ਹਾਦਸੇ ’ਚ ਵਾਲ-ਵਾਲ ਬਚਿਆ ਕਾਰ ਡਰਾਈਵਰ

06/19/2018 1:16:24 AM

ਹੁਸ਼ਿਆਰਪੁਰ, (ਅਮਰਿੰਦਰ)- ਟਾਂਡਾ ਰੋਡ ’ਤੇ ਬਾਜਵਾ ਪੈਟਰੋਲ ਪੰਪ ਤੋਂ ਲੈ ਕੇ ਭੰਗੀ ਚੋਅ ਪੁਲੀ ਤੱਕ ਟਰੈਫਿਕ ਲਾਈਟਾਂ  ਨਾ  ਲੱਗੀਆਂ  ਹੋਣ  ਕਾਰਨ ਕੋਈ ਰਾਤ ਅਜਿਹੀ ਨਹੀਂ ਲੰਘਦੀ ਜਦੋਂ ੲਿਸ ਸੜਕ ’ਤੇ ਕੋਈ ਗੰਭੀਰ ਹਾਦਸਾ ਨਾ ਹੋਇਆ ਹੋਵੇ। 
ਬੀਤੀ ਰਾਤ ਇਸ ਸਡ਼ਕ ’ਤੇ ਸਥਿਤ ਪਟੇਲ ਨਗਰ ਚੌਕ ਵਿਚ  ਰਾਤੀਂ 12.25 ਵਜੇ  ਇਕ ਬੇਕਾਬੂ ਟਰੱਕ ਤੇ ਕਾਰ ਵਿਚਕਾਰ  ਹੋਈ ਜ਼ੋਰਦਾਰ ਟੱਕਰ ’ਚ ਕਾਰ ਸਵਾਰ ਵਾਲ-ਵਾਲ ਬਚਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਪਟੇਲ ਨਗਰ, ਬੱਸੀ ਜਾਨਾ ਤੇ ਨਿਊ ਮਾਡਲ ਟਾਊਨ ਦੇ ਲੋਕ ਵੀ ਹਾਦਸਾ ਸਥਾਨ ’ਤੇ ਪਹੁੰਚ ਗਏ। ਕਾਰ ’ਚ ਫਸੇ ਡਰਾਈਵਰ ਜਸਵੀਰ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਤੱਖੀਪੁਰ ਨੂੰ ਬਡ਼ੀ ਮੁਸ਼ਕਲ ਨਾਲ ਬਾਹਰ ਕੱਢ ਕੇ ਹਾਦਸੇ ਦੀ ਸੂਚਨਾ ਥਾਣਾ ਮਾਡਲ ਟਾਊਨ ਦੀ ਪੁਲਸ ਨੂੰ ਦਿੱਤੀ ਗਈ।
ਪਠਾਨਕੋਟ ਤੋਂ ਪਿੰਡ ਜਾ ਰਿਹਾ ਸੀ ਕਾਰ ਡਰਾਈਵਰ : ਘਟਨਾ ਸਥਾਨ ’ਤੇ ਪਹੁੰਚੀ ਪੁਲਸ ਨੂੰ ਜ਼ਖ਼ਮੀ ਕਾਰ ਚਾਲਕ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਪਠਾਨਕੋਟ ਤੋਂ ਆਪਣੇ ਪਿੰਡ ਤੱਖੀਪੁਰ ਵਾਪਸ ਜਾ ਰਿਹਾ ਸੀ  ਕਿ ਰਾਤ ਦੇ ਹਨੇਰੇ ਵਿਚ  ਸਾਹਮਣਿਓਂ  ਆਏ ਬੇਕਾਬੂ ਟਰੱਕ  ਦਾ ਡਰਾਈਵਰ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪਰਮਾਤਮਾ ਦੀ ਮਿਹਰ ਨਾਲ ਮੈਂ ਹਾਦਸੇ ’ਚ ਬਚ ਗਿਆ ਹਾਂ। ਮੈਂ ਕੋਈ ਪੁਲਸ ਕੇਸ ਨਹੀਂ ਕਰਨਾ ਚਾਹੁੰਦਾ।
ਟਰੈਫਿਕ ਲਾਈਟਾਂ ਨੂੰ ਲੈ ਕੇ ਪ੍ਰਸ਼ਾਸਨ ਨਹੀਂ ਗੰਭੀਰ : ਹਾਦਸਾ ਸਥਾਨ ’ਤੇ ਪਟੇਲ ਨਗਰ ਤੇ ਨਿਊ ਮਾਡਲ ਟਾਊਨ ਦੇ ਲੋਕਾਂ ਨੇ ਦੋਸ਼ ਲਾਇਆ ਕਿ ਤਿੱਖਾ ਮੋਡ਼ ਹੋਣ ਕਾਰਨ ਇਸ ਜਗ੍ਹਾ ’ਤੇ ਨਾ ਸਿਰਫ਼ ਰੋਜ਼ਾਨਾ ਹਾਦਸਾ ਹੁੰਦਾ ਹੈ ਸਗੋਂ ਰਾਤ ਦੇ ਹਨੇਰੇ ’ਚ ਅਕਸਰ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਨਾ ਤਾਂ ਨਗਰ ਨਿਗਮ ਅਤੇ ਨਾ ਹੀ ਜ਼ਿਲਾ ਪ੍ਰਸ਼ਾਸਨ ਪਟੇਲ ਨਗਰ ਚੌਕ ਤੇ ਭੰਗੀ ਚੋਅ ਪੁਲ ਨਜ਼ਦੀਕ ਟਰੈਫਿਕ ਲਾਈਟਾਂ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।  ਉਨ੍ਹਾਂ ਨਗਰ ਨਿਗਮ ਤੇ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਸਡ਼ਕ ’ਤੇ ਨਾ ਸਿਰਫ਼  ਟਰੈਫਿਕ ਲਾਈਟਾਂ ਲਾਈਆਂ  ਜਾਣ, ਸਗੋਂ ਬੰਦ ਪਈਆਂ ਟਰੈਫਿਕ ਲਾਈਟਾਂ ਨੂੰ ਠੀਕ ਵੀ ਕੀਤਾ ਜਾਵੇ।


Related News