ਸਤੰਬਰ ਤੱਕ ਲਾਗੂ ਹੋ ਸਕਦਾ ਹੈ ਮਾਰੀਜੁਆਨਾ ਸਬੰਧੀ ਕਾਨੂੰਨ : ਬਲੇਅਰ

06/19/2018 2:29:08 AM

ਓਟਾਵਾ— ਕੈਨੇਡਾ 'ਚ ਮਾਰੀਜੁਆਨਾ ਦੇ ਕਾਨੂੰਨੀਕਰਨ ਨੂੰ ਲੈ ਕੇ ਲੰਬੇ ਸਮੇਂ ਤੋਂ ਬਹਿਸ ਛਿੜੀ ਹੋਈ ਹੈ। ਮਾਰੀਜੁਆਨਾ ਬਿੱਲ ਪਾਸ ਹੋਣ ਕੰਢੇ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਸ ਹਫਤੇ ਦੇ ਆਖਿਰ ਤੱਕ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਵੇਂ ਬਿੱਲ ਨੂੰ ਸਰਕਾਰ ਸਤੰਬਰ 'ਚ ਲਾਗੂ ਕਰ ਦੇਵੇਗੀ।
ਮਾਰੀਜੁਆਨਾ ਕਾਨੂੰਨੀਕਰਨ 'ਤੇ ਲਿਬਰਲ ਐਮ.ਪੀ. ਬਿੱਲ ਬਲੇਅਰ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਲਾਗੂ ਕਰਨ ਦੀ ਤਰੀਕ ਸਰਕਾਰ ਤੈਅ ਕਰੇਗੀ। ਅਸੀਂ ਇਸ ਨੂੰ ਸਤੰਬਰ ਦੇ ਸ਼ੂਰੂ ਜਾਂ ਮੱਧ 'ਚ ਲਾਗੂ ਕਰਨਾ ਚਾਹੁੰਦੇ ਹਾਂ। 12 ਘੰਟੇ ਤੱਕ ਲਗਾਤਾਰ ਚੱਲੀ ਵੋਟਿੰਗ ਤੋਂ ਬਾਅਦ ਸ਼ੁੱਕਰਵਾਰ ਨੂੰ ਹਾਊਸ ਆਫ ਕਾਮਨਜ਼ ਦੀ ਕਾਰਵਾਈ ਬੰਦ ਕਰ ਦਿੱਤੇ ਜਾਣ ਤੋਂ ਬਾਅਦ ਕੈਨਾਬਿਸ ਐਕਟ ਅਜੇ ਵੀ ਅੱਧ ਵਿਚਾਲੇ ਹੀ ਰੁਕਿਆ ਪਿਆ ਹੈ।
ਬੁੱਧਵਾਰ ਨੂੰ ਲਿਬਰਲਾਂ ਨੇ ਸੈਨੇਟ ਵੱਲੋਂ ਬਿੱਲ ਸੀ-45 ਸਬੰਧੀ 40 ਤੋਂ ਵਧ ਕੀਤੀਆਂ ਸੋਧਾਂ 'ਤੇ ਪ੍ਰਤਿਕਿਰਿਆ ਪੇਸ਼ ਕੀਤੀ। ਸਰਕਾਰ 26 ਸੋਧਾਂ ਮੰਨਣ ਲਈ ਤਿਆਰ ਹੈ ਪਰ 13 ਸੋਧਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਹਾਊਸ ਆਫ ਕਾਮਨਜ਼ 'ਚ ਇਹ ਬਹਿਸ ਮੁੱਕਣ ਤੋਂ ਬਾਅਦ ਐਮਪੀਜ਼ ਇਸ ਲਈ ਵੋਟ ਕਰਨਗੇ ਤੇ ਫਿਰ ਇਹ ਮਾਮਲਾ ਸੈਨੇਟ ਕੋਲ ਜਾਵੇਗਾ। ਇਸ ਸਮੇਂ ਲਿਬਰਲਾਂ ਦੀ ਬਹੁਗਿਣਤੀ ਸਰਕਾਰ ਹੈ ਇਸ ਲਈ ਇਹ ਬਿੱਲ ਪਾਸ ਹੋਣ ਦੀ ਉਮੀਦ ਹੈ।


Related News