ਸੈਂਟਰਲ ਜੇਲ ''ਚ ਕਈ ਸੁਰੱਖਿਆ ਦਸਤੇ ਤਾਇਨਾਤ, ਫਿਰ ਵੀ ਕ੍ਰਿਮੀਨਲ ਬੰਦੀਆਂ ਦਾ ਮੋਬਾਇਲ ਨੈੱਟਵਰਕ ਮਜ਼ਬੂਤ

06/19/2018 5:43:42 AM

ਲੁਧਿਆਣਾ(ਸਿਆਲ)-ਸੈਂਟਰਲ ਜੇਲ 'ਚ ਕਈ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਤੇ ਖੁਫੀਆ ਤੰਤਰ ਹੋਣ ਦੇ ਬਾਵਜੂਦ ਮੋਬਾਇਲ ਫੋਨ ਦੀ ਵਰਤੋਂ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਕ੍ਰਿਮੀਨਲ ਕਿਸਮ ਦੇ ਬੰਦੀ ਬੇਖੌਫ ਮੋਬਾਇਲ ਫੋਨ ਦੀ ਵਰਤੋਂ ਕਰ ਕੇ ਜਿੱਥੇ ਆਪਣੇ ਬਾਹਰੀ ਸਾਥੀਆਂ ਦੇ ਸੰਪਰਕ 'ਚ ਹਨ, ਉਥੇ ਨੈੱਟਵਰਕਿੰਗ ਰਾਹੀਂ ਪੋਸਟਾਂ ਅਪਲੋਡ ਕਰ ਕੇ ਜੇਲ ਦੀ ਸੁਰੱਖਿਆ ਪ੍ਰਣਾਲੀ ਨੂੰ ਬੇਅਸਰ ਦੱਸ ਰਹੇ ਹਨ।  ਤਾਜ਼ਾ ਘਟਨਾ ਦੀ ਗੱਲ ਕਰੀਏ ਤਾਂ ਜੇਲ ਦੀ ਬੈਰਕ 'ਚ ਆਪਣੇ ਹਵਾਲਾਤੀ ਸਾਥੀ ਇਕਬਾਲ ਸਿੰਘ ਬਾਲਾ ਨਾਲ ਲਈ ਸੈਲਫੀ ਹਵਾਲਾਤੀ ਗੁਰਕਮਲ ਸਿੰਘ ਉਰਫ ਈਲੂ ਨੇ ਜ਼ਮਾਨਤ 'ਤੇ ਬਾਹਰ ਆ ਕੇ 16 ਜੂਨ ਨੂੰ ਫੇਸਬੁੱਕ 'ਤੇ ਅਪਲੋਡ ਕਰ ਦਿੱਤੀ। ਇਹ ਕੋਈ ਨਵੀਂ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਬੀਤੇ ਸਾਲਾਂ 'ਚ ਕਈ ਅਜਿਹੀਆਂ ਵੱਡੀਆਂ ਘਟਨਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ ਨਾਲ ਜੇਲ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਸ਼ੱਕ ਦੇ ਘੇਰੇ 'ਚ ਆਈ ਹੈ। ਅਜਿਹੇ 'ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੇਲ 'ਚ ਤਾਇਨਾਤ ਵੱਡੀ ਫੌਜ ਨਠੱਲੀ ਹੋ ਗਈ ਹੈ ਅਤੇ ਸੈਂਟਰਲ ਜੇਲ ਦੀ ਸੁਰੱਖਿਆ ਹੁਣ ਰਾਮ ਭਰੋਸੇ ਹੀ ਹੈ। ਦੱਸਣਯੋਗ ਹੈ ਕਿ 14 ਮਈ ਨੂੰ ਸੈਂਟਰਲ ਜੇਲ ਤੋਂ 2 ਸਕੇ ਭਰਾਵਾਂ ਦੇ ਸੁਰੱਖਿਆ ਘੇਰੇ ਨੂੰ ਤੋੜ ਕੇ ਭੱਜ ਨਿਕਲਣ 'ਚ ਸਫਲ ਹੋਣ ਦੇ ਬਾਅਦ ਸੁਰੱਖਿਆ ਹੋਰ ਟਾਈਟ ਕੀਤੀ ਗਈ ਸੀ। ਮੌਜੂਦਾ ਸਮੇਂ 'ਚ ਜੇਲ 'ਚ ਪੁਲਸ ਕਰਮਚਾਰੀ, ਹੋਮਗਾਰਡ, ਪੈਸਕੋ ਤੇ ਆਈ. ਆਰ. ਬੀ. ਦੇ ਜਵਾਨ ਡਿਊਟੀ ਦੇ ਰਹੇ ਹਨ। ਵਿਸ਼ੇਸ਼ ਸਰਚ ਮੁਹਿੰਮ ਵੀ ਚਲਾਏ ਜਾ ਰਹੇ ਹਨ। ਬਾਵਜੂਦ ਇਸ ਦੇ ਮੋਬਾਇਲਾਂ ਦਾ ਜੇਲ 'ਚ ਪਹੁੰਚਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਉਕਤ ਹਵਾਲਾਤੀ ਵੱਲੋਂ ਜੇਲ ਦੀ ਬੈਰਕ 'ਚ ਆਪਣੇ ਬੰਦੀ ਦੇ ਨਾਲ ਲਈ ਗਈ ਪੋਸਟ ਨੂੰ ਜ਼ਮਾਨਤ 'ਤੇ ਬਾਹਰ ਆ ਕੇ ਫੇਸਬੁੱਕ 'ਤੇ ਅਪਲੋਡ ਕਰਨਾ ਤਾਜ਼ਾ ਉਦਾਹਰਣ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਹਵਾਲਾਤੀ ਈਲੂ 17 ਦਿਨ ਤੱਕ ਜੇਲ 'ਚ ਰਹਿਣ ਦੌਰਾਨ ਮੋਬਾਇਲ ਫੋਨ ਚਲਾਉਂਦਾ ਰਿਹਾ ਤੇ ਜ਼ਮਾਨਤ ਮਿਲਣ 'ਤੇ ਆਸਾਨੀ ਨਾਲ ਮੋਬਾਇਲ ਫੋਨ ਲੈ ਕੇ ਬਾਹਰ ਨਿਕਲ ਗਿਆ।
ਇਹ ਹੈ ਮਾਮਲਾ
ਜਾਣਕਾਰੀ ਅਨੁਸਾਰ ਹਵਾਲਾਤੀ ਗੁਰਕਮਲ ਸਿੰਘ ਉਰਫ ਈਲੂ ਖਿਲਾਫ ਥਾਣਾ ਕੋਤਵਾਲੀ 'ਚ ਪਹਿਲਾਂ ਇਰਾਦਾ ਕਤਲ (ਧਾਰਾ 307) ਤੇ ਫਿਰ ਉਸ ਨੂੰ ਬਦਲ ਕੇ ਧਾਰਾ 326 ਤਹਿਤ ਕੇਸ ਦਰਜ ਕਰ ਕੇ ਜੇਲ ਭੇਜਿਆ ਗਿਆ ਸੀ, ਜਿੱਥੇ 17 ਦਿਨ ਰਹਿਣ ਦੌਰਾਨ ਉਸ ਦੀ ਮੁਲਾਕਾਤ ਇਕਬਾਲ ਸਿੰਘ ਬਾਲਾ ਨਾਲ ਹੋਈ ਜੋ ਥਾਣਾ ਬਸਤੀ ਜੋਧੇਵਾਲ 'ਚ ਸਾਲ 2016 'ਚ ਕਤਲ ਕੇਸ ਦਰਜ ਹੋਣ ਕਾਰਨ 4 ਦਸੰਬਰ 2017 ਤੋਂ ਜੇਲ 'ਚ ਬੰਦ ਹੈ। ਇਸ ਦੌਰਾਨ ਈਲੂ ਨੇ ਬਾਲਾ ਨਾਲ ਜੇਲ ਬੈਰਕ 'ਚ ਮੋਬਾਇਲ 'ਤੇ ਸੈਲਫੀ ਲਈ, ਜਿਸ ਨੂੰ ਬਾਹਰ ਆ ਕੇ 16 ਜੂਨ ਨੂੰ ਫੇਸਬੁੱਕ 'ਤੇ ਅਪਲੋਡ ਕਰ ਦਿੱਤਾ।
ਕੀ ਕਹਿੰਦੇ ਹਨ ਡਿਪਟੀ ਸੁਪਰਡੈਂਟ
ਇਸ ਬਾਬਤ ਜੇਲ ਦੇ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਆਪਣੇ ਤੌਰ 'ਤੇ ਜਾਂਚ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਵਾਲਾਤੀ ਇਕਬਾਲ ਸਿੰਘ ਬਾਲਾ ਨੂੰ ਬੈਰਕ ਤੋਂ ਸੈੱਲ 'ਚ ਸ਼ਿਫਟ ਕਰ ਦਿੱਤਾ ਗਿਆ ਹੈ, ਜਿੱਥੇ ਉਹ ਸਖਤ ਸੁਰੱਖਿਆ ਨਿਗਰਾਨੀ 'ਚ ਹੈ, ਉਨ੍ਹਾਂ ਨੇ ਦੱਸਿਆ ਕਿ ਹੁਣ ਜ਼ਮਾਨਤ 'ਤੇ ਰਿਹਾਅ ਹੋ ਕੇ ਜਾਣ ਵਾਲੇ ਹਰ ਕੈਦੀ ਤੇ ਹਵਾਲਾਤੀ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ।


Related News