ਨਕਲੀ ਪਿਸਤੌਲ ਦੇ ਦਮ ''ਤੇ ਲੁੱਟੀ ਸੀ ਹੋਟਲ ਮਾਲਕ ਦੀ ਫਾਰਚੂਨਰ, 3 ਗ੍ਰਿਫਤਾਰ

06/19/2018 6:33:45 AM

ਜਲੰਧਰ, (ਵਰੁਣ)- ਹੋਟਲ ਡੌਲਫਿਨ ਦੇ ਮਾਲਕ ਦੇ ਡਰਾਈਵਰ ਕੋਲੋਂ ਫਾਰਚੂਨਰ ਗੱਡੀ ਲੁੱਟਣ ਵਾਲੇ ਹੌਲਦਾਰ ਦੇ ਬੇਟੇ ਸਣੇ ਮੁਲਜ਼ਮਾਂ ਨੂੰ ਸੀ. ਆਈ. ਏ. ਸਟਾਫ ਨੇ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਕੋਲੋਂ ਇਕ ਨਕਲੀ ਪਿਸਤੌਲ ਵੀ ਬਰਾਮਦ ਹੋਇਆ ਹੈ। ਇਨ੍ਹਾਂ ਵਿਚੋਂ ਦੋ ਨੌਜਵਾਨ ਹੈਰੋਇਨ ਦਾ ਨਸ਼ਾ ਕਰਦੇ ਹਨ। 
ਏ. ਸੀ. ਪੀ. ਇਨਵੈਸਟੀਗੇਸ਼ਨ ਗੁਰਮੇਲ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਡੌਲਫਿਨ ਦੇ ਮਾਲਕ ਦੀ ਫਾਰਚੂਨਰ ਗੱਡੀ ਲੁੱਟਣ ਵਾਲੇ ਮੁਲਜ਼ਮ ਦੁਬਾਰਾ ਵਾਰਦਾਤ ਲਈ ਬਰਲਟਨ ਪਾਰਕ ਕੋਲ ਘੁੰਮ ਰਹੇ ਹਨ। ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਮੋਹਨ ਸਿੰਘ ਨੇ ਤੁਰੰਤ ਉਥੇ ਰੇਡ ਕਰ ਕੇ ਯੁੱਧਵੀਰ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਨਿਊ ਪ੍ਰਤਾਪ ਨਗਰ ਅੰਮ੍ਰਿਤਸਰ, ਕਰਨਵੀਰ ਸਿੰਘ ਉਰਫ ਕਰਨ ਪੁੱਤਰ ਲਖਵੀਰ ਵਾਸੀ ਹਰੀਕੇ ਤਰਨਤਾਰਨ ਅਤੇ ਅਮਰੀਕ ਸਿੰਘ ਉਰਫ ਮਿੱਠੂ ਪੁੱਤਰ ਦਲਜੀਤ ਸਿੰਘ ਵਾਸੀ ਨਿਊ ਪ੍ਰਤਾਪ ਨਗਰ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਇਕ ਨਕਲੀ ਪਿਸਤੌਲ ਬਰਾਮਦ ਹੋਇਆ। ਪੁੱਛਗਿੱਛ ਵਿਚ ਪਤਾ ਲੱਗਾ ਕਿ ਉਕਤ ਮੁਲਜ਼ਮਾਂ ਨੇ ਨਕਲੀ ਪਿਸਤੌਲ ਦਿਖਾ ਕੇ ਫਾਰਚੂਨਰ ਗੱਡੀ ਲੁੱਟੀ ਸੀ। ਏ. ਸੀ. ਪੀ. ਗੁਰਮੇਲ ਸਿੰਘ ਨੇ ਕਿਹਾ ਕਿ ਯੁਧਵੀਰ ਸਿੰਘ ਤੇ ਅਮਰੀਕ ਸਿੰਘ ਹੈਰੋਇਨ ਦਾ ਨਸ਼ਾ ਕਰਦੇ ਹਨ ਤੇ ਨਸ਼ੇ ਵਿਚ ਹੀ ਉਨ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ। ਯੁੱਧਵੀਰ ਸਿੰਘ ਨੇ ਪੁੱਛਗਿੱਛ ਵਿਚ ਦੱਸਿਆ ਕਿ ਡੇਅਰੀ ਦਾ ਕੰਮ ਕਰਦੇ ਉਸਦੇ ਪਿਤਾ ਕੋਲ ਵੀ ਫਾਰਚੂਨਰ ਗੱਡੀ ਹੈ ਪਰ ਉੁਹ ਉਸ ਨੂੰ ਗੱਡੀ ਚਲਾਉਣ ਨਹੀਂ ਦਿੰਦੇ ਸਨ। ਇਸ ਕਾਰਨ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਵਾਰਦਾਤ ਕੀਤੀ। ਉਸ ਨੇ ਕਬੂਲ ਕੀਤਾ ਕਿ ਵਾਰਦਾਤ ਤੋਂ ਬਾਅਦ ਲੁੱਟੀ ਹੋਈ ਫਾਰਚੂਨਰ ਗੱਡੀ 'ਤੇ ਪਿਤਾ ਦੀ ਫਾਰਚਿਊਨਰ ਗੱਡੀ ਦਾ ਨੰਬਰ ਲਾ ਕੇ ਘੁੰਮਦਾ ਸੀ। ਇਸ ਕੇਸ ਵਿਚ ਪੁਲਸ ਹੈਪੀ ਤੇ ਗੋਪੀ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਕੇ ਜੇਲ ਭੇਜ ਚੁੱਕੀ ਹੈ। ਲੁੱਟ ਵਿਚ ਸ਼ਾਮਲ ਕਿਸ਼ਨਜੀਤ ਉਰਫ ਜੱਗਾ ਵਾਸੀ ਫਰੀਦਕੋਟ ਅਜੇ ਵੀ ਪੁਲਸ ਦੇ ਹੱਥ ਨਹੀਂ ਲੱਗਾ। ਕਿਸ਼ਨਜੀਤ ਦੇ ਪਿਤਾ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਹਨ। ਏ. ਸੀ. ਪੀ. ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਅਮਰੀਕ ਸਿੰਘ ਦੇ ਪਿਤਾ ਡੇਅਰੀ ਚਲਾਉਂਦੇ ਹਨ।
ਕਰਨ ਦਾ ਪਿਤਾ ਮੁਲਾਜ਼ਮ ਹੁੰਦੇ ਹੋਏ ਕਰਦਾ ਸੀ ਹੈਰੋਇਨ ਸਮੱਗਲਿੰਗ
ਕਰਨ ਦਾ ਪਿਤਾ ਲਖਵੀਰ ਸਿੰਘ ਫਰੀਦਕੋਟ ਪੁਲਸ ਵਿਚ ਬਤੌਰ ਹੌਲਦਾਰ ਤਾਇਨਾਤ ਸੀ। ਕੁਝ ਸਮਾਂ ਪਹਿਲਾਂ ਉਹ 270 ਗ੍ਰਾਮ ਹੈਰੋਇਨ ਸਮੇਤ ਫੜਿਆ ਗਿਆ ਸੀ। ਉਸ ਦੇ ਹੈਰੋਇਨ ਸਮੱਗਲਰਾਂ ਨਾਲ ਸੰਬੰਧ ਸਨ ਜਿਸ ਕਾਰਨ ਪੁਲਸ ਅਧਿਕਾਰੀਆਂ ਨੇ ਉਸ ਨੂੰ ਡਿਸਮਿਸ ਕਰ ਦਿੱਤਾ ਸੀ। ਕਰਨ ਖੁਦ ਤਾਂ ਨਸ਼ਾ ਨਹੀਂ ਕਰਦਾ ਪਰ ਯੁੱਧਵੀਰ ਨਾਲ ਮਿਲ ਕੇ ਵਾਰਦਾਤਾਂ ਕਰਨ ਲੱਗਾ। ਕਰਨ ਦਾ ਪਿਤਾ ਅਜੇ ਵੀ ਜੇਲ ਵਿਚ ਬੰਦ ਹੈ। ਕਰਨਵੀਰ ਸਿੰਘ ਇਸ ਤੋਂ ਪਹਿਲਾਂ ਵੀ ਪਿਸਤੌਲ ਤੇ ਹੈਰੋਇਨ ਦੇ ਨਾਲ ਫੜਿਆ ਜਾ ਚੁੱਕਾ ਸੀ। ਕਰਨ ਦੇ ਖਿਲਾਫ ਫਰੀਦਕੋਟ 'ਚ ਕੁੱਟ-ਮਾਰ ਤੇ ਸ਼ਰਾਬ ਸਮੱਗਲਿੰਗ ਦੇ ਦੋ ਕੇਸ ਦਰਜ ਹਨ ਜਦ ਕਿ ਇਕ ਕੇਸ ਤਰਨਤਾਰਨ ਵਿਚ ਹੈ ਜਿੱਥੇ ਉਹ ਪਿਸਤੌਲ ਤੇ ਹੈਰੋਇਨ ਨਾਲ ਫੜਿਆ ਗਿਆ ਸੀ।
ਯੁੱਧਵੀਰ ਸਿੰਘ ਦੇ ਪਿਤਾ ਨੇ ਹੈਰੋਇਨ ਵੇਚਣੀ ਛੱਡ ਕੇ ਖੋਲ੍ਹੀ ਸੀ ਡੇਅਰੀ
ਯੁੱਧਵੀਰ ਸਿੰਘ ਦਾ ਪਿਤਾ ਵੀ ਹੈਰੋਇਨ ਸਮੱਗਲਿੰਗ ਕਰਦਾ ਸੀ ਪਰ ਦੋ ਕੇਸ ਹੋਣ ਤੋਂ ਬਾਅਦ ਉਸ ਨੇ ਸਮੱਗਲਿੰਗ ਛੱਡ ਦਿੱਤੀ ਸੀ। ਹੁਣ ਉਹ ਡੇਅਰੀ ਖੋਲ੍ਹ ਕੇ ਆਪਣਾ ਕੰਮ ਕਰ ਰਹੇ ਹਨ ਪਰ ਯੁੱਧਵੀਰ ਸਿੰਘ ਨੂੰ ਹੈਰੋਇਨ ਦੀ ਆਦਤ ਲੱਗੀ ਤਾਂ ਉਸ ਨੇ ਲੁੱਟਾਂ, ਜ਼ਮੀਨਾਂ 'ਤੇ ਕਬਜ਼ਾ ਦਿਵਾਉਣ ਤੇ ਖੁਦ ਨਸ਼ਾ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਯੁੱਧਵੀਰ ਸਿੰਘ ਖਿਲਾਫ ਚੰਡੀਗੜ੍ਹ 'ਚ ਇਕ ਤੇ ਅੰਮ੍ਰਿਤਸਰ ਵਿਚ 9 ਕੇਸ ਦਰਜ ਹਨ।
ਮੋਗਾ 'ਚ ਫਾਰਚੂਨਰ ਲੁੱਟਣ ਦਾ ਸੀ ਪਲਾਨ
ਯੁੱਧਵੀਰ ਸਿੰਘ ਨੇ ਮੰਨਿਆ ਕਿ ਉਨ੍ਹਾਂ ਨੇ ਮੋਗਾ ਵਿਚ ਫਾਰਚੂਨਰ ਗੱਡੀ ਲੁੱਟਣ ਦਾ ਪਲਾਨ ਬਣਾਇਆ ਸੀ। ਫਾਰਚੂਨਰ ਗੱਡੀ ਨੂੰ ਹੀ ਨਿਸ਼ਾਨਾ ਬਣਾਉਣ ਦਾ ਕਾਰਨ ਸੀ ਕਿ ਯੁੱਧਵੀਰ ਸਿੰਘ ਨੇ ਲੁੱਟੀ ਹੋਈ ਫਾਰਚੂਨਰ ਗੱਡੀ 'ਤੇ ਆਪਣੇ ਪਿਤਾ ਦੀ ਗੱਡੀ ਦਾ ਨੰਬਰ ਲਾਉਣਾ ਸੀ ਤਾਂ ਕਿ ਕਿਸੇ ਨੂੰ ਵੀ ਸ਼ੱਕ ਨਾ ਹੋਵੇ। ਦੋ ਦਿਨ ਤਕ ਮੋਗਾ ਵਿਚ ਉਹ ਫਾਰਚੂਨਰ ਗੱਡੀ ਲੱਭਦੇ ਰਹੇ ਪਰ ਗੱਡੀ ਨਾ ਮਿਲਣ ਕਾਰਨ ਉਹ ਜਲੰਧਰ ਵੱਲ ਆ ਗਏ ਅਤੇ ਇਥੇ ਉਨ੍ਹਾਂ ਹੋਟਲ ਡੌਲਫਿਨ ਦੇ ਮਾਲਕ ਦੀ ਫਾਰਚੂਨਰ ਗੱਡੀ ਨੂੰ ਨਿਸ਼ਾਨਾ ਬਣਾ ਲਿਆ। ਮੁਲਜ਼ਮਾਂ ਨੇ ਗੱਡੀ ਲੁੱਟਣ ਤੋਂ ਬਾਅਦ ਨੰਬਰ ਬਦਲ ਕੇ ਸ਼ਿਮਲਾ ਜਾਣਾ ਸੀ।


Related News