ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਦੇ 12 ਵਿਅਕਤੀਆਂ ਤੇ ਦੁਕਾਨਦਾਰਾਂ ਦੇ ਕੱਟੇ ਚਲਾਨ

06/19/2018 5:39:15 AM

ਪਟਿਆਲਾ, (ਪਰਮੀਤ)- ਮਿਸ਼ਨ 'ਤੰਦਰੁਸਤ ਪੰਜਾਬ', 'ਚੰਗੀ ਸਿਹਤ, ਚੰਗੀ ਸੋਚ' ਤਹਿਤ ਲੋਕਾਂ ਨੂੰ ਤੰਬਾਕੂ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਮੁਕਤ ਰੱਖਣ ਦੇ ਮਕਸਦ ਨਾਲ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲੇ ਵਿਚ ਤੰਬਾਕੂ ਕੰਟਰੋਲ ਐਕਟ 2003 ਨੂੰ ਪੂਰਨ ਰੂਪ ਵਿਚ ਲਾਗੂ ਕਰਵਾਉਣ ਦੇ ਮਕਸਦ ਨਾਲ ਜ਼ਿਲਾ ਤੰਬਾਕੂ ਕੰਟਰੋਲ ਸੈੱਲ ਪਟਿਆਲਾ ਦੇ ਨੋਡਲ ਅਫ਼ਸਰ ਡਾ. ਮਲਕੀਤ ਸਿੰਘ ਦੀ ਅਗਵਾਈ ਵਿਚ ਇਕ ਟੀਮ ਬਣਾਈ ਗਈ। ਇਸ ਵਿਚ ਸੈਨੇਟਰੀ ਇੰਸਪੈਕਟਰ ਅਨਿਲ ਕੁਮਾਰ, ਸੰਜੀਵ ਕੁਮਾਰ ਅਤੇ ਰਾਮ ਲਾਲ ਗੋਇਲ ਸ਼ਾਮਲ ਸਨ। ਉਨ੍ਹਾਂ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਅਤੇ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ ਕਰਨ ਵਾਲੇ 12 ਵਿਅਕਤੀਆਂ/ਦੁਕਾਨਦਾਰਾਂ ਨੂੰ ਜੁਰਮਾਨੇ ਕਰ ਕੇ 1500 ਰੁਪਏ ਦੀ ਰਕਮ ਵਸੂਲ ਕੀਤੀ। ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ੇਰੇ-ਪੰਜਾਬ ਮਾਰਕੀਟ, ਰਾਜਪੁਰਾ ਰੋਡ, ਸਰਹਿੰਦ ਬਾਈਪਾਸ ਰੋਡ, ਪੰਜਾਬੀ ਯੂਨੀਵਰਸਿਟੀ, ਅਰਬਨ ਸਟੇਟ, ਸਨੌਰੀ ਅੱਡਾ ਅਤੇ ਵਾਈ. ਪੀ. ਐੈੱਸ. ਮਾਰਕੀਟ ਆਦਿ ਥਾਵਾਂ 'ਤੇ ਤੰਬਾਕੂ ਉਤਪਾਦਾਂ ਦੀ ਵਿੱਕਰੀ ਕਰ ਰਹੀਆਂ ਦੁਕਾਨਾਂ, ਖੋਖਿਆਂ ਅਤੇ ਜਨਤਕ ਥਾਵਾਂ ਆਦਿ ਦੀ ਚੈਕਿੰਗ ਕੀਤੀ। ਇਸ ਦੌਰਾਨ ਜਨਤਕ ਥਾਵਾਂ ਤੇ ਮਨਾਹੀ ਦੇ ਬਾਵਜੂਦ ਵੀ ਤੰਬਾਕੂਨੋਸ਼ੀ ਕੀਤੀ ਜਾ ਰਹੀ ਸੀ। ਦੁਕਾਨਦਾਰਾਂ ਵੱਲੋਂ ਖੁੱਲ੍ਹੀਆਂ ਸਿਗਰਟਾਂ ਦੀ ਵਿਕਰੀ ਕੀਤੀ ਜਾ ਰਹੀ ਸੀ। ਦੁਕਾਨਾਂ 'ਚ ਲਾਈਟਰ ਵਗ਼ੈਰਾ ਰੱਖੇ ਹੋਏ ਸਨ। 
ਇਸ ਦੌਰਾਨ ਤੰਬਾਕੂ ਕੰਟਰੋਲ ਐਕਟ ਦੀ ਧਾਰਾ 4 ਅਤੇ 6 ਦੀ ਉਲੰਘਣਾ ਕਰ ਰਹੇ ਅਜਿਹੇ 12 ਵਿਅਕਤੀਆਂ/ ਦੁਕਾਨਦਾਰਾਂ ਨੂੰ ਜੁਰਮਾਨੇ ਕਰ ਕੇ 1500 ਰੁਪਏ ਦੀ ਰਕਮ ਜੁਰਮਾਨੇ ਵਜੋਂ ਵਸੂਲ ਕੀਤੀ ਗਈ। ਇਸ ਮੌਕੇ ਡਾ. ਮਲਕੀਤ ਸਿੰਘ ਵੱਲੋਂ ਤੰਬਾਕੂ ਦੇ ਸੇਵਨ ਨਾਲ ਸਰੀਰ 'ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਡਾ. ਮਲਹੋਤਰਾ ਨੇ ਦੱਸਿਆ ਕਿ ਐਕਟ ਅਨੁਸਾਰ ਤੰਬਾਕੂ ਵੇਚਣ ਵਾਲੇ ਦੁਕਾਨਦਾਰ ਨੂੰ ਖੁੱਲ੍ਹੀਆਂ ਸਿਗਰਟਾਂ, ਲਾਈਟਰ ਜਾਂ ਮਾਚਿਸ ਰੱਖਣ ਦੀ ਵੀ ਮਨਾਹੀ ਹੈ। ਚੈਕਿੰਗ ਦੌਰਾਨ ਜੇਕਰ ਕਿਸੇ ਤੰਬਾਕੂ ਵਿਕਰੇਤਾ ਦੀ ਦੁਕਾਨ/ਖੋਖੇ ਤੇ ਅਜਿਹੀਆਂ ਚੀਜ਼ਾਂ ਪਾਈਆਂ ਜਾਂਦੀਆਂ ਹਨ ਤਾਂ ਉਹ ਜੁਰਮਾਨੇ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿਚ ਵੀ ਤੰਬਾਕੂ ਉਤਪਾਦਾਂ ਦੀ ਵਿੱਕਰੀ ਕਰ ਰਹੀਆਂ ਦੁਕਾਨਾਂ, ਖੋਖਿਆਂ ਤੇ ਢਾਬਿਆਂ ਆਦਿ ਥਾਵਾਂ ਦੇ ਨਾਲ-ਨਾਲ ਹੋਟਲਾਂ, ਰੈਸਟੋਰੈਂਟਾਂ ਆਦਿ ਦੀ ਚੈਕਿੰਗ ਵੀ ਵਧਾਈ ਜਾਵੇਗੀ।


Related News