ਲਡ਼ਕੀ ਦੇ ਵਿਆਹ ਕਾਰਨ ਹੋਈ ਲਡ਼ਾਈ ’ਚ 2 ਵਿਅਕਤੀ ਜ਼ਖਮੀ

06/19/2018 6:09:54 AM

 ਭਿੰਡੀ ਸੈਦਾਂ   (ਗੁਰਜੰਟ)-  ਕਸਬਾ ਭਿੰਡੀ ਸੈਦਾਂ ਦੇ ਵਿਖੇ ਬੀਤੇ ਦਿਨੀਂ ਇਕ ਲਡ਼ਕੀ ਦੇ ਵਿਆਹ ਨੂੰ ਲੈ ਕੇ ਆਂਢ-ਗੁਅਾਂਢ ਦੀਆਂ ਦੋ ਧਿਰਾਂ ਵਿਚਾਲੇ ਹੋਈ ਲਡ਼ਾਈ ਦੌਰਾਨ 2 ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਜ਼ੇਰੇ ਇਲਾਜ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਭਿੰਡੀ ਸੈਦਾਂ ਨੇ ਦੱਸਿਆ ਕਿ ਮੇਰੇ ਭਰਾ ਬਲਜੀਤ ਸਿੰਘ ਦਾ ਰਿਸ਼ਤਾ ਸਾਡੇ ਗੁਆਂਢ ਰਹਿੰਦੇ ਜੱਸਾ ਸਿੰਘ ਪੁੱਤਰ ਭਜਨ ਸਿੰਘ ਦੀ ਸਾਲੀ ਨਾਲ ਹੋਇਆ ਸੀ ਪਰ ਜੱਸਾ ਸਿੰਘ ਲਡ਼ਕੀ ਦਾ ਜੀਜਾ ਹੋਣ ਕਾਰਨ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ ਤੇ ਮੇਰੇ ਭਰਾ ਨੂੰ ਕਈ ਵਾਰੀ ਧਮਕੀਆਂ ਦੇ ਚੁੱਕਾ ਸੀ ਕਿ ਜੇਕਰ ਤੂੰ ਮੇਰੀ ਸਾਲੀ ਨਾਲ ਵਿਆਹ ਕਰਵਾਇਆ ਤਾਂ ਮੈਂ ਤੈਨੂੰ ਜਾਨੋ ਮਾਰ ਦੇਵਾਗਾ ਲੇਕਿਨ ਸਾਡੇ ਪਰਿਵਾਰ ਦੀ ਲਡ਼ਕੀ ਪਰਿਵਾਰ ਨਾਲ ਸਹਿਮਤੀ ਹੋਣ ਕਾਰਨ ਬਲਜੀਤ ਸਿੰਘ ਦਾ 15 ਜੂਨ ਨੂੰ ਵਿਆਹ ਪੱਕਾ ਹੋ ਗਿਆ। ਵਿਆਹ ਤੋਂ ਇਕ ਦਿਨ ਪਹਿਲਾਂ ਰਾਤ ਕਰੀਬ 9 ਵਜੇ ਮੈਂ ਤੇ ਮੇਰੇ ਭਤੀਜਾ ਬਾਜ ਸਿੰਘ ਮੋਟਰਸਾਈਕਲ ’ਤੇ ਕੋਈ ਜ਼ਰੂਰੀ ਸਾਮਾਨ ਲੈਣ ਅੱਡੇ ਵੱਲ ਨੂੰ ਜਾ ਰਹੇ ਸੀ ਕਿ ਅਚਾਨਕ ਜੱਸਾ ਸਿੰਘ ਨੇ ਆਪਣੇ ਨਾਲ ਛਿੰਦਾ ਸਿੰਘ ਤੇ ਰਾਜਬੀਰ ਸਿੰਘ ਨੂੰ ਨਾਲ ਲੈ ਕੇ ਮੈਨੂੰ ਬਲਜੀਤ ਸਿੰਘ ਸਮਝ ਕੇ ਸਾਡੇ ਉੱਪਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਅਸੀਂ ਮੋਟਰਸਾਈਕਲ ਤੋਂ ਡਿੱਗ ਪਏ ਤੇ ਉੱਕਤ ਵਿਅਕਤੀਆਂ ਨੇ ਸਾਨੂੰ ਦੋਵਾਂ ਨੂੰ ਗੰਭੀਰ ਸੱਟਾਂ ਲਾ ਕੇ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਦ ਘਰਦਿਅਾਂ ਨੂੰ ਪਤਾ ਲੱਗਣ ’ਤੇ ਸਾਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਭਰਤੀ ਕਰਵਾਇਆ, ਜਿਸ ਸੰਬੰਧੀ ਪੁਲਸ ਥਾਣਾ ਭਿੰਡੀ ਸੈਦਾਂ ਵਿਖੇ ਦਰਖਾਸਤ ਦਿੱਤੀ ਗਈ ਹੈ। ਦੂਜੀ ਧਿਰ ਦੇ ਜੱਸਾ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਸਾਨੂੰ ਝੂਠਾ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਕਿ ਬਲਜੀਤ ਸਿੰਘ ਤੇ ਬਾਜ ਸਿੰਘ ਨੂੰ ਸੱਟਾਂ ਮੋਟਰਸਾਈਕਲ ਦਾ ਐਕਸੀਡੈਂਟ ਹੋਣ ਨਾਲ ਲੱਗੀਆਂ ਹਨ। ਤਫਤੀਸ਼ੀ ਅਧਿਕਾਰੀ ਚਰਨ ਸਿੰਘ ਨੂੰ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਮਾਮਲੇ ਦੀ ਛਾਣਬੀਨ ਕੀਤੀ ਜਾ ਰਹੀ, ਜੋ ਵੀ ਦੋਸ਼ੀ ਪਾਇਆ ਗਿਆ ਬਣਦੀ ਕਾਰਵਾਈ ਕੀਤੀ ਜਾਵੇਗੀ।
ਘਰ ’ਚ ਦਾਖਲ ਹੋ ਕੇ ਕੀਤੀ ਕੁੱਟ-ਮਾਰ
 ਅੰਮ੍ਰਿਤਸਰ,18 ਜੂਨ (ਅਰੁਣ)-ਕੋਟ ਖਾਲਸਾ ਇਲਾਕੇ ਦੇ ਇਕ ਘਰ ਵਿਚ ਦਾਖਲ ਹੋ ਕੇ ਹਥਿਆਰਾਂ ਨਾਲ ਸੱਟਾਂ ਮਾਰ  ਕੇ ਦੌਡ਼ੇ 3 ਮੁਲਜ਼ਮਾਂ ਖਿਲਾਫ ਥਾਣਾ ਇਸਲਾਮਾਬਾਦ ਦੀ ਪੁਲਸ  ਨੇ  ਮਾਮਲਾ ਦਰਜ ਕਰ ਲਿਆ ਹੈ। ਇੰਦਰਾ ਕਾਲੋਨੀ ਕੋਟ ਖਾਲਸਾ ਵਾਸੀ ਬਲਜਿੰਦਰ ਸਿੰਘ ਦੀ ਸ਼ਿਕਾਇਤ ਤੇ ਘਰ ’ਚ ਦਾਖਲ ਹੋ ਉਸ ਨੂੰ ਜ਼ਖਮੀ ਕਰ ਕੇ ਦੌਡ਼ੇ ਮੁਲਜ਼ਮ ਅਜੇ ਭੱਟੀ, ਜਸਪਾਲ ਸਿੰਘ, ਇੰਦਰਜੀਤ ਸਿੰਘ ਵਾਸੀ ਇੰਦਰਾ ਕਾਲੋਨੀ ਦੀ ਗ੍ਰਿਫਤਾਰੀ ਲਈ ਪੁਲਸ ਛਾਪਾਮਾਰੀ ਕਰ ਰਹੀ ਹੈ।


Related News