ਜ਼ਿਲੇ ਭਰ ’ਚ ਦਵਾਈਅਾਂ ਦੀਆਂ ਦੁਕਾਨਾਂ ਦੀ ਚੈਕਿੰਗ

06/19/2018 12:21:33 AM

ਰੂਪਨਗਰ, (ਕੈਲਾਸ਼)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਅੱਜ ਰੂਪਨਗਰ ਜ਼ਿਲੇ ’ਚ ਸਿਹਤ ਵਿਭਾਗ ਦੀ ਇੱਕ ਟੀਮ ਵੱਲੋਂ ਸਹਾਇਕ ਕਮਿਸ਼ਨਰ (ਜ) ਦੀ ਅਗਵਾਈ ਹੇਠ ਜ਼ਿਲੇ ’ਚ 10 ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਬੰਸ ਸਿੰਘ ਸਹਾਇਕ ਕਮਿਸ਼ਨਰ (ਜ) ਨੇ ਦੱਸਿਆ ਕਿ ਉਨ੍ਹਾਂ ਨਾਲ ਅੱਜ ਮਨਪ੍ਰੀਤ ਕੌਰ ਅਤੇ ਅਮਿਤ ਲਖਨਪਾਲ ਡਰੱਗ ਕੰੰਟਰੋਲ ਅਫਸਰ ਮੋਹਾਲੀ ਨਾਲ ਸਨ। ਅੱਜ ਦੀ ਚੈਕਿੰਗ ਦੌਰਾਨ ਰੂਪਨਗਰ ਸ਼ਹਿਰ ਦੇ 2 ਮੈਡੀਕਲ ਸਟੋਰ ਅਤੇ 4 ਮੈਡੀਕਲ ਸਟੋਰ  ਸ੍ਰੀ ਚਮਕੌਰ ਸਾਹਿਬ ਵਿਖੇ ਚੈੱਕ ਕੀਤੇ ਗਏ। ਉਨ੍ਹਾਂ ਦੱਸਿਆ ਕਿ ਬਲਰਾਮ ਲੁਥਰਾ ਡਰੱਗ ਕੰੰਟਰੋਲ ਅਫਸਰ ਰੂਪਨਗਰ ਅਤੇ ਤੇਜਿੰਦਰ ਸਿੰਘ ਡਰੱਗ ਕੰੰਟਰੋਲ ਅਫਸਰ ਐੱਸ.ਬੀ.ਐੱਸ. ਨਗਰ ਅਾਧਾਰਿਤ ਦੂਸਰੀ ਟੀਮ ਵੱਲੋਂ ਨੰਗਲ ਸ਼ਹਿਰ ਦੇ 4 ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। 
ਉਨ੍ਹਾਂ ਕਿਹਾ ਕਿ ਇਸ ਜਾਂਚ ਦੌਰਾਨ 4 ਮੈਡੀਕਲ ਸਟੋਰਾਂ ਦਾ ਰਿਕਾਰਡ ਅਪ ਟੂ ਡੇਟ ਨਹੀਂ ਸੀ ਜੋ ਕਿ ਡਰੱਗ ਅਤੇ ਕੋਸਮੈਟਿਕ ਉਲੰਘਣਾ ਅਧੀਨ ਆਉਂਦੀ ਹੈ ਅਤੇ ਇਸ ਬਾਰੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਨੂੰ ਅਗਲੇਰੀ ਕਾਰਵਾਈ ਹਿੱਤ ਲਿਖ ਦਿੱਤਾ ਗਿਆ ਹੈ। ਸਹਾਇਕ ਕਮਿਸ਼ਨਰ (ਜ) ਨੇ ਕਿਹਾ ਕਿ ਇਹ ਚੈਕਿੰਗ ਤੰਦਰੁਸਤ ਮੁਹਿੰਮ ਅਧੀਨ ਭਵਿੱਖ ਵਿਚ ਜਾਰੀ ਰਹੇਗੀ ਅਤੇ ਕਿਸੇ ਵੀ ਮੈਡੀਕਲ ਸਟੋਰ ਮਾਲਕ ਨੂੰ ਐੱਨ.ਡੀ.ਪੀ.ਐੱਸ. ਐਕਟ ਅਧੀਨ ਆਉਂਦੀਆਂ ਦਵਾਈਆਂ ਅਤੇ ਗੈਰਮਿਆਰੀ ਦਵਾਈਆਂ ਦੀ ਵਿਕਰੀ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ।
ਚੈਕਿੰਗ ਦਾ ਵਿਰੋਧ :  ਇਸ ਸਬੰਧ ’ਚ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਦੁੱਗਲ ਨੇ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸਾਸ਼ਨ ਦੁਆਰਾ ਸਾਂਝੇ ਰੂਪ ਨਾਲ ਜਾਰੀ ਕੀਤੀ ਗਈ ਦਵਾਈ ਵਿਕਰੇਤਾਵਾਂ ਦੀ ਚੈਕਿੰਗ ਦਾ ਸਖਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਉਨ੍ਹਾਂ ਨੂੰ ਐੱਨ.ਡੀ.ਪੀ.ਸੀ. ਐੱਸ ਐਕਟ ਅਤੇ ਟੀ. ਬੀ. ਦੀਆਂ ਦਵਾਈਆਂ ਸਬੰਧੀ ਵਿੱਕਰੀ ਤੇ ਸਹਿਯੋਗ ਮੰਗ ਰਹੀ ਹੈ ਪਰ ਦੂਜੇ ਪਾਸੇ ਉਕਤ ਪ੍ਰਕਾਰ ਦੀ ਸ਼ੁਰੂ ਕੀਤੀ ਗਈ ਕਾਰਵਾਈ ਕੈਮਿਸਟਾਂ ਨੂੰ ਬਦਨਾਮ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਕੈਮਿਸਟਾਂ ਦੀਆਂ ਦੁਕਾਨਾਂ ਤੇ ਜ਼ਿਲਾ ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਪੁਲਸ ਕਰਮਚਾਰੀਆਂ ਨੂੰ ਭੇਜਣਾ ਬੰਦ ਨਾ ਕੀਤਾ ਤਾਂ ਕਮਿਸਟਾਂ ਨੂੰ ਮਜਬੂਰਨ ਹਡ਼ਤਾਲ ਕਰਨੀ ਪਵੇਗੀ ਜਿਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਆਲ ਇੰਡੀਆ ਆਰਗੇਨਾਈਜੇਸ਼ਨ  ਆਫ ਕੈਮਿਸਟ ਐਂਡ ਡਰੱਗਿਸਟ (ਏਆਈਓਸੀਡੀ)  ਦੀ ਅਾਗਾਮੀ ਮੀਟਿੰਗ ’ਚ ਵੀ ਇਸ ਸਬੰਧ ’ਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਉਸ ਦੇ ਬਾਅਦ ਅਗਲੀ ਰਣਨੀਤੀ ਤਿਆਰੀ ਕੀਤੀ ਜਾਵੇਗੀ। 


Related News