ਟਰਾਂਸਫਾਰਮਰ ਦੀ ਸ਼ਿਫਟਿੰਗ ਨੂੰ ਲੈ ਕੇ ਪ੍ਰਲਾਹਦ ਨਗਰ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ

06/19/2018 1:06:35 AM

ਹੁਸ਼ਿਆਰਪੁਰ, (ਅਮਰਿੰਦਰ)- ਸ਼ਹਿਰ ਦੇ ਵਾਰਡ ਨੰ. 35 ਪ੍ਰਲਾਹਦ ਨਗਰ ’ਚ ਅੱਜ ਦੁਪਹਿਰ ਸਮੇਂ ਗਲੀ ਨੰ. 2 ਵਾਸੀਆਂ ਨੇ  ਕੌਂਸਲਰ ਨਿਪੁਨ ਸ਼ਰਮਾ ਨਾਲ ਟਰਾਂਸਫਾਰਮਰ ਨੂੰ ਸ਼ਿਫਟ  ਕਰਨ  ਦੀ ਮੰਗ ਕਰਦਿਆਂ ਜ਼ਿਲਾ ਪ੍ਰਸ਼ਾਸਨ ਅਤੇ ਪਾਵਰਕਾਮ ਖਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਮੁਹੱਲੇ ਦੇ ਲੋਕਾਂ ਸਮੇਤ ਨਿਪੁਨ ਸ਼ਰਮਾ ਨੇ ਦੋਸ਼ ਲਾਇਆ ਕਿ ਪਾਵਰਕਾਮ  ਅਧਿਕਾਰੀ ਵਿਧਾਨ ਸਭਾ ਪਟੀਸ਼ਨ ਕਮੇਟੀ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਅਤੇ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਪ੍ਰਲਾਹਦ ਨਗਰ ਵਾਸੀਆਂ ਮਹਿੰਦਰ ਪਥਰੀਆ, ਮਨਦੀਪ ਸਿੰਘ, ਰਾਮ ਲਾਲ, ਪੂਜਾ, ਕੁਲਦੀਪ ਸਿੰਘ, ਪ੍ਰੇਮ ਠਾਕੁਰ, ਸੁਨੀਤਾ,  ਰੇਣੂ ਬਾਲਾ, ਨੀਤੂ, ਅਜੈ ਠਾਕੁਰ, ਜੀਵਨ ਪਥਰੀਆ, ਯਸ਼ਪਾਲ ਸਰਦਾਨਾ ਅਤੇ ਕੌਂਸਲਰ ਨਿਪੁਨ ਸ਼ਰਮਾ ਨੇ ਕਿਹਾ ਕਿ ਗਲੀ ’ਚ ਮਕਾਨ ਦੇ ਨਾਲ ਲੱਗਦੇ ਟਰਾਂਸਫਾਰਮਰ ਕਾਰਨ  ਬਰਸਾਤਾਂ ਵਿਚ ਨਾ ਸਿਰਫ ਘਰ ਦੀ ਕੰਧ ’ਚ ਕਰੰਟ ਆ ਜਾਂਦਾ ਹੈ, ਸਗੋਂ  ਗਲੀ ਵਾਸੀਆਂ ਨੂੰ ਹਮੇਸ਼ਾ ਕੋਈ ਨਾ ਕੋਈ ਹਾਦਸਾ  ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ 25 ਸਾਲ ਪਹਿਲਾਂ ਵੀ ਅਸੀਂ ਇਥੇ  ਟਰਾਂਸਫਾਰਮਰ  ਲਾਉਣ ਦਾ ਵਿਰੋਧ ਕੀਤਾ ਸੀ  ਪਰ  ਅੱਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। 
ਟਰਾਂਸਫਾਰਮਰ ਨੂੰ  ਸ਼ਿਫਟ  ਕਰਨ  ਲਈ ਸਾਮਾਨ ਵੀ ਹੋ ਚੁੱਕਿਐ ਜਾਰੀ : ਕੌਂਸਲਰ ਸ਼ਰਮਾ ਨੇ ਕਿਹਾ ਕਿ ਸਾਲ 2016 ਵਿਚ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ  ਸੰਗਤ ਦਰਸ਼ਨ ਕਰਨ ਆਏ ਸਨ ਤਾਂ ਉਨ੍ਹਾਂ 3.50 ਲੱਖ ਰੁਪਏ ਜਾਰੀ ਕਰਨ ਦਾ ਐਲਾਨ ਕਰ ਕੇ ਪਾਵਰਕਾਮ ਨੂੰ ਟਰਾਂਸਫਾਰਮਰ ਨੂੰ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ ਸਨ   ਪਰ ਚੋਣਾਂ ਤੋਂ ਬਾਅਦ ਸਰਕਾਰ ਬਦਲਦਿਆਂ ਹੀ ਫੰਡ ਵਾਪਸ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਰਾਹੀਂ ਵੀ ਨਗਰ ਨਿਗਮ ਨੂੰ ਫੰਡ ਦੇਣ ਦੀ ਮੰਗ  ਕੀਤੀ ਗਈ   ਪਰ ਨਿਗਮ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪਾਵਰਕਾਮ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਆਪਣੇ ਖਰਚੇ ’ਤੇ ਟਰਾਂਸਫਾਰਮਰ ਨੂੰ ਸ਼ਿਫਟ ਕਰੇ। ਨਿਰਦੇਸ਼ ਮਿਲਣ ਤੋਂ ਬਾਅਦ ਪੋਲ ਤੇ ਲੋਡ਼ੀਂਦਾ ਸਾਮਾਨ ਵੀ ਜਾਰੀ ਹੋ ਗਿਆ ਸੀ ਪਰ  ਪਾਵਰਕਾਮ ਵੱਲੋਂ ਫਿਰ ਇਸ ਮਾਮਲੇ ਨੂੰ ਲਟਕਾਅ ਦਿੱਤਾ ਗਿਆ। 


Related News