ਸਿੱਧੂ ਦਾ ਡਰ : ਕੂੜਾ ਡੰਪ ਦੇ ਨਾਲ ਲੱਗਦੇ ਪਾਬੰਦੀਸ਼ੁਦਾ ਇਲਾਕਿਆਂ ''ਚ ਬਣ ਰਹੀਆਂ ਫੈਕਟਰੀਆਂ ''ਤੇ ਹੋਵੇਗੀ ਕਾਰਵਾਈ

06/19/2018 5:28:15 AM

ਲੁਧਿਆਣਾ(ਹਿਤੇਸ਼)-ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਜਲੰਧਰ 'ਚ ਚੈਕਿੰਗ ਕਰ ਕੇ ਨਾਜਾਇਜ਼ ਉਸਾਰੀਆਂ ਖਿਲਾਫ ਐਕਸ਼ਨ ਨਾ ਲੈਣ ਦੇ ਦੋਸ਼ 'ਚ ਇਮਾਰਤੀ ਸ਼ਾਖਾ ਦੇ 8 ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਜੋ ਕਾਰਵਾਈ ਕੀਤੀ ਗਈ ਹੈ ਉਸ ਤੋਂ ਬਾਅਦ ਨਗਰ ਨਿਗਮ ਲੁਧਿਆਣਾ ਦੀ ਇਮਾਰਤੀ ਸ਼ਾਖਾ ਦੇ ਅਫਸਰ ਹਰਕਤ 'ਚ ਆਏ ਨਜ਼ਰ ਆ ਰਹੇ ਹਨ, ਜਿਸ ਤਹਿਤ ਫੀਲਡ 'ਚ ਉੱਤਰ ਕੇ ਉਸਾਰੀਆਂ ਦੀ ਡਿਟੇਲ ਤਿਆਰ ਕੀਤੀ ਜਾ ਰਹੀ ਹੈ। ਨਾਲ ਹੀ ਇਨ੍ਹਾਂ ਅਧਿਕਾਰੀਆਂ ਨੂੰ ਹੁਣ ਤਾਜਪੁਰ ਰੋਡ ਸਥਿਤ ਕੂੜੇ ਦੇ ਡੰਪ ਦੇ ਨਾਲ ਲੱਗਦੇ ਪਾਬੰਦੀਸ਼ੁਦਾ ਜ਼ੋਨ 'ਚ ਬਣ ਰਹੀਆਂ ਇਮਾਰਤਾਂ ਖਿਲਾਫ ਕਾਰਵਾਈ ਦੀ ਯਾਦ ਆ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਡੰਪ ਦੇ ਨਾਲ ਲੱਗਦੇ 500 ਮੀਟਰ ਦੇ ਘੇਰੇ 'ਚ ਉਸਾਰੀ ਨਹੀਂ ਹੋ ਸਕਦੀ ਪਰ ਉੱਥੇ ਲੋਕਾਂ ਨੇ ਸਸਤੀਆਂ ਜ਼ਮੀਨਾਂ ਖਰੀਦ ਕੇ ਫੈਕਟਰੀਆਂ ਬਣਾ ਲਈਆਂ ਹਨ, ਜਿਨ੍ਹਾਂ ਨੇ ਕਾਲੋਨੀ ਦਾ ਰੂਪ ਧਾਰਨ ਕਰ ਲਿਆ ਹੈ ਪਰ ਜ਼ੋਨ ਬੀ ਦੀ ਇਮਾਰਤੀ ਸ਼ਾਖਾ ਦੇ ਅਫਸਰ ਅੱਖਾਂ ਬੰਦ ਕਰੀ ਬੈਠੇ ਰਹੇ। ਹੁਣ ਸਿੱਧੂ ਨੇ ਜਲੰਧਰ 'ਚ ਬਣ ਰਹੀ ਨਾਜਾਇਜ਼ ਕਾਲੋਨੀ 'ਤੇ ਚੈਕਿੰਗ ਕਰ ਕੇ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਨੂੰ ਸਸਪੈਂਡ ਕਰਨ ਤੋਂ ਬਾਅਦ ਅਗਲਾ ਲੁਧਿਆਣਾ ਦਾ ਦੌਰਾ ਕਰਨ ਦਾ ਐਲਾਨ ਕੀਤਾ ਹੈ ਤਾਂ ਨਗਰ ਨਿਗਮ ਦੇ ਅਧਿਕਾਰੀਆਂ 'ਚ ਹੜਕੰਪ ਮਚ ਗਿਆ ਹੈ। ਇਸ ਤਹਿਤ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਜਾਇਜ਼ ਉਸਾਰੀਆਂ ਦੇ ਵੀ ਚਲਾਨ ਜਾਰੀ ਕਰ ਦਿੱਤੇ ਹਨ ਜੋ ਉਨ੍ਹਾਂ ਦੀ ਸੈਟਿੰਗ ਜਾਂ ਸਿਫਾਰਸ਼ ਦੇ ਨਾਲ ਬਣ ਰਹੇ ਸਨ। ਹਾਲਾਂਕਿ ਉਨ੍ਹਾਂ ਇਮਾਰਤ ਦੀ ਨਾਜਾਇਜ਼ ਉਸਾਰੀ ਦੇ ਦੋਸ਼ 'ਚ ਜੁਰਮਾਨਾ ਵਸੂਲਣ ਤੋਂ ਇਲਾਵਾ ਨਾਨ ਕੰਪਾਊਂਡੇਬਲ ਹਿੱਸੇ 'ਤੇ ਕਾਰਵਾਈ ਹੋਣੀ ਬਾਕੀ ਹੈ। ਹੁਣ ਤੱਕ ਸਿਰਫ ਜ਼ੋਨ ਸੀ ਦੀਆਂ ਕੁਝ ਕਾਲੋਨੀਆਂ ਨੂੰ ਤੋੜ ਦਿੱਤਾ ਗਿਆ ਹੈ। ਹੁਣ ਮੇਅਰ ਨੇ ਆਪ ਚੈਕਿੰਗ ਕਰ ਕੇ ਨਗਰ ਨਿਗਮ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ, ਜਿਸ 'ਚ ਕਈ ਇਮਾਰਤਾਂ ਅਜਿਹੀਆਂ ਹਨ ਜੋ ਅਜੇ ਅਧਿਕਾਰੀਆਂ ਦੀ ਲਿਸਟ ਤੋਂ ਬਾਹਰ ਹਨ। ਉਨ੍ਹਾਂ ਦੇ ਨਕਸ਼ਾ ਪਾਸ ਹੋਣ, ਚਲਾਨ ਪਾਸ ਹੋਣ ਤੇ ਜੁਰਮਾਨਾ ਵਸੂਲਣ ਸਬੰਧੀ ਮੇਅਰ ਨੇ ਜਵਾਬ ਤਲਬੀ ਕੀਤੀ ਹੈ। ਇਸੇ ਦੌਰਾਨ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਦੇ ਧਿਆਨ 'ਚ ਤਾਜਪੁਰ ਰੋਡ ਡੰਪ ਨਾਲ ਪਾਬੰਦੀਸ਼ੁਦਾ ਇਲਾਕੇ 'ਚ ਬਣ ਰਹੀ ਇੰਡਸਟ੍ਰੀਅਲ ਕਾਲੋਨੀ ਬਣਨ ਦਾ ਮਾਮਲਾ ਆਇਆ ਹੈ, ਜਿਸ ਨੂੰ ਲੈ ਕੇ ਜ਼ੋਨ ਬੀ ਦੇ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਏ. ਟੀ. ਪੀਜ਼. ਦੀ ਟੀਮ ਨੇ ਐਤਵਾਰ ਨੂੰ ਚੈਕਿੰਗ ਕੀਤੀ ਸੀ ਤੇ ਇਸ ਸਬੰਧੀ ਕਾਰਵਾਈ ਹੋ ਸਕਦੀ ਹੈ।
ਇਮਾਰਤੀ ਇੰਸਪੈਕਟਰ ਨੂੰ ਹੀ ਬਣਾ ਦਿੱਤਾ ਨੋਡਲ ਅਫਸਰ
