ਚੋਰੀ ਦੀਆਂ ਕਾਰਾਂ ਵੇਚਣ ਵਾਲੇ ਗਿਰੋਹ ਦੇ 5 ਮੈਂਬਰ ਨਾਮਜ਼ਦ

06/19/2018 1:52:48 AM

ਬਠਿੰਡਾ(ਸੁਖਵਿੰਦਰ)-ਥਾਣਾ ਕੋਤਵਾਲੀ ਪੁਲਸ ਨੇ ਚੋਰੀ ਦੀਆਂ ਕਾਰਾਂ ਖਰੀਦ ਕੇ ਜਾਅਲੀ ਰਜਿਸਟ੍ਰੇਸ਼ਨ 'ਤੇ ਵੇਚਣ ਵਾਲੇ ਗਿਰੋਹ ਦੇ 5 ਮੈਂਬਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਉਕਤ ਵਿਅਕਤੀ ਚੋਰਾਂ ਤੋਂ ਕਾਰਾਂ ਖਰੀਦ ਕੇ ਅੱਗੇ ਲੋਕਾਂ ਨੂੰ ਵੇਚਦੇ ਸਨ। ਪੁਲਸ ਨੇ ਮੁਖਬਰੀ ਦੇ ਆਧਾਰ 'ਤੇ ਪਰਵਿੰਦਰ ਕੁਮਾਰ ਵਾਸੀ ਮਲੋਟ, ਮਨਜੀਤ ਸਿੰਘ ਵਾਸੀ ਕੋਟਫੱਤਾ, ਹਰਦੀਪ ਸਿੰਘ ਵਾਸੀ ਗੋਨਿਆਣਾ, ਜਗਰੂਪ ਸਿੰਘ ਵਾਸੀ ਅਬਲੂ, ਪ੍ਰਿਤਪਾਲ ਸਿੰਘ ਵਾਸੀ ਬਠਿੰਡਾ ਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਚੋਰਾਂ ਤੋਂ ਖਰੀਦਦੇ ਸਨ ਕਾਰਾਂ : ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀਆਂ ਵੱਲੋਂ ਇਕ ਗਿਰੋਹ ਬਣਾਇਆ ਹੋਇਆ ਹੈ। ਮੁਲਜ਼ਮ ਚੋਰਾਂ ਤੋਂ ਸਸਤੇ ਰੇਟਾਂ 'ਤੇ ਚੋਰੀ ਦੀਆਂ ਕਾਰਾਂ ਖਰੀਦਦੇ ਹਨ। ਇਸ ਤੋਂ ਬਾਅਦ ਵਾਹਨਾਂ ਦਾ ਚੈੱਸੀ ਨੰਬਰ ਬਦਲ ਕੇ ਉਨ੍ਹਾਂ ਦੇ ਜਾਅਲੀ ਰਜਿਸਟ੍ਰੇਸ਼ਨ ਨੰਬਰ ਤਿਆਰ ਕਰਵਾਉਂਦੇ ਹਨ। ਪਛਾਣ ਨਾ ਹੋਣ ਕਾਰਨ ਮੁਲਜ਼ਮ ਉਕਤ ਵਾਹਨਾਂ ਨੂੰ ਬਾਜ਼ਾਰਾਂ ਤੇ ਹੋਰਨਾਂ ਇਲਾਕਿਆਂ 'ਚ ਸਸਤੇ ਰੇਟਾਂ 'ਤੇ ਵੇਚ ਦਿੰਦੇ ਸਨ। ਵਾਹਨ ਸਸਤੇ ਹੋਣ ਕਾਰਨ ਲੋਕ ਜਲਦੀ ਇਨ੍ਹਾਂ ਦੇ ਜਾਲ 'ਚ ਫਸ ਜਾਂਦੇ ਸਨ। ਇਸ 'ਚ ਹੋਰ ਵੀ ਕਾਫ਼ੀ ਲੋਕਾਂ ਦੇ ਸ਼ਾਮਲ ਹੋਣ ਦਾ ਅੰਦਾਜ਼ਾ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ।


Related News