ਸਿੱਧੂ ਦੀ ਸਖ਼ਤੀ ਤੋਂ ਪਹਿਲਾਂ ਨਿਗਮ ਅਫਸਰਾਂ ਨੂੰ ਕਿਉਂ ਨਜ਼ਰ ਨਹੀਂ ਆਏ ਨਾਜਾਇਜ਼ ਨਿਰਮਾਣ

06/19/2018 4:51:37 AM

ਲੁਧਿਆਣਾ(ਹਿਤੇਸ਼)-ਜ਼ੋਨ ਸੀ ਦੇ ਬਾਅਦ ਸੋਮਵਾਰ ਨੂੰ ਜ਼ੋਨ ਏ, ਬੀ ਤੇ ਡੀ ਦੇ ਇਲਾਕਿਆਂ 'ਚ ਬਣ ਰਹੀਆਂ ਨਾਜਾਇਜ਼ ਬਿਲਡਿੰਗਾਂ ਤੇ ਕਾਲੋਨੀਆਂ 'ਤੇ ਤਾਬੜਤੋੜ ਕਾਰਵਾਈ ਹੋਈ, ਜਿਸ ਤਹਿਤ ਇਕ ਦਰਜਨ ਤੋਂ ਵੱਧ ਨਾਜਾਇਜ਼ ਨਿਰਮਾਣਾਂ 'ਤੇ ਬੁਲਡੋਜ਼ਰ ਚਲਾਉਣ ਤੋਂ ਇਲਾਵਾ 8 ਜਗ੍ਹਾ ਸੀਲਿੰਗ ਕਰ ਦਿੱਤੀ ਗਈ। ਇਸ ਐਕਸ਼ਨ ਨੂੰ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਵੱਲੋਂ ਬੀਤੇ ਦਿਨੀਂ ਜਲੰਧਰ 'ਚ ਅਫਸਰਾਂ ਨੂੰ ਸਸਪੈਂਡ ਕਰਨ ਤੋਂ ਬਾਅਦ ਲੁਧਿਆਣਾ 'ਚ ਵੀ ਨਾਜਾਇਜ਼ ਨਿਰਮਾਣਾਂ ਦੀ ਚੈਕਿੰਗ ਲਈ ਛਾਪੇਮਾਰੀ ਦੇਣ ਬਾਰੇ ਕੀਤੇ ਗਏ ਐਲਾਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਇਸ ਵਿਆਪਕ ਕਾਰਵਾਈ ਨਾਲੋਂ ਵੱਡਾ ਸੁਆਲ ਇਹ ਖੜ੍ਹਾ ਹੋ ਗਿਆ ਹੈ ਕਿ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਅਫਸਰਾਂ ਨੂੰ ਸਿੱਧੂ ਦੀ ਸਖ਼ਤੀ ਤੋਂ ਪਹਿਲਾਂ ਇਹ ਨਾਜਾਇਜ਼ ਨਿਰਮਾਣ ਨਜ਼ਰ ਕਿਉਂ ਨਹੀਂ ਆਏ, ਜਿਸ ਨਾਲ ਸਿੱਧੂ ਵੱਲੋਂ ਨਗਰ ਨਿਗਮ ਅਫਸਰਾਂ 'ਤੇ ਲਾਏ ਗਏ ਮਿਲੀਭੁਗਤ ਕਰ ਕੇ ਨਾਜਾਇਜ਼ ਨਿਰਮਾਣ ਕਰਵਾਉਣ ਦੇ ਦੋਸ਼ ਸਾਬਤ ਹੋਣ ਲੱਗੇ ਹਨ, ਕਿਉਂਕਿ ਇਸ ਤਰ੍ਹਾਂ ਤਾਂ ਹੈ ਨਹੀਂ ਕਿ ਇਹ ਬਿਲਡਿੰਗਾਂ ਇਕ ਦਿਨ ਵਿਚ ਬਣ ਕੇ ਤਿਆਰ ਹੋ ਗਈਆਂ ਹਨ ਅਤੇ ਜੇਕਰ ਨਿਯਮਾਂ ਦੀ ਗੱਲ ਕਰੀਏ ਤਾਂ ਬਿਨਾਂ ਮਨਜ਼ੂਰੀ ਦੇ ਬਣ ਰਹੀਆਂ ਬਿਲਡਿੰਗਾਂ ਦਾ ਨਿਰਮਾਣ ਗਰਾਊੁਂਡ ਲੈਵਲ 'ਤੇ ਹੀ ਰੁਕਵਾਉਣ ਦੀ ਜ਼ਿੰਮੇਦਾਰੀ ਨਗਰ ਨਿਗਮ ਦੇ ਅਫਸਰਾਂ ਦੀ ਬਣਦੀ ਹੈ, ਜੋ ਡਿਊਟੀ ਨਿਭਾਉਣ ਦੀ ਜਗ੍ਹਾ ਬਿਲਡਿੰਗ ਬ੍ਰਾਂਚ ਦੇ ਅਫਸਰਾਂ ਨੇ ਕਥਿਤ ਮਿਲੀਭੁਗਤ ਕਰ ਕੇ ਨਾਜਾਇਜ਼ ਨਿਰਮਾਣ ਕਰਵਾਏ, ਜਿਨ੍ਹਾਂ ਤੋਂ ਬਣਦਾ ਜੁਰਮਾਨਾ ਨਾ ਵਸੂਲਣ ਕਾਰਨ ਨਗਰ ਨਿਗਮ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ, ਜਿਸ ਦੋਸ਼ 'ਚ ਅਫਸਰਾਂ ਦਾ ਲਿਹਾਜ ਨਾ ਕਰਨ ਦੀ ਗੱਲ ਸਿੱਧੂ ਵੱਲੋਂ ਲਗਾਤਾਰ ਕਹੀ ਜਾ ਰਹੀ ਹੈ। ਅਜਿਹੇ ਵਿਚ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਿੱਧੂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਸੈਟਿੰਗ ਜਾਂ ਸਿਫਾਰਸ਼ ਦੇ ਬਿਨਾਂ ਬਣ ਰਹੀਆਂ ਕੁੱਝ ਬਿਲਡਿੰਗਾਂ ਨੂੰ ਨਿਸ਼ਾਨਾ ਬਣਾਉਣ ਦੇ ਬਾਵਜੂਦ ਅਫਸਰਾਂ ਦਾ ਸਿੱਧੂ ਦੇ ਡੰਡੇ ਤੋਂ ਬਚਣਾ ਮੁਸ਼ਕਿਲ ਹੈ।
ਇਨ੍ਹਾਂ ਇਲਾਕਿਆਂ 'ਚ ਹੋਈ ਕਾਰਵਾਈ
ਜ਼ੋਨ-ਏ
*  ਬਹਾਦੁਰ ਕੇ ਰੋਡ-ਨਕਸ਼ਾ ਪਾਸ ਕਰ ਕੇ ਬਣ ਰਹੇ ਦੋ ਇੰਡਸਟਰੀਅਲ ਯੂਨਿਟਾਂ 'ਚ ਫਰੰਟ ਹਾਊਸ ਲੇਨ ਦੀ ਜਗ੍ਹਾ 'ਤੇ ਹੋ ਰਿਹਾ ਨਾਜਾਇਜ਼ ਨਿਰਮਾਣ ਤੋੜ ਦਿੱਤਾ ਗਿਆ।
*  ਫੀਲਡ ਗੰਜ ਕੂਚਾ ਨੰ. 11 ਤੇ ਚੌੜਾ ਬਾਜ਼ਾਰ-ਪੁਰਾਣੀਆਂ ਦੁਕਾਨਾਂ ਦੀ ਆੜ ਵਿਚ ਬਣ ਰਹੀਆਂ ਬਿਲਡਿੰਗਾਂ ਨੂੰ ਸੀਲ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਨਕਸ਼ਾ ਪਾਸ ਕਰਵਾਉਣ ਤਕ ਨਿਰਮਾਣ ਬੰਦ ਕਰਨ ਦੇ ਨੋਟਿਸ ਦਿੱਤੇ ਜਾ ਚੁੱਕੇ ਸਨ।