ਸਿੱਧੂ ਨੇ ਨਿਰਦੇਸ਼ ਦਿੱਤੇ ਹਨ ਕਿ ਹਰ ਇਲਾਕੇ 'ਚ ਇਕ ਨੋਡਲ ਅਫਸਰ ਦੀ ਨਿਯੁਕਤੀ ਕੀਤੀ ਜੋ ਨਾਜਾਇਜ਼ ਉਸਾਰੀਆਂ ਦੀ ਚੈਕਿੰਗ ਕਰ ਕੇ ਉਨ੍ਹਾਂ 'ਤੇ ਕਾਰਵਾਈ ਹੋਣੀ ਯਕੀਨੀ ਬਣਾਉਣਗੇ, ਜਿਨ੍ਹਾਂ ਹੁਕਮਾਂ ਦਾ ਪਾਲਣ ਕਰਨ ਦੇ ਨਾਂ 'ਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਖਾਨਾਪੂਰਤੀ ਤੋਂ ਵੱਧ ਕੁਝ ਨਹੀਂ ਕੀਤਾ, ਜਿਸ ਦਾ ਸਬੂਤ ਇਹ ਹੈ ਕਿ ਇਮਾਰਤੀ ਇੰਸਪੈਕਟਰ ਨੂੰ ਹੀ ਨੋਡਲ ਅਫਸਰ ਲਾ ਦਿੱਤਾ ਗਿਆ ਹੈ, ਜਦੋਂਕਿ ਪਹਿਲਾਂ ਉਨ੍ਹਾਂ ਦੀ ਮਿਲੀਭੁਗਤ ਨਾਲ ਹੀ ਤਾਂ ਬਿਨਾਂ ਮਨਜ਼ੂਰੀ ਦੀ ਇਮਾਰਤ ਬਣ ਰਹੀ ਹੈ, ਜਿਸ ਨੂੰ ਲੈ ਕੇ ਸਿੱਧੂ ਨੇ ਕਿਹਾ ਹੈ ਕਿ ਚੈਕਿੰਗ ਦੌਰਾਨ ਨਾਜਾਇਜ਼ ਉਸਾਰੀ ਮਿਲਣ 'ਤੇ ਨੋਡਲ ਅਫਸਰ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਓ. ਐੱਸ. ਡੀ. ਦਾ ਕਰੀਬੀ ਡੀ. ਐੱਸ. ਪੀ. ਬਣਾ ਰਿਹਾ ਹੈ ਖੁਫੀਆ ਰਿਪੋਰਟ
ਸਿੱਧੂ ਨੇ ਜਲੰਧਰ 'ਚ ਜੋ ਚੈਕਿੰਗ ਕੀਤੀ ਹੈ ਉਸ ਦੀ ਰੂਪ-ਰੇਖਾ ਪਹਿਲਾਂ ਹੀ ਫਾਈਨਲ ਸੀ, ਜੋ ਬਿਨਾਂ ਮਨਜ਼ੂਰੀ ਦੇ ਬਣ ਰਹੀ ਉਸ ਕਾਲੋਨੀ ਜਾਂ ਇਮਾਰਤ 'ਤੇ ਹੀ ਗਏ ਜੋ ਨਾਨ ਕੰਪਾਊਂਡੇਬਲ ਕੈਟਾਗਰੀ 'ਚ ਆਉਂਦੀ ਸੀ। ਇਸੇ ਤਰ੍ਹਾਂ ਲੁਧਿਆਣਾ 'ਚ ਛਾਪਾ ਮਾਰਨ ਤੋਂ ਪਹਿਲਾਂ ਵੀ ਸਿੱਧੂ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਨਾਜਾਇਜ਼ ਇਮਾਰਤਾਂ ਦੀ ਖੁਫੀਆ ਰਿਪੋਰਟ ਬਣਾਉਣ ਦਾ ਜ਼ਿੰਮਾ ਸਿੱਧੂ ਦੇ ਓ. ਐੱਸ. ਡੀ. ਦੇ ਕਰੀਬੀ ਮੰਨੇ ਜਾਂਦੇ ਡੀ. ਐੱਸ. ਪੀ. ਨੂੰ ਸੌਂਪਿਆ ਗਿਆ ਹੈ।


Related News