ਬੈਂਕ ਸੋਸਾਇਟੀ ਦਾ ਮੈਨੇਜਰ ਲੋਕਾਂ ਦੇ 3 ਕਰੋੜ ਰੁਪਏ ਲੈ ਕੇ ਫਰਾਰ

06/19/2018 3:38:28 AM

ਬਠਿੰਡਾ(ਅਬਲੂ) - ਬੈਂਕ ਸੋਸਾਇਟੀ ਦਾ ਮੈਨੇਜਰ ਲੋਕਾਂ ਦੇ 3 ਕਰੋੜ ਰੁਪਏ ਲੈ ਕੇ ਫਰਾਰ ਹੋ ਗਿਆ। ਪੁਲਸ ਜਾਂਚ 'ਚ ਜੁਟੀ ਹੋਈ ਹੈ ਪਰ ਪੀੜਤ ਨੇ ਪੁਲਸ 'ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ। ਇਸ ਸਬੰਧੀ ਪੰਜਾਬ ਨੈਸ਼ਨਲ ਬੈਂਕ ਦੇ ਰਿਟਾਇਰ ਅਸਿਸਟੈਂਟ ਮੈਨੇਜਰ ਬੀ. ਕੇ. ਅਗਰਵਾਲ ਵਾਸੀ ਠਾਕੁਰ ਕਾਲੋਨੀ, ਗਲੀ ਨੰਬਰ-2 ਨੇ ਕਿਹਾ ਕਿ ਉਨ੍ਹਾਂ ਆਪਣੀ ਰਿਟਾਇਰਮੈਂਟ ਦੀ ਰਾਸ਼ੀ 'ਚੋਂ 5 ਲੱਖ ਰੁਪਏ ਤੇ ਆਪਣੀ ਬੇਟੀ ਮੀਨਾ ਅਗਰਵਾਲ ਦੇ 8 ਲੱਖ ਰੁਪਏ ਇਕ ਸੋਸਾਇਟੀ ਜਿਸ ਦਾ ਨਾਂ 'ਬੈਂਕ ਸਟਾਫ ਕੋ-ਆਪਰੇਟਿਵ ਅਰਬਨ ਥਰਿਫਟ ਤੇ ਕਰੈਡਿਟ ਸੋਸਾਇਟੀ ਲਿਮਟਿਡ' ਹੈ 'ਚ ਲਾਏ। ਉਨ੍ਹਾਂ ਕਿਹਾ ਕਿ ਇਹ ਸੋਸਾਇਟੀ ਰਿਟਾਇਰ ਬੈਂਕ ਅਧਿਕਾਰੀਆਂ ਵੱਲੋਂ ਚਲਾਈ ਜਾ ਰਹੀ ਹੈ। ਇਸ 'ਚ ਇਕ ਮੈਨੇਜਰ ਦੇਵੀ ਚੰਦ ਰੱਖਿਆ ਹੋਇਆ ਸੀ, ਜਿਸ ਕੋਲ ਸੋਸਾਇਟੀ ਦਾ ਸਾਰਾ ਹਿਸਾਬ-ਕਿਤਾਬ ਸੀ। ਪਿਛਲੇ ਕਈ ਸਾਲਾਂ ਤੋਂ ਇਹ ਸੋਸਾਇਟੀ ਵਧੀਆ ਚੱਲ ਰਹੀ ਸੀ, ਜਿਸ 'ਚ ਤਕਰੀਬਨ 52 ਲੋਕਾਂ ਵੱਲੋਂ ਪੈਸਾ ਲਾਇਆ ਗਿਆ ਸੀ ਜੋ 3 ਕਰੋੜ ਦੇ ਲਗਪਗ ਬਣਦਾ ਹੈ। ਅੱਜ ਜਦ ਮੈਂ ਆਪਣੀ ਐੱਫ. ਡੀ. ਆਰ. ਜਿਸ ਦੀ ਕੀਮਤ 59,970 ਰੁਪਏ ਹੈ, ਰੀਨਿਊ ਕਰਾਉਣ ਲਈ ਗਿਆ ਪਰ ਦਫਤਰ ਬੰਦ ਪਿਆ ਸੀ। ਮੈਂ ਮੈਨੇਜਰ ਦੇਵੀ ਚੰਦ ਨਾਲ ਫੋਨ 'ਤੇ ਸੰਪਰਕ ਕਰਨਾ ਚਾਹਿਆ ਪਰ ਫੋਨ ਬੰਦ ਆ ਰਿਹਾ ਸੀ, ਜਦੋਂ ਕਈ ਦਿਨ ਦਫਤਰ ਨਹੀਂ ਖੁੱਲ੍ਹਿਆ ਤਾਂ ਮੈਨੂੰ ਸ਼ੱਕ ਹੋਇਆ ਕਿ ਕੋਈ ਗੜਬੜ ਹੈ, ਮੈਂ ਤੁਰੰਤ ਆਪਣੇ ਸਾਥੀਆਂ ਸਵਿੰਦਰ ਬਾਂਸਲ, ਅਮਰ ਚੰਦ ਗੋਇਲ, ਬਲਜਿੰਦਰ ਸਿੰਘ ਤੇ ਗੁਰਮੇਲ ਸਿੰਘ ਨਾਲ ਸੰਪਰਕ ਕੀਤਾ ਕਿਉਂਕਿ ਉਨ੍ਹਾਂ ਦੀ ਵੀ ਕਾਫੀ ਰਾਸ਼ੀ ਇਸ ਸੋਸਾਇਟੀ 'ਚ ਲੱਗੀ ਹੈ। ਅਸੀਂ ਸਾਰਿਆਂ ਨੇ ਰਲ ਕੇ ਬਠਿੰਡਾ ਸ਼ਹਿਰ ਦੇ ਐੱਸ. ਪੀ. ਸਿਟੀ ਗੁਰਮੀਤ ਸਿੰਘ ਨੂੰ ਮਿਲੇ ਤੇ ਲਿਖਤੀ ਸ਼ਿਕਾਇਤ ਦਿੱਤੀ, ਜਿਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ ਪਰ ਅੱਜ ਇਕ ਹਫਤਾ ਬੀਤ ਜਾਣ 'ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਸਾਡਾ ਵਫਦ ਅੱਜ ਐੱਸ. ਐੱਸ. ਪੀ. ਨਵੀਨ ਸਿੰਗਲਾ ਨੂੰ ਵੀ ਮਿਲਿਆ ਤੇ ਸਾਰੀ ਕਹਾਣੀ ਦੱਸੀ। ਉਨ੍ਹਾਂ ਵੱਲੋਂ ਵੀ ਕੁਝ ਦਿਨ ਉਡੀਕ ਕਰਨ ਲਈ ਕਿਹਾ। ਪਤਾ ਲੱਗਾ ਹੈ ਕਿ ਕਰਮਚਾਰੀ ਦੇਵੀ ਚੰਦ ਅਬੋਹਰ ਦਾ ਰਹਿਣ ਵਾਲਾ ਹੈ ਤੇ ਅਬੋਹਰ ਤੋਂ ਵੀ ਕਈ ਲੋਕਾਂ ਨੇ ਇਸ ਸੋਸਾਇਟੀ 'ਚ ਪੈਸਾ ਲਾਇਆ ਹੋਇਆ ਸੀ, ਜਦੋਂ ਦੇਵੀ ਚੰਦ ਰਾਤ ਨੂੰ ਆਪਣਾ ਘਰ ਦਾ ਸਾਮਾਨ ਚੁੱਕ ਕੇ ਜਾਣ ਲੱਗਾ ਤਾਂ ਲੋਕਾਂ ਨੇ ਰੌਲਾ ਪਾ ਦਿੱਤਾ ਤੇ ਪੁਲਸ ਨੂੰ ਬੁਲਾ ਲਿਆ ਤੇ ਥਾਣੇ ਫੜਾ ਦਿੱਤਾ ਪਰ ਕੁਝ ਸਮੇਂ ਬਾਅਦ ਹੀ ਉਸ ਨੂੰ ਛੱਡ ਦਿੱਤਾ ਗਿਆ, ਜਿਸ ਬਾਰੇ ਹੁਣ ਕੋਈ ਅਤਾ-ਪਤਾ ਨਹੀਂ ਹੈ। ਉਨ੍ਹਾਂ ਐੱਸ. ਐੱਸ. ਪੀ. ਸਾਹਿਬ ਬਠਿੰਡਾ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਸਾਡੀ ਮਿਹਨਤ ਦੀ ਕਮਾਈ ਵਾਪਿਸ ਦਿਵਾਉਣ 'ਚ ਮਦਦ ਕੀਤੀ ਜਾਵੇ। ਇਸ ਸਬੰਧ 'ਚ ਜਦੋਂ ਐੱਸ. ਐੱਸ. ਪੀ. ਨਵੀਨ ਸਿੰਗਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਕੇਸ ਦੀ ਬੜੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਕੇਸ ਰਜਿਸਟਰ ਕਰਨ ਲਈ ਹਿਦਾਇਤ ਕਰ ਦਿੱਤੀ ਗਈ ਹੈ।


Related News