗੜ੍ਹ ਦੇ ਐਲਨ ਇੰਸਟੀਚਿਊਟ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਨੇ ਏਮਜ਼ ਦੀ ਪ੍ਰੀਖਿਆ 'ਚ ਦੇਸ਼ 'ਚੋਂ 39ਵਾਂ ਰੈਂਕ ਹਾਸਲ ਕੀਤਾ ਹੈ ਤੇ ਟ੍ਰਾਈਸਿਟੀ 'ਚੋਂ ਉਹ ਛੇਵੇਂ ਸਥਾਨ 'ਤੇ ਰਿਹਾ। ਪ੍ਰਭਜੋਤ ਨੇ ਕਿਹਾ ਕਿ ਉਹ ਦਿਨ-ਰਾਤ ਇਸ ਪ੍ਰੀਖਿਆ ਦੀ ਤਿਆਰੀ 'ਚ ਲੱਗਾ ਹੋਇਆ ਸੀ। ਪ੍ਰਭਜੋਤ ਨੇ ਕਿਹਾ ਕਿ ਉਸਨੇ ਪਿਛਲੇ ਸਾਲ ਤਿਆਰੀ ਸ਼ੁਰੂ ਕੀਤੀ ਸੀ ਤੇ ਪ੍ਰੀਖਿਆ ਹੋਣ ਤਕ ਬਿਨਾਂ ਕੋਈ ਛੁੱਟੀ ਲਏ ਲਗਾਤਾਰ ਪੜ੍ਹਾਈ ਕੀਤੀ। ਅਧਿਆਪਕਾਂ ਨੇ ਬਹੁਤ ਸਹਾਇਤਾ ਕੀਤੀ। ਪ੍ਰਭਜੋਤ ਨੇ ਦੱਸਿਆ ਕਿ ਉਹ ਏਮਜ਼ ਤੋਂ ਐੱਮ. ਬੀ. ਬੀ. ਐੱਸ. ਕਰਨਾ ਚਾਹੁੰਦਾ ਹੈ।  
ਯੋਗ ਦੇ ਜ਼ਰੀਏ ਪੜ੍ਹਾਈ 'ਚ ਧਿਆਨ ਕੀਤਾ ਕੇਂਦਰਿਤ : ਸਾਗਰ 
ਸਾਗਰ ਮਿਸ਼ਰਾ ਨੇ ਟ੍ਰਾਈਸਿਟੀ 'ਚੋਂ ਚੌਥਾ ਸਥਾਨ ਹਾਸਲ ਕੀਤਾ ਹੈ। ਉਸ ਨੇ 99. 996 ਫੀਸਦੀ ਅੰਕ ਹਾਸਲ ਕੀਤੇ। ਸਾਗਰ ਦੇ ਪਿਤਾ ਏਅਰਫੋਰਸ 'ਚ ਹਨ। ਉਨ੍ਹਾਂ ਤੋਂ ਉਸ ਨੇ ਯੋਗ ਦੀ ਟ੍ਰੇਨਿੰਗ ਲਈ ਤੇ ਉਸਨੂੰ ਆਪਣੀ ਜੀਵਨਸ਼ੈਲੀ 'ਚ ਸ਼ਾਮਲ ਕੀਤਾ ਹੈ। ਸਾਗਰ ਨੇ ਦੱਸਿਆ ਕਿ ਉਹ ਟਾਈਮ ਟੇਬਲ ਦੇ ਹਿਸਾਬ ਨਾਲ ਪੜ੍ਹਾਈ ਕਰਦਾ ਸੀ। ਹਰ ਵਿਸ਼ੇ ਨੂੰ ਬਰਾਬਰ ਸਮਾਂ ਦਿੱਤਾ ਤੇ ਰੋਜ਼ਾਨਾ ਯੋਗ ਨੂੰ ਦੋ ਘੰਟੇ ਦਾ ਸਮਾਂ ਦਿੰਦਾ ਸੀ। ਇਸ ਕਾਰਨ ਪੜ੍ਹਾਈ ਦੌਰਾਨ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਹੋਈ। 
ਸੋਸ਼ਲ ਮੀਡੀਆ ਦਾ ਪੜ੍ਹਾਈ 'ਤੇ ਨਹੀਂ ਪਿਆ ਅਸਰ : ਅਨੁਰਾਗ 
