ਹਨੀਟਰੈਪ ’ਚ ਫਸਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 3 ਕਾਬੂ

06/19/2018 1:10:00 AM

ਭਦੌਡ਼, (ਰਾਕੇਸ਼)–  ਥਾਣਾ ਭਦੌਡ਼ ਦੀ ਪੁਲਸ ਨੇ ਹਨੀਟਰੈਪ  ’ਚ  ਫਸਾ  ਕੇ ਬਲੈਕਮੇਲਿੰਗ ਦਾ ਧੰਦਾ ਕਰਨ ਵਾਲੇ ਗਿਰੋਹ ਨੂੰ ਗ੍ਰਿਫਤਾਰ ਕੀਤਾ  ਹੈ।
 ਥਾਣਾ ਭਦੌਡ਼ ਦੇ ਸਬ-ਇੰਸਪੈਕਟਰ ਪ੍ਰਗਟ ਸਿੰਘ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਪ੍ਰਵੀਨ ਕੁਮਾਰ ਪੁੱਤਰ ਰਾਮ ਸਰੂਪ  ਵਾਸੀ ਧਨੌਲਾ ਨੇ ਪੁਲਸ  ਨੂੰ  ਬਿਆਨ ਦਿੰਦਿਅਾਂ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਉਸ ਨੂੰ ਇਕ ਅਣਪਛਾਤੀ ਅੌਰਤ ਦਾ ਮਿਲਣ ਲਈ ਫੋਨ ਆਇਆ।  ਉਹ ਉਕਤ ਅੌਰਤ ਨੂੰ ਮਿਲਣ ਲਈ ਸ਼ਹਿਣਾ ਵਿਖੇ ਪਹੁੰਚ ਗਿਆ ਪਰ ਉਕਤ ਅੌਰਤ ਨੇ ਸ਼ਹਿਣਾ ਦੀ ਬਜਾਏ ਤਪਾ ਰੋਡ ਵਿਖੇ ਆਉਣ ਲਈ ਕਿਹਾ  ਅਤੇ  ਉਹ ਉਥੇ ਚਲਿਆ ਗਿਆ, ਜਿਥੇ ਉਹ ਉਸ ਨੂੰ ਇਕ ਘਰ ’ਚ ਲੈ ਗਈ। ਥੋਡ਼੍ਹੇ ਸਮੇਂ ਬਾਅਦ ਹੀ 4 ਅਣਪਛਾਤੇ ਵਿਅਕਤੀ ਉਕਤ ਘਰ ਵਿਚ ਪਹੁੰਚੇ ਅਤੇ ਉਸ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਜ਼ਬਰਦਸਤੀ ਉਸ ਦੇ ਕੱਪਡ਼ੇ ਪਾੜ ਕੇ ਮੋਬਾਇਲ ਰਾਹੀਂ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਕਤ ਗਿਰੋਹ ਨੇ  ਉਸ ਕੋਲੋਂ ਇਕ ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ  ਅਤੇ  ਲੱਖ ਰੁਪਏ ਨਾ ਦੇਣ ’ਤੇ ਵੀਡੀਓ  ਸੋਸ਼ਲ  ਮੀਡੀਆ  ’ਤੇ  ਪਾਉਣ  ਦੀ  ਚਿਤਾਵਨੀ  ਦਿੱਤੀ। ਉਸ ਤੋਂ ਬਾਅਦ ਉਸ ਦੀ ਜੇਬ ਵਿਚੋਂ 15 ਹਜ਼ਾਰ ਰੁਪਏ ਕੱਢ ਲਏ ਅਤੇ ਉਸ ਦਾ ਮੋਟਰਸਾਈਕਲ ਵੀ ਰੱਖ ਲਿਆ। 
ਪਹਿਲਾਂ ਵੀ ਦਿੱਤਾ ਸੀ ਅਜਿਹੀ ਵਾਰਦਾਤ ਨੂੰ ਅੰਜਾਮ
