ਤਨਖਾਹ ਨਾ ਮਿਲਣ ਦੇ ਵਿਰੋਧ ''ਚ ਬੁਲਾਈ ਮੀਟਿੰਗ ਦੌਰਾਨ ਕੌਂਸਲਰਾਂ ''ਤੇ ਲੱਗੇ ਪੈਸੇ ਮੰਗਣ ਦੇ ਦੋਸ਼

06/19/2018 5:01:36 AM

ਲੁਧਿਆਣਾ(ਹਿਤੇਸ਼)-ਨਗਰ ਨਿਗਮ ਮੁਲਾਜ਼ਮਾਂ ਨੂੰ ਦੋ ਮਹੀਨੇ ਦੀ ਤਨਖਾਹ ਨਾ ਮਿਲਣ ਦੀ ਬੁਲਾਈ ਮੀਟਿੰਗ 'ਚ ਯੂਨੀਅਨ ਆਗੂ ਵੱਲੋਂ ਮੇਅਰ ਦੇ ਸਾਹਮਣੇ ਹੀ ਕੌਂਸਲਰਾਂ 'ਤੇ ਪੈਸੇ ਮੰਗਣ ਦਾ ਦੋਸ਼ ਲਾਉਣ ਕਾਰਨ ਝਗੜਾ ਪੈਦਾ ਹੋ ਗਿਆ, ਜਿਸ ਕਾਰਨ ਪਹਿਲਾਂ ਤਾਂ ਮੀਟਿੰਗ ਬੇਨਤੀਜਾ ਹੀ ਖਤਮ ਹੋ ਗਈ ਅਤੇ ਬਾਅਦ ਵਿਚ 20 ਜੂਨ ਨੂੰ ਹੋਣ ਵਾਲੀ ਕਲਮਛੋੜ ਹੜਤਾਲ ਪੈਂਡਿੰਗ ਕਰ ਕੇ ਮੇਅਰ ਨੂੰ ਅਗਲੇ ਮੰਗਲਵਾਰ ਤੱਕ ਦਾ ਅਲਟੀਮੇਟਮ ਦੇ ਦਿੱਤਾ ਗਿਆ। ਇਥੇ ਦੱਸਣਾ ਉਚਿਤ ਹੋਵੇਗਾ ਕਿ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਕਾਫੀ ਦੇਰ ਤੋਂ ਸਮੇਂ 'ਤੇ ਸੈਲਰੀ ਨਹੀਂ ਮਿਲ ਰਹੀ ਹੈ, ਜਿਸ ਦੇ ਵਿਰੋਧ ਵਿਚ ਯੂਨੀਅਨ ਨੇ ਜੋ ਮੁਹਿੰਮ ਸ਼ੁਰੂ ਕੀਤੀ ਹੈ, ਉਸ ਦੇ ਤਹਿਤ 20 ਜੂਨ ਨੂੰ ਕਲਮਛੋੜ ਹੜਤਾਲ ਕਰਨ ਦੀ ਚਿਤਾਵਨੀ ਦੇ ਕੇ ਜ਼ੋਨ ਵਾਈਜ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਕੜੀ ਵਿਚ ਜ਼ੋਨ ਵਿਚ ਹੋ ਰਹੀ ਮੀਟਿੰਗ ਵਿਚ ਪੁੱਜੇ ਮੇਅਰ ਬਲਕਾਰ ਸੰਧੂ ਦੇ ਸਾਹਮਣੇ ਯੂਨੀਅਨ ਆਗੂ ਸਹੋਤਾ ਨੇ ਮੁੱਦਾ ਉਠਾਇਆ ਕਿ ਤਨਖਾਹ ਨਾ ਮਿਲਣ ਕਾਰਨ ਮੁਲਾਜ਼ਮ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ, ਉੱਪਰੋਂ ਕੁੱਝ ਕੌਂਸਲਰਾਂ ਨੇ ਸਫਾਈ ਮੁਲਾਜ਼ਮਾਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਸਹੋਤਾ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਨਾ ਦਿਖਾਉਣ ਨੂੰ ਲੈ ਕੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ 'ਤੇ ਜੰਮ ਕੇ ਭੜਾਸ ਕੱਢੀ। ਇਸ 'ਤੇ ਮੇਅਰ ਨੇ ਇਤਰਾਜ਼ ਜਤਾਇਆ ਕਿ ਇਹ ਗੱਲ ਗਲਤ ਹੈ ਕਿ ਉਸ ਨੂੰ ਮਾਈਕ 'ਤੇ ਬੋਲਣ ਦੀ ਜਗ੍ਹਾ ਪਹਿਲਾਂ ਮਿਲ ਕੇ ਦੱਸਣਾ ਚਾਹੀਦਾ ਸੀ ਤਾਂ ਕਿ ਜਾਂਚ ਕਰਵਾਈ ਜਾਵੇ। ਮੇਅਰ ਨੇ ਅਜਿਹੇ ਕੌਂਸਲਰ ਦਾ ਨਾਂ ਦੱਸਣ 'ਤੇ ਜ਼ੋਰ ਦਿੱਤਾ ਤਾਂ ਮੀਟਿੰਗ ਵਿਚ ਤਣਾਅ ਦਾ ਮਾਹੌਲ ਪੈਦਾ ਹੋ ਗਿਆ, ਜਿਸ ਦੇ ਮੱਦੇਨਜ਼ਰ ਮੀਟਿੰਗ ਦਾ ਮਾਹੌਲ ਬਦਲਣ ਲਈ ਮੁੜ ਤਨਖਾਹ ਜਾਰੀ ਕਰਨ ਦੀ ਮੰਗ ਉਠਾਈ ਗਈ ਅਤੇ ਉਸ ਦੇ ਲਈ ਮੇਅਰ 'ਤੇ ਡੈੱਡਲਾਈਨ ਐਲਾਨਣ ਦਾ ਦਬਾਅ ਬਣਾਇਆ ਗਿਆ, ਜਿਸ 'ਤੇ ਮੇਅਰ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਾਣ-ਬੁੱਝ ਕੇ ਤਨਖਾਹ ਨਹੀਂ ਰੋਕੀ ਗਈ, ਸਗੋਂ ਜੀ. ਐੱਸ. ਟੀ. ਹਿੱਸਾ ਨਾ ਆਉਣ ਕਾਰਨ ਮੁਸ਼ਕਲ ਆ ਰਹੀ ਹੈ।
ਇਸ ਦੇ ਬਾਵਜੂਦ ਮੁਲਾਜ਼ਮਾਂ ਨੇ ਜ਼ਿੱਦ ਨਹੀਂ ਛੱਡੀ ਤਾਂ ਇਕ ਵਾਰ ਮੀਟਿੰਗ ਬੇਨਤੀਜਾ ਰਹੀ, ਜਿਸ ਤੋਂ ਬਾਅਦ ਹੋਈ ਚਰਚਾ ਵਿਚ ਮੇਅਰ ਨੇ ਮੁਲਾਜ਼ਮਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਮੰਗਲਵਾਰ ਨੂੰ ਚੰਡੀਗੜ੍ਹ ਜਾ ਕੇ ਡਾਇਰੈਕਟਰ ਲੋਕਲ ਬਾਡੀਜ਼ ਦੇ ਕੋਲ ਬੈਠ ਕੇ ਜੀ. ਐੱਸ. ਟੀ. ਸ਼ੇਅਰ ਦਾ ਪੈਸਾ ਜਾਰੀ ਕਰਵਾਉਣਗੇ। ਉਨ੍ਹਾਂ ਯਕੀਨ ਦੁਆਇਆ ਕਿ ਜਦੋਂ ਤੱਕ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲ ਜਾਂਦੀ, ਕਿਸੇ ਹੋਰ ਕੰਮ ਲਈ ਅਦਾਇਗੀ ਨਹੀਂ ਕੀਤੀ ਜਾਵੇਗੀ, ਜਿਸ 'ਤੇ ਕਲਮਛੋੜ ਹੜਤਾਲ ਹਾਲ ਦੀ ਘੜੀ ਪੈਂਡਿੰਗ ਕਰ ਕੇ ਮੇਅਰ ਨੂੰ ਅਗਲੇ ਮੰਗਲਵਾਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ।
ਅਜੇ ਅਪ੍ਰੈਲ ਦੀ 1.70 ਕਰੋੜ ਤਨਖਾਹ ਹੈ ਬਕਾਇਆ
ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਹੁਣ ਅਪ੍ਰੈਲ ਦੀ ਤਨਖਾਹ ਮਿਲਣੀ ਸ਼ੁਰੂ ਹੋਈ ਹੈ, ਜਿਸ ਦੇ ਤਹਿਤ ਅਜੇ 1.70 ਕਰੋੜ ਸੈਲਰੀ ਬਕਾਇਆ ਹੈ। ਉਸ ਤੋਂ ਬਾਅਦ ਮਈ ਮਹੀਨੇ ਦੀ ਸੈਲਰੀ ਪੂਰੀ ਬਾਕੀ ਰਹਿੰਦੀ ਹੈ, ਜਿਸ ਦੀ ਕਮੀ ਵਿਚ ਮੁਲਾਜ਼ਮਾਂ ਵੱਲੋਂ ਘਰ ਦਾ ਖਰਚ ਚਲਾਉਣ ਤੋਂ ਇਲਾਵਾ ਬੱਚਿਆਂ ਦੇ ਸਕੂਲਾਂ ਦੀ ਫੀਸ ਅਤੇ ਲੋਨ ਦੀਆਂ ਕਿਸ਼ਤਾਂ ਦੇਣ ਵਿਚ ਮੁਸ਼ਕਲ ਆਉਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ।


Related News