ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਵੱਲੋਂ ਭੱਠਿਅਾਂ ਤੇ ਸੀਮੈਂਟ ਫੈਕਟਰੀਆਂ ਦੀ ਜਾਂਚ

06/19/2018 2:10:26 AM

ਫ਼ਰੀਦਕੋਟ,    (ਹਾਲੀ)-  ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸੂਬਾ ਵਾਸੀਆਂ ਨੂੰ ਰਹਿਣ-ਸਹਿਣ ਲਈ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਫਰੀਦਕੋਟ ਦੇ ਦੋ ਭੱਠਾ ਮਾਲਕਾਂ ਨੂੰ ਨਿਯਮਿਤ ਤੌਰ ’ਤੇ ਕਾਲਾ ਧੂੰਆਂ ਛੱਡਣ ਕਾਰਨ ਉਨ੍ਹਾਂ ਖਿਲਾਫ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਦਿੱਤੀ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਫਰੀਦਕੋਟ ਵੱਲੋਂ ਐੱਸ. ਡੀ. ਓ. ਪ੍ਰਦੂਸ਼ਣ ਰੋਕਥਾਮ ਬੋਰਡ ਦੇ ਰੋਹਿਤ ਸਿੰਗਲਾ ਦੀ ਅਗਵਾਈ ਵਾਲੀ ਟੀਮ ਵੱਲੋਂ ਫਰੀਦਕੋਟ ਅਤੇ ਜੈਤੋ ਤਹਿਸੀਲ ’ਚ ਪੈਂਦੇ ਭੱਠਿਆਂ ਦੀ  ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਇਹ ਸਾਹਮਣੇ ਆਇਆ ਕਿ ਇਨ੍ਹਾਂ ਭੱਠਾ ਮਾਲਕਾਂ ਵੱਲੋਂ ਇੱਟਾਂ ਪਕਾਉਣ ਸਮੇਂ ਵਰਤੋਂ ’ਚ ਲਿਆਂਦੇ ਜਾਣ ਵਾਲੇ ਮਟੀਰੀਅਲ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਨਾ ਕਰਨ ਕਰ ਕੇ ਨਿਯਮਿਤ ਤੌਰ ’ਤੇ ਕਾਲਾ ਧੂੰਆਂ ਨਿਕਲਦਾ ਹੈ, ਜਿਸ ਨਾਲ ਹਵਾ ਪ੍ਰਦੂਸ਼ਣ ’ਚ ਵਾਧਾ ਹੁੰਦਾ ਅਤੇ ਲੋਕਾਂ ਨੂੰ ਇਸ ਨਾਲ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਵੱਲੋਂ ਕਾਲੇ ਧੂੰਏਂ ਨੂੰ ਕੰਟਰੋਲ ਕਰਨ ਲਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ ਸਨ।
 ਇਸ ਲਈ ਇਨ੍ਹਾਂ ਭੱਠਿਆਂ ਨੂੰ ਚਲਾਉਣ ਦੀ ਸਹਿਮਤੀ ਵਾਪਸ ਲਈ ਜਾਂਦੀ ਹੈ ਅਤੇ ਇਨ੍ਹਾਂ ਖਿਲਾਫ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। 
®®ਇਸ ਮੌਕੇ ਰੋਹਿਤ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਿਲੇ ਦੀਆਂ ਤਿੰਨ ਸੀਮੈਂਟ ਬਣਾਉਣ ਵਾਲੀਆਂ ਫੈਕਟਰੀਆਂ ਦਾ ਵੀ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ  ਵਰਤੀ ਜਾ ਰਹੀ ਮਸ਼ੀਨਰੀ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੀ ਵੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਇਮਾਰਤਾਂ ਅਤੇ ਸਡ਼ਕਾਂ ਦੀ ਟੀਮ ਨਾਲ ਕੋਟਕਪੂਰਾ ਤੇ ਫਰੀਦਕੋਟ ਵਿਖੇ ਬਣਾਏ ਜਾ ਰਹੇ ਪੁਲਾਂ ਦੇ ਨਿਰਮਾਣ ਕਾਰਜਾਂ ਵਿਚ ਨਿਯਮਤ ਤੌਰ ’ਤੇ ਪਾਣੀ ਦੇ ਕੀਤੇ ਜਾ ਰਹੇ ਛਿਡ਼ਕਾਅ ਦਾ ਵੀ ਨਿਰੀਖਣ ਕੀਤਾ ਅਤੇ ਕਿਹਾ ਕਿ ਕੰਮ ਦੇ ਪੂਰਾ ਹੋਣ ਤੱਕ ਇਸ ਚੈਕਿੰਗ ਨੂੰ ਜਾਰੀ ਰੱਖਿਆ ਜਾਵੇ। 
 


Related News