*  ਸ਼ਿਵ ਪੁਰੀ ਦੇ ਨਾਲ ਲਗਦੇ ਜਸਵੰਤ ਨਗਰ ਏਰੀਏ-ਟੀ. ਪੀ. ਸਕੀਮ ਏਰੀਏ ਵਿਚ ਬਣ ਰਹੀ ਇੰਡਸਟਰੀਅਲ ਬਿਲਡਿੰਗਾਂ ਦੇ ਪਿੱਲਰ ਤੋੜ ਦਿੱਤੇ ਗਏ। ਉਨ੍ਹਾਂ ਬਿਲਡਿੰਗਾਂ ਦਾ ਨਿਰਮਾਣ ਪਹਿਲਾਂ ਰੁਕਵਾਇਆ ਗਿਆ ਸੀ ਪਰ ਮਨਜ਼ੂਰੀ ਲਈ ਨਕਸ਼ੇ ਜਮ੍ਹਾ ਨਹੀਂ ਕਰਵਾਏ ਗਏ।
*  ਬਸਤੀ ਜੋਧੇਵਾਲ ਚੌਕ ਸਥਿਤ ਕਾਲੋਨੀ ਲੱਕੀ ਇਨਕਲੇਵ-ਮਨਜ਼ੂਰਸ਼ੁਦਾ ਹਿੱਸੇ ਤੋਂ ਵੱਧ ਪਲਾਂਟਿੰਗ ਕਰ ਕੇ ਬਣਾਈਆਂ ਗਈਆਂ ਸੜਕਾਂ ਤੇ ਮਕਾਨਾਂ ਨੂੰ ਤੋੜ ਦਿੱਤਾ ਗਿਆ। ਇਹ ਏਰੀਆ ਪਹਿਲਾਂ ਜੀ. ਟੀ. ਰੋਡ ਦੇ ਪਾਬੰਦੀਸ਼ੁਦਾ ਏਰੀਏ 'ਚ ਆਉਂਦਾ ਸੀ ਅਤੇ ਲੋਕਾਂ ਨੇ ਉਨ੍ਹਾਂ ਨੂੰ ਮਨਜ਼ੂਰਸ਼ੁਦਾ ਕਹਿ ਕੇ ਪਲਾਟ ਵੇਚੇ ਹਨ, ਜਿਸ ਕਾਲੋਨੀ ਦੇ ਪ੍ਰਤੀਨਿਧੀ ਨੇ ਨਗਰ ਨਿਗਮ 'ਚ ਤਾਇਨਾਤ ਰਹੇ ਸਾਬਕਾ ਅਧਿਕਾਰੀ ਦੀ ਸਹਿਮਤੀ ਹੋਣ ਦਾ ਦਾਅਵਾ ਸਟਾਫ ਸਾਹਮਣੇ ਕੀਤਾ ਹੈ।
ਜ਼ੋਨ-ਬੀ
* ਤਾਜਪੁਰ ਰੋਡ 'ਤੇ ਡੰਪ ਦੇ ਨਾਲ-500 ਮੀਟਰ ਤਕ ਨਿਰਮਾਣ ਲਈ ਪਾਬੰਦੀ ਲੱਗੀ ਹੋਣ ਦੇ ਬਾਵਜੂਦ ਕਈ ਫੈਕਟਰੀਆਂ ਬਣ ਕੇ ਚੱਲ ਰਹੀਆਂ ਹਨ ਅਤੇ ਕਈਆਂ ਦੇ ਨਿਰਮਾਣ ਜਾਰੀ ਹਨ, ਜਿਨ੍ਹਾਂ 'ਚੋਂ 6 ਯੂਨਿਟ ਸੀਲ ਕਰ ਦਿੱਤੇ ਗਏ ਹਨ ਅਤੇ 2 ਸਟਰੱਕਚਰਾਂ 'ਤੇ ਬੁਲਡੋਜ਼ਰ ਚਲਾ ਦਿੱਤਾ ਗਿਆ।
ਜ਼ੋਨ ਡੀ
* ਘੁਮਾਰ ਮੰਡੀ ਵਿਚ ਪਾਰਕ ਦੇ ਸਾਹਮਣੇ ਤੰਗ ਗਲੀ ਵਿਚ ਬਣ ਰਹੀ ਮਾਰਕੀਟਨੁਮਾ 10 ਦੁਕਾਨਾਂ ਦਾ ਕੁੱਝ ਹਿੱਸਾ ਤੋੜਨ ਦੇ ਨਾਂ 'ਤੇ ਖਾਨਾਪੂਰਤੀ ਕੀਤੀ ਗਈ ਜਦੋਂਕਿ ਪਾਰਕਿੰਗ ਲਈ ਕੋਈ ਜਗ੍ਹਾ ਨਾ ਛੱਡਣ ਕਾਰਨ ਇਹ ਨਿਰਮਾਣ ਨਾਨ-ਕੰਪਾਊਂਡੇਬਲ ਕੈਟਾਗਰੀ ਵਿਚ ਆਉਂਦੇ ਹਨ।


Related News