 ਸਬ-ਇੰਸਪੈਕਟਰ ਨੇ ਦੱਸਿਆ ਕਿ ਪਡ਼ਤਾਲ ਕਰਨ ’ਤੇ ਪਤਾ ਲੱਗਿਆ ਕਿ ਉਕਤ ਗਿਰੋਹ ਨੇ ਹਰਵਿੰਦਰ ਸਿੰਘ ਵਾਸੀ ਜੰਗੀਆਣਾ ਨਾਲ ਵੀ ਇਸ ਤਰ੍ਹਾਂ ਦੀ ਵਾਰਦਾਤ ਕੀਤੀ ਸੀ ਅਤੇ ਉਸ ਦਾ ਮੋਬਾਇਲ ਅਤੇ ਇਕ ਚੈੱਕ ਆਪਣੇ ਕਬਜ਼ੇ ’ਚ ਲੈ ਲਿਆ ਸੀ ਅਤੇ ਮੋਟੀ ਰਕਮ ਦੀ ਮੰਗ ਕੀਤੀ  ਸੀ। ਉਕਤ ਗਿਰੋਹ ਵੱਲੋਂ ਆਮ ਲੋਕਾਂ ਨੂੰ ਝਾਂਸੇ ਵਿਚ ਫਸਾ ਕੇ ਪਿਛਲੇ ਕਾਫੀ ਸਮੇਂ ਤੋਂ ਅਜਿਹੀਆਂ   ਵਾਰਦਾਤਾਂ ਕਰ ਕੇ ਮੋਟੀ ਰਕਮ ਵਸੂਲੀ ਜਾਂਦੀ ਸੀ। 
2 ਔਰਤਾਂ ਸਣੇ 4 ਦੀ ਗ੍ਰਿਫਤਾਰੀ ਬਾਕੀ
 ਸਬ-ਇੰਸਪੈਕਟਰ ਨੇ ਦੱਸਿਆ ਕਿ ਇਸ ਗਿਰੋਹ ਵਿਚ ਸ਼ਾਮਲ ਇਕ ਅੌਰਤ ਅਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਅਾ ਹੈ ਅਤੇ ਬਾਕੀ ਇਸ ਗਿਰੋਹ ਦੀਆਂ 2 ਅੌਰਤਾਂ ਅਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ।  ਇਸ ਗਿਰੋਹ ਵੱਲੋਂ ਹਰਵਿੰਦਰ ਸਿੰਘ ਵਾਸੀ ਜੰਗੀਆਣਾ ਤੋਂ ਵਸੂਲ  ਕੀਤੇ ਗਏ ਪੈਸੇ ਅਤੇ ਉਸ ਤੋਂ ਖੋਹਿਆ ਗਿਆ ਮੋਬਾਇਲ ਵੀ ਬਰਾਮਦ ਕਰ ਲਿਆ ਗਿਆ ਹੈ ਅਤੇ  ਅਗਲੇਰੀ ਪੁੱਛਗਿੱਛ ਜਾਰੀ ਹੈ। 
 ਏ. ਐੱਸ. ਆਈ. ਹਰਬੰਸ ਸਿੰਘ ਨੇ ਪ੍ਰਵੀਨ ਕੁਮਾਰ ਪੁੱਤਰ ਰਾਮ ਸਰੂਪ ਵਾਸੀ ਧਨੌਲਾ ਦੇ ਬਿਆਨਾਂ  ’ਤੇ ਮਨਜੀਤ ਕੌਰ ਪਤਨੀ ਮੰਦਿਰ ਸਿੰਘ ਵਾਸੀ ਭਦੌਡ਼, ਬਾਰਾ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਰੂਡ਼ੇਕੇ ਕਲਾਂ, ਸੁਰਿੰਦਰ ਸਿੰਘ ਪੁੱਤਰ ਜਾਬਰ ਸਿੰਘ ਵਾਸੀ ਬਰਨਾਲਾ, ਹਰਪ੍ਰੀਤ ਸਿੰਘ ਅਤੇ ਅਾਜ਼ਦ ਮੁਹੰਮਦ ਪੁੱਤਰ ਕਾਲੇ ਖਾਂ ਵਾਸੀ ਜੰਗੀਆਣਾ ਅਤੇ ਇਸ ਤੋਂ ਇਲਾਵਾ ਇਕ ਅਣਪਛਾਤੀ ਅੌਰਤ  ਖਿਲਾਫ ਥਾਣਾ ਭਦੌਡ਼ ਵਿਖੇ  ਪਰਚਾ ਦਰਜ ਕੀਤਾ ਗਿਆ ਹੈ।
 ਇਸ ਮੌਕੇ ਏ. ਐੱਸ. ਆਈ. ਬਲਵਿੰਦਰ ਸਿੰਘ, ਏ. ਐੱਸ. ਆਈ. ਹਰਬੰਸ  ਸਿੰਘ, ਮੁਨਸ਼ੀ ਰਣਜੀਤ ਸਿੰਘ, ਸਹਾਇਕ ਮੁਨਸ਼ੀ ਹਰਦੀਪ ਸਿੰਘ, ਦਲਜੀਤ ਸਿੰਘ, ਸੁਖਰਾਜ ਸਿੰਘ,  ਰਮਨਦੀਪ ਕੌਰ ਕਾਂਸਟੇਬਲ, ਕਾਕੂ ਰਾਮ ਆਦਿ ਹਾਜ਼ਰ ਸਨ। 
 


Related News