ਅਨੁਰਾਗ ਸਿੰਘ ਨੇ ਐੱਸ. ਸੀ. ਕੈਟਾਗਰੀ 'ਚ ਦੇਸ਼ 'ਚ ਦੂਜਾ ਰੈਂਕ ਹਾਸਲ ਕੀਤਾ ਹੈ। ਟ੍ਰਾਈਸਿਟੀ 'ਚੋਂ ਉਸਦਾ ਸੱਤਵਾਂ ਰੈਂਕ ਹੈ। ਅਨੁਰਾਗ ਨੇ 99. 9968300 ਫੀਸਦੀ ਅੰਕ ਹਾਸਲ ਕੀਤੇ। ਅਨੁਰਾਗ ਨੇ ਕਿਹਾ ਕਿ ਉਸਨੇ ਕਦੇ ਦਬਾਅ 'ਚ ਆ ਕੇ ਪੜ੍ਹਾਈ ਨਹੀਂ ਕੀਤੀ। ਓਨੀ ਦੇਰ ਪੜ੍ਹਦਾ ਸੀ, ਜਿੰਨੀ ਦੇਰ ਮਨ ਕਰਦਾ। ਮੈਂ ਕਦੇ ਦਿਨ 'ਚ 7-8 ਘੰਟੇ ਪੜ੍ਹਦਾ ਤਾਂ ਕਦੇ ਸਿਰਫ 2 ਘੰਟੇ ਪਰ ਜਿੰਨੀ ਦੇਰ ਵੀ ਪੜ੍ਹਾਈ ਕੀਤੀ, ਪੂਰੇ ਮਨ ਤੇ ਲਗਨ ਨਾਲ ਕੀਤੀ ਹੈ। ਉਸ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਹੈ। ਇਸ ਨਾਲ ਉਸ ਦੀ ਪੜ੍ਹਾਈ 'ਤੇ ਕੋਈ ਅਸਰ ਨਹੀਂ ਪਿਆ।  
ਸਰਜਨ ਬਣਨਾ ਚਾਹੁੰਦਾ ਹਾਂ : ਵੈਭਵ
ਸੈਕਟਰ-26 ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਪਬਲਿਕ ਸਕੂਲ ਦੇ ਵਿਦਿਆਰਥੀ ਵੈਭਵ ਗਰਗ ਨੇ ਟ੍ਰਾਈਸਿਟੀ 'ਚੋਂ ਅਠਵਾਂ ਸਥਾਨ ਹਾਸਲ ਕੀਤਾ। ਵੈਭਵ ਦੇ ਪਿਤਾ ਸੰਜੀਵ ਗਰਗ ਹਰਿਆਣਾ ਪਾਵਰ ਜੈਨਰੇਸ਼ਨ ਕਾਰਪੋਰੇਸ਼ਨ ਲਿਮਟਿਡ 'ਚ ਇੰਜੀਨੀਅਰ ਹਨ। ਉਨ੍ਹਾਂ ਦੇ ਪਰਿਵਾਰ 'ਚ ਸਾਰੇ ਇੰਜੀਨੀਅਰਿੰਗ ਲਾਈਨ 'ਚ ਹਨ ਪਰ ਵੈਭਵ ਨੇ ਨੌਵੀਂ ਜਮਾਤ 'ਚ ਹੀ ਫੈਸਲਾ ਕਰ ਲਿਆ ਸੀ ਕਿ ਉਹ ਮੈਡੀਕਲ ਖੇਤਰ 'ਚ ਹੀ ਜਾਵੇਗਾ। ਦਿਨ 'ਚ 17 ਘੰਟੇ ਪੜ੍ਹਾਈ ਕੀਤੀ। ਵੈਭਵ ਦਾ ਟੀਚਾ ਸਰਜਨ ਬਣਨਾ ਹੈ। ਉਸ ਦੀ ਮਾਂ ਸੂਰਜਪੁਰ ਸਥਿਤ ਡੀ. ਏ. ਵੀ. ਸਕੂਲ 'ਚ ਅਧਿਆਪਕਾ ਹੈ।       


Related News