ਨਸ਼ੇ ਦੇ ਓਵਰਡੋਜ਼ ਟੀਕੇ ਲਾਉਣ ਨਾਲ ਨੌਜਵਾਨ ਦੀ ਮੌਤ

06/19/2018 5:20:18 AM

ਅੰਮ੍ਰਿਤਸਰ,   (ਸੰਜੀਵ)-  ਨਸ਼ੇ ਦੇ ਟੀਕੇ ਲਾਉਣ ਕਾਰਨ ਓਵਰਡੋਜ਼ ਹੋਣ ’ਤੇ ਨੌਜਵਾਨ ਦੀ ਮੌਤ ਹੋ ਗਈ। ਜਿਸ ਦੇ ਬਾਅਦ ਗੁੱਸੇ ’ਚ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਲਾਸ਼ ਨੂੰ ਗੁੰਮਟਾਲਾ ਪੁੱਲ ਦੇ ਹੇਠਾਂ ਸਡ਼ਕ ’ਤੇ ਰੱਖ ਦਿੱਤਾ ਅਤੇ ਟ੍ਰੈਫਿਕ ਬੰਦ ਕਰਕੇ ਪੁਲਸ ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਨਾਅਰੇਬਾਜ਼ੀ ਕਰ ਰਹੇ ਪਰਿਵਾਰ ਅਤੇ ਹੋਰ ਲੋਕਾਂ ਦੀ ਮੰਗ ਸੀ ਕਿ ਪੰਜਾਬ ਪੁਲਸ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕਰਦੀ, ਜਿਸ ਕਾਰਨ ਨੌਜਵਾਨ ਪੀਡ਼੍ਹੀ ਨਸ਼ੇ ਵਿਚ ਡੁੱਬ ਕੇ ਆਪਣੀ ਜਾਨ ਗਵਾ ਰਹੀ ਹੈ। ਏਅਰਪੋਰਟ ਨੂੰ ਜਾਣ ਵਾਲੀ ਇਸ ਸਡ਼ਕ ’ਤੇ ਜਾਮ ਲਾਉਣ ਦੇ ਕਾਰਨ ਸੈਂਕਡ਼ੇ ਵਾਹਨ ਪ੍ਰਭਾਵਿਤ ਹੋਏ, ਜਿਸ ’ਤੇ ਡੀ. ਸੀ. ਪੀ. ਅਮਰੀਕ ਸਿੰਘ ਪਵਾਰ ਅਤੇ ਡੀ. ਸੀ. ਪੀ. ਜਗਮੋਹਨ ਸਿੰਘ ਪੁਲਸ ਫੋਰਸ ਨਾਲ ਮੌਕੇ ’ਤੇ ਪੁੱਜੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਉੱਚਿਤ ਕਾਰਵਾਈ ਦਾ ਭਰੋਸਾ ਦਿੱਤਾ। ਸਡ਼ਕ ’ਤੇ ਲੱਗੇ ਇਸ ਜਾਮ ਵਿਚ ਸੰਸਦ ਮੈਂਬਰ ਗੁਰਜੀਤ ਸਿੰਘ ਅੌਜਲਾ ਵੀ ਆਏ ਜਿਨ੍ਹਾਂ ਨੇ ਜਿਥੇ ਪੀਡ਼ਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਉਥੇ ਹੀ ਪੀੜਤ ਪਰਿਵਾਰ ਵਾਲਿਆਂ ਨੂੰ ਉੱਚਿਤ ਅਾਵਾਜ਼ ਚੁੱਕਣ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਨਸ਼ੇ ਦੇ ਖਾਤਮੇ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਅੱਜ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਨਸ਼ੇ ਦੇ ਕਾਰਨ ਕਿਸੇ ਨੌਜਵਾਨ ਨੇ ਆਪਣੀ ਜਾਨ ਗਵਾਈ ਹੋਵੇ।  ਪੁਲਸ ਨੂੰ ਨਸ਼ਾ ਸਮਗਲਰਾਂ ਵਿਰੁੱਧ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ ਤਾਂ ਕਿ ਨੌਜਵਾਨ ਪੀਡ਼੍ਹੀ ਨੂੰ ਬਚਾਇਆ ਜਾ ਸਕੇ। ਪੁਲਸ ਤੇ ਸੰਸਦ ਮੈਂਬਰ ਵੱਲੋਂ ਦਿੱਤੇ ਗਏ ਭਰੋਸੇ ਦੇ ਬਾਅਦ ਨੌਜਵਾਨ ਦੀ ਲਾਸ਼ ਨੂੰ ਚੁੱਕ ਕੇ ਉਸ ਦਾ ਅੰਤਿਮ ਸੰਸਕਾਰ ਲਈ ਲਿਜਾਇਆ ਗਿਆ।  
 


Related News