ਸਾਂਝ ਕੇਂਦਰ ਇੰਚਾਰਜ ''ਤੇ ਜਬਰੀ ਤਲਾਕ ਸੰਬੰਧੀ ਅਸ਼ਟਾਮ ''ਤੇ ਦਸਤਖਤ ਕਰਵਾਉਣ ਦੇ ਲਾਏ ਦੋਸ਼

06/19/2018 4:46:36 AM

ਖੰਨਾ(ਸੁਖਵਿੰਦਰ ਕੌਰ)-ਅਕਵੀਰ ਕੌਰ ਪੁੱਤਰੀ ਸਵ. ਨਿਰਮਲ ਸਿੰਘ ਹਾਲ ਵਾਸੀ ਪਿੰਡ ਨੀਲੋਂ ਖੁਰਦ ਨੇ ਆਪਣੀ ਵਿਧਵਾ ਮਾਤਾ ਬਲਵਿੰਦਰ ਕੌਰ ਨਾਲ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੇ ਦਫਤਰ ਵਿਚ ਪਹੁੰਚ ਕੇ ਇਨਸਾਫ ਦੀ ਗੁਹਾਰ ਲਾਈ। ਇਸ ਮੌਕੇ ਪੀੜਤਾ ਨੇ ਸਾਂਝ ਕੇਂਦਰ ਦੀ ਇੰਚਾਰਜ ਤੇ ਉਸ ਦੀ ਦਰਖਾਸਤ 'ਤੇ ਕਾਰਵਾਈ ਨਾ ਕਰਨ ਅਤੇ ਜਬਰੀ ਤਲਾਕ ਸੰਬੰਧੀ ਅਸ਼ਟਾਮ 'ਤੇ ਦਸਤਖਤ ਕਰਵਾਉਣ ਦੇ ਦੋਸ਼ ਲਗਾਏ। ਪੀੜਤਾ ਨੇ ਲਿਖਤੀ ਦਰਖਾਸਤ ਦੇ ਕੇ ਦੱਸਿਆ ਕਿ ਅਸੀਂ ਆਪਸ ਵਿਚ ਪਤੀ-ਪਤਨੀ ਤਲਾਕ ਨਹੀਂ ਲੈਣਾ ਚਾਹੁੰਦੇ ਸੀ, ਮੈਂ ਤੇ ਮੇਰਾ ਘਰਵਾਲਾ ਕਦੇ ਵੀ ਆਪਸ ਵਿੱਚ ਲੜੇ ਨਹੀਂ, ਡੇਢ ਸਾਲ ਅਸੀਂ ਦੋਵੇਂ ਬਹੁਤ ਪਿਆਰ-ਮੁਹੱਬਤ ਨਾਲ ਰਹੇ ਹਾਂ।' ਪੀੜਤਾ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਦੱਸਿਆ ਕਿ ਉਸਦਾ ਵਿਆਹ 4 ਮਾਰਚ 2017 ਨੂੰ ਰਾਮ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਗੋਹ ਨਾਲ ਹੋਇਆ, ਅਸੀਂ ਦੋਵੇਂ ਪਤੀ-ਪਤਨੀ ਆਪਸੀ ਪ੍ਰੇਮ ਪਿਆਰ ਨਾਲ ਰਹਿੰਦੇ ਸੀ, ਕਰੀਬ ਤਿੰਨ ਮਹੀਨੇ ਬਾਅਦ ਮੇਰੇ ਪਤੀ, ਸੱਸ ਅਤੇ ਸਹੁਰਾ ਮਿਲਕੇ ਉਸ ਨਾਲ ਕੁੱਟ-ਮਾਰ ਕਰਨ ਲੱਗੇ ਅਤੇ ਤਲਾਕ ਲੈਣ ਲਈ ਮਜਬੂਰ ਕਰਨ ਲੱਗੇ। ਜਿਸਦੀ ਸ਼ਿਕਾਇਤ ਮੈਂ ਆਪਣੀ ਮਾਤਾ ਬਲਵਿੰਦਰ ਕੌਰ ਨੂੰ ਨਾਲ ਲੈ ਕੇ ਡੀ. ਐੱÎਸ. ਪੀ. ਸਮਰਾਲਾ ਨੂੰ ਦਿੱਤੀ ਸੀ, ਜਿਨ੍ਹਾਂ ਨੇ ਉਸਦੀ ਦਰਖਾਸਤ ਸਾਂਝ ਕੇਂਦਰ ਸਮਰਾਲਾ ਨੂੰ ਮਾਰਕ ਕਰ ਦਿੱਤੀ। ਇਸ ਮਾਮਲੇ ਸੰਬੰਧੀ 13 ਜੂਨ ਨੂੰ ਸਾਂਝ ਕੇਂਦਰ ਦੀ ਇੰਚਾਰਜ ਮੈਡਮ ਨੇ ਸਾਨੂੰ ਬੁਲਾਇਆ ਤੇ ਮੇਰੀ ਦਰਖਾਸਤ 'ਤੇ ਕਾਰਵਾਈ ਕਰਨ ਦੀ ਬਜਾਏ ਉਲਟਾ ਮੇਰੇ ਤੋਂ ਜਬਰੀ ਰਾਜ਼ੀਨਾਮੇ ਦੇ ਅਸ਼ਟਾਮ 'ਤੇ ਸਾਈਨ ਕਰਵਾ ਲਏ। ਇਸ ਮੌਕੇ ਪੀੜਤਾ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸ ਮੌਕੇ ਧੱਕੇ ਨਾਲ ਸਾਈਨ ਕਰਵਾਇਆ ਗਿਆ 50 ਰੁਪਏ ਵਾਲਾ ਅਸ਼ਟਾਮ, ਜਿਸ 'ਤੇ ਆਪਸੀ ਰਾਜ਼ੀਨਾਮਾ ਲਿਖਿਆ ਹੋਇਆ ਸੀ, ਨੂੰ ਦਿਖਾਉਂਦਿਆਂ ਪੀੜਤ ਅਕਵੀਰ ਕੌਰ ਨੇ ਦੱਸਿਆ ਕਿ ਇਹ ਅਸ਼ਟਾਮ ਦੇ ਕੇ ਸਾਨੂੰ ਸਾਂਝ ਕੇਂਦਰ ਵਾਲੀ ਮੈਡਮ ਨੇ ਕਿਹਾ ਕਿ ਹੁਣ ਤੇਰਾ, ਤੇਰੇ ਸਹੁਰੇ ਪਰਿਵਾਰ ਨਾਲ ਫੈਸਲਾ ਹੋ ਗਿਆ ਹੈ ਅਤੇ ਹੁਣ ਤੁਸੀਂ ਆਪਣਾ ਸਾਮਾਨ ਚੁੱਕੇ ਲਵੋ, ਨਹੀਂ ਤਾਂ ਤੁਹਾਡੇ ਖਿਲਾਫ਼ ਹੀ ਕਰਵਾਈ ਹੋਵੇਗੀ। 
ਦੋਨੋ ਧਿਰਾਂ ਨੇ ਆਪਸੀ ਰਜ਼ਾਮੰਦੀ ਨਾਲ ਬਾਹਰ ਜਾ ਕੇ ਅਸ਼ਟਾਮ 'ਤੇ ਕੀਤੇ ਦਸਤਖਤ : ਇੰਚਾਰਜ ਸਾਂਝ ਕੇਂਦਰ
ਦੂਜੇ ਪਾਸੇ ਜਦੋਂ ਇਸ ਸੰਬੰਧੀ ਸਾਂਝ ਕੇਂਦਰ ਦੀ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਸਾਂਝ ਕੇਂਦਰ ਨੇ ਤਾਂ ਹੁਣ ਤੱਕ ਸੈਂਕੜੇ ਪਰਿਵਾਰਾਂ ਦੇ ਝਗੜੇ ਨਿਬੇੜ ਕੇ ਘਰ ਟੁੱਟਣ ਤੋਂ ਬਚਾਏ ਹਨ ਅਤੇ ਕਿਸੇ ਪਤੀ-ਪਤਨੀ ਦਾ ਜਬਰੀ ਤਲਾਕ ਕਰਵਾਉਣ ਦਾ ਤਾਂ ਸਵਾਲ ਹੀ ਨਹੀਂ ਉਠਦਾ। ਇੰਚਾਰਜ ਨੇ ਕਿਹਾ ਕਿ ਉਨ੍ਹਾਂ ਪਾਸ ਦਰਖਾਸਤ ਆਈ ਸੀ ਅਤੇ ਉਨ੍ਹਾਂ ਇਸ ਪਰਿਵਾਰਕ ਝਗੜੇ ਨੂੰ ਨਿਬੇੜਨ ਲਈ ਆਪਣੀ ਪੂਰੀ ਵਾਹ ਲਾ ਦਿੱਤੀ ਪਰ ਦੋਵਂੇ ਧਿਰਾਂ ਨੇ ਸਾਂਝ ਕੇਂਦਰ ਤੋਂ ਬਾਹਰ ਆਪਸੀ ਰਜ਼ਾਮੰਦੀ ਨਾਲ ਆਪਸ 'ਚ ਸਮਝੌਤਾ ਕੀਤਾ ਅਤੇ ਆਪੇ ਹੀ ਦਸਤਖਤ ਕੀਤੇ ਹਨ, ਜਿਸ ਨਾਲ ਉਸਦਾ ਕੋਈ ਵੀ ਲੈਣ-ਦੇਣ ਨਹੀਂ ਹੈ। ਅਕਵੀਰ ਕੌਰ ਤੇ ਉਸਦੀ ਮਾਂ ਵੱਲੋਂ ਲਗਾਏ ਜਾ ਰਹੇ ਜਬਰੀ ਤਲਾਕ ਦੇ ਸਾਈਨ ਕਰਵਾਉਣ ਦੇ ਦੋਸ਼ ਝੂਠੇ ਅਤੇ ਨਿਰਅਧਾਰ ਹਨ। 


Related News