ਸੰਗਰੂਰ, ਧੂਰੀ ਅਤੇ ਸੁਨਾਮ ਦੇ ਕੈਮਿਸਟਾਂ ਦੀਆਂ ਦੁਕਾਨਾਂ ’ਤੇ ਛਾਪੇ

06/19/2018 1:39:52 AM

ਸੰਗਰੂਰ, (ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ)– ‘ਤੰਦਰੁਸਤ ਪੰਜਾਬ’ ਮਿਸ਼ਨ  ਤਹਿਤ  ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤਿੰਨ ਵੱਖ-ਵੱਖ ਟੀਮਾਂ ਨੇ ਸੰਗਰੂਰ, ਧੂਰੀ ਅਤੇ ਸੁਨਾਮ ਦੇ ਕੈਮਿਸਟਾਂ ਦੀਆਂ ਦੁਕਾਨਾਂ ’ਤੇ ਛਾਪੇ ਮਾਰ ਕੇ ਦਵਾਈਆਂ ਦੇ ਨਮੂਨੇ ਲਏ। ਇਨ੍ਹਾਂ ਟੀਮਾਂ ਵਿਚ ਡਰੱਗ ਇੰਸਪੈਕਟਰ, ਤਹਿਸੀਲਦਾਰ ਅਤੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਸ਼ਾਮਲ ਸਨ। ਡਿਪਟੀ ਕਮਿਸ਼ਨਰ  ਥੋਰੀ ਨੇ ਦੱਸਿਆ ਕਿ ਅੱਜ ਇਨ੍ਹਾਂ ਟੀਮਾਂ ਨੇ ਲਗਭਗ 6 ਘੰਟੇ ਦਰਜਨ ਦੇ ਕਰੀਬ ਕੈਮਿਸਟਾਂ ਦੀ ਜਾਂਚ ਕੀਤੀ ਅਤੇ ਡਰੱਗ ਤੇ ਕਾਸਮੈਟਿਕਸ ਐਕਟ ਅਧੀਨ ਨਿਰਧਾਰਤ ਨਿਯਮਾਂ ਦੀ ਪਾਲਣਾ ਸਬੰਧੀ ਦਸਤਾਵੇਜ਼ਾਂ, ਦਵਾਈਆਂ ਆਦਿ ਦੀ ਡੂੰਘਾਈ ਨਾਲ ਪਡ਼ਤਾਲ ਕੀਤੀ। ਜਾਂਚ-ਪਡ਼ਤਾਲ ਦੌਰਾਨ ਪੰਜ ਦਵਾਈਆਂ  ਦੇ ਨਮੂਨੇ ਇਕੱਤਰ ਕੀਤੇ ਗਏ, ਜੋ ਕਿ ਜਾਂਚ ਲਈ ਗੌਰਮਿੰਟ ਐਨਾਲਿਸਟ ਪੰਜਾਬ ਨੂੰ ਟੈਸਟਿੰਗ ਨੂੰ ਭੇਜੇ ਜਾਣਗੇ ਅਤੇ ਜਾਂਚ ਸਬੰਧੀ ਰਿਪੋਰਟਾਂ ਅਗਲੇਰੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਭੇਜੀਆਂ  ਜਾਣਗੀਆਂ। ਇਨ੍ਹਾਂ ਜਾਂਚ ਟੀਮਾਂ ’ਚ ਸ਼ਾਮਲ ਡਰੱਗ ਇੰਸਪੈਕਟਰ ਸੰਗਰੂਰ, ਪਟਿਆਲਾ ਤੇ ਫਤਿਹਗਡ਼੍ਹ ਸਾਹਿਬ ਜ਼ਿਲਿਆਂ ਤੋਂ ਸਨ।  ਜਾਂਚ ਟੀਮਾਂ ਵਿਚ ਤਹਿਸੀਲਦਾਰ ਹਰਜੀਤ ਸਿੰਘ, ਤਹਿਸੀਲਦਾਰ ਗੁਰਜੀਤ ਸਿੰਘ, ਨਾਇਬ ਤਹਿਸੀਲਦਾਰ ਕੇ. ਕੇ. ਮਿੱਤਲ, ਜ਼ੈੱਡ. ਅੈੱਲ. ਏ. ਸ਼੍ਰੀਮਤੀ ਨਵਜੋਤ ਕੌਰ, ਡਰੱਗ ਇੰਸਪੈਕਟਰ ਕਰੁਣਾ ਗੁਪਤਾ, ਅਮਨਦੀਪ ਵਰਮਾ, ਨਵਪ੍ਰੀਤ ਸਿੰਘ ਵੀ ਸ਼ਾਮਲ ਸਨ।
 


Related News